ਹਿਟਲਰੀਆਂ ਦੀ ਹਾਰ

ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਉਤਸ਼ਾਹਤ ਜਰਮਨੀ ਦੇ ਹਿਟਲਰੀ ਵਿਚਾਰਧਾਰਾ ਨੂੰ ਪ੍ਰਣਾਏ ਦੱਖਣਪੰਥੀ ਜਰਮਨੀ ਨੂੰ ਜਿੱਤ ਲੈਣ ਲਈ ਪੂਰੇ ਆਸਵੰਦ ਸਨ। ਟਰੰਪ ਦੇ ਸਲਾਹਕਾਰ ਅਰਬਪਤੀ ਐਲਨ ਮਸਕ ਨੇ ਜਰਮਨ ਚੋਣਾਂ ਵਿੱਚ ਦੱਖਣਪੰਥੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ (ਏ ਐੱਫ ਡੀ) ਦੀ ਜਿੱਤ ਲਈ ਪੂਰਾ ਟਿੱਲ ਲਾਇਆ ਸੀ। ਬੀਤੇ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀ ਡੀ ਯੂ) ਤੇ ਕ੍ਰਿਸਚੀਅਨ ਸੋਸ਼ਲ ਯੂਨੀਅਨ (ਸੀ ਐੱਸ ਯੂ) ਗੱਠਜੋੜ ਨੇ ਏ ਐੱਫ ਡੀ ਨੂੰ ਮਾਤ ਦੇ ਕੇ ਜਿੱਤ ਪ੍ਰਾਪਤ ਕਰ ਲਈ ਹੈ।

ਸੀ ਡੀ ਯੂ ਤੇ ਸੀ ਐੱਸ ਯੂ ਗੱਠਜੋੜ ਨੇ 28.6 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ 208 ਸੀਟਾਂ ਉੱਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਗੱਠਜੋੜ ਦੇ ਆਗੂ ਫਰੈਡਰਿਕ ਮਰਜ਼ ਦੇ ਜਰਮਨੀ ਦਾ ਅਗਲਾ ਚਾਂਸਲਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਹਿਟਲਰ ਦੀ ਪੈਰੋਕਾਰ ਏ ਐੱਫ ਡੀ ਨੇ 20.8 ਫ਼ੀਸਦੀ ਵੋਟਾਂ ਨਾਲ 152 ਸੀਟਾਂ ਹਾਸਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਦੱਖਣਪੰਥੀ ਜਰਮਨੀ ਵਿੱਚ ਲੋਕਤੰਤਰ ਲਈ ਕਿੱਡਾ ਵੱਡਾ ਖ਼ਤਰਾ ਬਣ ਚੁੱਕੇ ਹਨ। ਇਨ੍ਹਾਂ ਚੋਣਾਂ ਵਿੱਚ ਖੱਬੇ-ਪੱਖੀਆਂ ਨੇ ਆਪਣੀ ਕਾਰਗੁਜ਼ਾਰੀ ਬੇਹਤਰ ਕਰਦਿਆਂ 8.8 ਫ਼ੀਸਦੀ ਵੋਟਾਂ ਹਾਸਲ ਕਰਕੇ 64 ਸੀਟਾਂ ਜਿੱਤ ਲਈਆਂ ਹਨ। ਖੱਬੇ-ਪੱਖੀਆਂ ਨੇ ਬਹੁਤੀਆਂ ਸੀਟਾਂ ਰਾਜਧਾਨੀ ਬਰਲਿਨ ਵਿੱਚ ਜਿੱਤੀਆਂ ਹਨ, ਜਿੱਥੇ ਇਨ੍ਹਾਂ 19.9 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ।

ਕੇਂਦਰ ਦੀ ਸੱਤਾ ਵਿੱਚ ਆ ਰਹੀ ਸੀ ਡੀ ਯੂ ਬਰਲਿਨ ਵਿੱਚ 18.3 ਫ਼ੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ ਉੱਤੇ ਰਹੀ ਹੈ। ਸੱਤਾ ਹਾਸਲ ਕਰ ਰਹੇ ਫਰੈਡਰਿਕ ਮਰਜ਼ ਨੂੰ ਸਾਂਝੀ ਸਰਕਾਰ ਦੀ ਅਗਵਾਈ ਕਰਨੀ ਪਵੇਗੀ, ਕਿਉਂਕਿ ਉਸ ਦਾ ਗੱਠਜੋੜ ਲੋੜੀਂਦੀਆਂ 316 ਸੀਟਾਂ ਹਾਸਲ ਨਹੀਂ ਕਰ ਸਕਿਆ। ਦੱਖਣਪੰਥੀ ਏ ਐੱਫ ਡੀ ਨੇ ਪੂਰਬੀ ਜਰਮਨੀ ਦੇ 5 ਰਾਜਾਂ ਵਿੱਚ ਸਭ ਤੋਂ ਵੱਧ 34 ਫ਼ੀਸਦੀ ਵੋਟਾਂ ਹਾਸਲ ਕੀਤੀਆਂ, 1990 ਤੋਂ ਪਹਿਲਾਂ ਜਿਸ ਨੂੰ ‘ਕਮਿਊਨਿਸਟ ਜਰਮਨੀ’ ਕਿਹਾ ਜਾਂਦਾ ਸੀ। ਫਰੈਡਰਿਕ ਮਰਜ਼ ਨੇ ਚੋਣਾਂ ਦੇ ਪੂਰੇ ਨਤੀਜੇ ਆਉਣ ਤੋਂ ਪਹਿਲਾਂ ਹੀ ਅਜਿਹਾ ਬਿਆਨ ਦਿੱਤਾ, ਜਿਹੜਾ ਟਰੰਪ ਨੂੰ ਦੁਖੀ ਕਰਨ ਵਾਲਾ ਹੈ। ਮਰਜ਼ ਨੇ ਕਿਹਾ ਕਿ ਟਰੰਪ ਯੂਰਪ ਦੀ ਪ੍ਰਵਾਹ ਨਹੀਂ ਕਰਦਾ, ਇਸ ਲਈ ਯੂਰਪ ਨੂੰ ਤੁਰੰਤ ਆਪਣੀ ਰੱਖਿਆ ਮਜ਼ਬੂਤ ਕਰਨੀ ਚਾਹੀਦੀ ਹੈ। ਯੂਰਪ ਨੂੰ ਨਾਟੋ ਦਾ ਬਦਲ ਲੱਭਣਾ ਪਵੇਗਾ ਅਤੇ ਇਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ।

