
ਨਵੀਂ ਦਿੱਲੀ, 26 ਫਰਵਰੀ – ਕੇਂਦਰ ਸਰਕਾਰ ਨੇ ਕਸ਼ਮੀਰ ਘਾਟੀ ਵਿੱਚ ਤਾਇਨਾਤ ਕੇਂਦਰੀ ਕਰਮਚਾਰੀਆਂ ਲਈ ਪ੍ਰੋਤਸਾਹਨ ਪੈਕੇਜ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਪੈਕੇਜ ਅਗਸਤ 2024 ਤੋਂ ਤਿੰਨ ਸਾਲਾਂ ਲਈ ਵਧਾਇਆ ਗਿਆ ਹੈ। ਇਸ ਪੈਕੇਜ ਦਾ ਲਾਭ ਅਨੰਤਨਾਗ, ਬਾਰਾਮੂਲਾ, ਬਡਗਾਮ, ਕੂਪਵਾਰਾ, ਪੁਲਵਾਮਾ, ਸ੍ਰੀਨਗਰ, ਕੁਲਗਾਮ, ਸ਼ੋਪੀਆਂ, ਗਾਂਦਰਬਲ ਅਤੇ ਬੰਦੀਪੋਰਾ ਜ਼ਿਲ੍ਹਿਆਂ ਵਿੱਚ ਤਾਇਨਾਤ ਕੇਂਦਰੀ ਕਰਮਚਾਰੀਆਂ ਨੂੰ ਮਿਲੇਗਾ। ਕਰਮਚਾਰੀ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰੋਤਸਾਹਨ ਪੈਕੇਜ ਸਾਰੇ ਮੰਤਰਾਲਿਆਂ, ਵਿਭਾਗਾਂ ਅਤੇ ਸਰਕਾਰੀ ਖੇਤਰ ਦੇ ਉਪਕਰਮਾਂ ‘ਤੇ ਲਾਗੂ ਹੋਵੇਗਾ। ਇਸ ਪੈਕੇਜ ਦੇ ਤਹਿਤ, ਕਰਮਚਾਰੀ ਆਪਣੇ ਪਰਿਵਾਰ ਨੂੰ ਚੁਣੀ ਗਈ ਥਾਂ ‘ਤੇ ਲਿਜਾਣ ਦੀ ਸਹੂਲਤ ਲੈ ਸਕਣਗੇ। ਇਸ ਲਈ ਉਨ੍ਹਾਂ ਨੂੰ ਪਿਛਲੇ ਮਹੀਨੇ ਦੇ ਮੂਲ ਤਨਖਾਹ ਦੇ 80 ਫ਼ੀਸਦੀ ਦੀ ਦਰ ‘ਤੇ ਸਮੁੱਚਾ ਤਬਾਦਲੇ ਦਾ ਬੋਨਸ ਮਿਲੇਗਾ।
ਜੇਕਰ ਕੋਈ ਕਰਮਚਾਰੀ ਆਪਣੇ ਪਰਿਵਾਰ ਨੂੰ ਚੁਣੀ ਗਈ ਥਾਂ ‘ਤੇ ਨਹੀਂ ਲਿਜਾਣਾ ਚਾਹੁੰਦਾ, ਤਾਂ ਉਸ ਨੂੰ ਦਫ਼ਤਰ ਆਉਣ-ਜਾਣ ਵਿੱਚ ਹੋਣ ਵਾਲੇ ਵਾਧੂ ਖਰਚ ਦੀ ਭਰਪਾਈ ਲਈ ਹਰ ਦਿਨ 141 ਰੁਪਏ ਦਾ ਭੱਤਾ ਦਿੱਤਾ ਜਾਵੇਗਾ। ਪਰ ਜੇਕਰ ਉਹ ਆਪਣੇ ਪਰਿਵਾਰ ਨੂੰ ਚੁਣੀ ਗਈ ਥਾਂ ‘ਤੇ ਲਿਜਾਣ ਦੀ ਸਹੂਲਤ ਲੈਂਦੇ ਹਨ, ਤਾਂ ਉਹ ਦਿਨ ਭੱਤੇ ਲਈ ਯੋਗ ਨਹੀਂ ਹੋਣਗੇ। ਇਸ ਦੇ ਨਾਲ ਹੀ, ਕੇਂਦਰੀ ਆਰਮਡ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਮਿਲਦੇ ਰਾਸ਼ਨ ਭੱਤੇ ਦੇ ਸਮਾਨ ਮੈਸਿੰਗ ਭੱਤਾ ਦਿੱਤਾ ਜਾਵੇਗਾ, ਜੋ ਕਿ ਇਸ ਸਮੇਂ 142.75 ਰੁਪਏ ਪ੍ਰਤੀ ਦਿਨ ਹੈ। ਇਸ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਪੈਨਸ਼ਨਰ ਜੋ ਘਾਟੀ ਵਿੱਚ ਪਬਲਿਕ ਸੈਕਟਰ ਦੇ ਬੈਂਕਾਂ ਜਾਂ ਖਾਤਾ ਦਫ਼ਤਰਾਂ ਰਾਹੀਂ ਆਪਣੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਵਿੱਚ ਅਸਮਰਥ ਹਨ, ਉਨ੍ਹਾਂ ਨੂੰ ਘਾਟੀ ਤੋਂ ਬਾਹਰ ਪੈਨਸ਼ਨ ਦਿੱਤੀ ਜਾਵੇਗੀ।