ਜੇਕਰ ਮਰਜ਼ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਆਪਣੇ ਬਿਆਨ ਉੱਤੇ ਅਮਲ ਕਰਦੇ ਹਨ ਤਾਂ ਇਹ ਯੂਰਪ ਨੂੰ ਨਵੀਂ ਦਿਸ਼ਾ ਵਿੱਚ ਲੈ ਜਾਵੇਗਾ। ਭਵਿੱਖੀ ਚਾਂਸਲਰ ਨੇ ਕਿਹਾ ਹੈ ਕਿ ਮੇਰੀ ਸਰਬਉੱਚ ਪਹਿਲ ਹੋਵੇਗੀ ਕਿ ਯੂਰਪ ਨੂੰ ਛੇਤੀ ਤੋਂ ਛੇਤੀ ਮਜ਼ਬੂਤ ਕੀਤਾ ਜਾਵੇ, ਤਾਂ ਕਿ ਕਦਮ-ਦਰ-ਕਦਮ ਅਸੀਂ ਅਮਰੀਕਾ ਤੋਂ ਅਜ਼ਾਦੀ ਹਾਸਲ ਕਰ ਸਕੀਏ। ਟਰੰਪ ਦੇ ਹਾਲੀਆ ਬਿਆਨਾਂ ਤੋਂ ਸਪੱਸ਼ਟ ਹੈ ਕਿ ਅਮਰੀਕਾ ਨੂੰ ਯੂਰਪ ਦੀ ਕੋਈ ਫਿਕਰ ਨਹੀਂ। ਉਸ ਨੇ ਅੱਗੇ ਕਿਹਾ, ‘‘ਮੈਂ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਕਿ ਅਸੀਂ ਜੂਨ ਦੇ ਅੰਤ ਵਿੱਚ ਨਾਟੋ ਸਿਖਰ ਸੰਮੇਲਨ ਵੱਲ ਕਿਵੇਂ ਵਧ ਰਹੇ ਹਾਂ। ਕੀ ਅਸੀਂ ਹਾਲੇ ਵੀ ਨਾਟੋ ਦੇ ਮੌਜੂਦਾ ਸਰੂਪ ਬਾਰੇ ਗੱਲ ਕਰਾਂਗੇ ਜਾਂ ਅਸੀਂ ਅਜ਼ਾਦ ਯੂਰਪੀ ਰੱਖਿਆ ਸਿਸਟਮ ਸਥਾਪਤ ਕਰਨ ਬਾਰੇ ਵਿਚਾਰ ਕਰਾਂਗੇ।’’ਅਮਰੀਕੀ ਰਾਸ਼ਟਰਪਤੀ ਦੇ ਯੂਰਪ ਤੇ ਯੂਕਰੇਨ ਵਿਰੁੱਧ ਦਿੱਤੇ ਬਿਆਨ ਦੇ ਜਵਾਬ ਵਿੱਚ ਮਰਜ਼ ਨੇ ਕਿਹਾ, ‘‘ਫਰਾਂਸ, ਬਰਤਾਨੀਆ ਤੇ ਜਰਮਨੀ ਵਿੱਚ ਪ੍ਰਮਾਣੂ ਸਹਿਯੋਗ ਦਾ ਪਤਾ ਲਾਉਣ ਦਾ ਸਮਾਂ ਆ ਗਿਆ ਹੈ, ਤਾਂ ਜੋ ਅਮਰੀਕਾ ਦੇ ਪ੍ਰਮਾਣੂ ਪ੍ਰਭਾਵ ਨੂੰ ਬਦਲਿਆ ਜਾ ਸਕੇ।

ਸਾਂਝਾ ਕਰੋ

ਪੜ੍ਹੋ