
ਪੰਜਾਬ ਦਾ ਨਾਮ ਹੀ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਕਾਰਨ ਪਿਆ ਹੈ, ਕੋਈ ਸਮਾਂ ਸੀ ਜਦੋਂ ਅਣਵੰਡੇ ਪੰਜਾਬ ਵਿਚ ਪੰਜ ਦਰਿਆ ਵਗਦੇ ਹੁੰਦੇ ਸਨ ਅਤੇ ਉਨ੍ਹਾਂ ਦਾ ਪਾਣੀ ਬਹੁਤ ਹੀ ਪਵਿੱਤਰ ਹੁੰਦਾ ਸੀ ਜਿਸ ਨਾਲ ਪੰਜਾਬ ਦੀ ਧਰਤੀ ’ਤੇ ਪੋਸ਼ਟਿਕ ਫ਼ਸਲ ਹੋਇਆ ਕਰਦੀ ਸੀ। ਪੰਜਾਬ ਵਿਚ ਫ਼ਸਲ ਤੋਂ ਹੁੰਦੀ ਆਮਦਨ ਕਾਰਨ ਲੋਕ ਖ਼ੁਸ਼ਹਾਲ ਅਤੇ ਸੁਖੀ ਜੀਵਨ ਬਤੀਤ ਕਰਿਆ ਕਰਦੇ ਸਨ ਜਿਸ ਕਾਰਨ ਪੰਜਾਬ ਨੂੰ ‘ਸੋਨੇ ਦੀ ਚਿੜੀ’ ਅਤੇ ਇਸ ਦੀ ਧਰਤੀ ਨੂੰ ਸੋਨਾ ਪੈਦਾ ਕਰਨ ਵਾਲੀ ਮਿੱਟੀ ਕਿਹਾ ਜਾਂਦਾ ਸੀ ਪਰ ਸਮੇਂ ਦੇ ਗੇੜ ਨਾਲ ਨਾ ਤਾਂ ਪੰਜਾਬ ਕੋਲ ਪੰਜ ਦਰਿਆ ਰਹੇ ਅਤੇ ਨਾ ਹੀ ਕਿਸਾਨ ਖ਼ੁਸ਼ਹਾਲ ਰਹੇ।
ਵੱਧ ਰਹੀ ਤਕਨੀਕ ਨਾਲ ਜਿਥੇ ਫ਼ੈਕਟਰੀਆਂ ਦੇ ਗੰਦੇ ਪਾਣੀ ਨੇ ਪੰਜਾਬ ਦੇ ਪਾਣੀ ਦੇ ਸੋਮਿਆਂ ਨੂੰ ਜ਼ਹਿਰੀਲਾ ਕਰ ਦਿਤਾ, ਉੱਥੇ ਹੀ ਪੰਜਾਬ ਵਾਸੀਆਂ ਨੇ ਵੱਧ ਫ਼ਸਲ ਪੈਦਾ ਕਰਨ ਦੇ ਚੱਕਰ ਵਿਚ ਧਰਤੀ ਮਾਂ ਦਾ ਸੀਨਾ ਚੀਰ ਕੇ ਪਾਣੀ ਕਢਣਾ ਸ਼ੁਰੂ ਕਰ ਦਿਤਾ ਜਿਸ ਕਾਰਨ ਜੋ ਹਾਲਾਤ ਪੈਦਾ ਹੋਏ, ਉਹ ਆਪ ਸੱਭ ਦੇ ਸਾਹਮਣੇ ਹਨ। ਝੋਨੇ ਹੇਠ ਰਕਬਾ 25.90 ਲੱਖ ਹੈਕਟੇਅਰ ਤੋਂ ਵੱਧ ਕੇ 29.86 ਲੱਖ ਹੈਕਟੇਅਰ ਪੁੱਜਾ : ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਹਰ ਸਾਲ ਢੰਡੋਰਾ ਪਿੱਟਦੀਆਂ ਨਹੀਂ ਥੱਕਦੀਆਂ ਕਿ ਕਿਸਾਨ ਆਗੂ ਝੋਨੇ ਹੇਠ ਅਪਣਾ ਰਕਬਾ ਘਟਾਉਣ। ਇਸ ਵਾਸਤੇ ਲੱਖਾਂ ਰੁਪਏ ਖ਼ਰਚ ਕੇ ਅਖ਼ਬਾਰਾਂ ਵਿਚ ਇਸ਼ਤਿਹਾਰ ਲਾਏ ਜਾਂਦੇ ਹਨ। ਇਸ ਤੋਂ ਅੱਗੇ ਸਰਕਾਰ ਦੀ ਕਾਰਵਾਈ ਸਿਫ਼ਰ ਹੀ ਹੁੰਦੀ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਵਿਚ ਝੋਨੇ ਦਾ ਰਕਬਾ ਘਟਣ ਦੀ ਬਜਾਇ ਲਗਾਤਾਰ ਵਧਦਾ ਜਾ ਰਿਹਾ ਹੈ।
ਇਕ ਕਿਲੋ ਚਾਵਲ ਪੈਦਾ ਕਰਨ ਵਾਸਤੇ ਚਾਰ ਹਜ਼ਾਰ ਲੀਟਰ ਪਾਣੀ ਦੀ ਹੁੰਦੀ ਹੈ ਖਪਤ : ਕਿਸਾਨ ਭਰਾਵਾਂ ਨੇ ਪੰਜਾਬ ਵਿਚ ਸਿਰਫ਼ ਝੋਨਾ ਅਤੇ ਕਣਕ ਦੀ ਫ਼ਸਲ ਨੂੰ ਹੀ ਅਪਣਾਇਆ ਹੋਇਆ ਹੈ। ਖੇਤੀ ਮਾਹਰਾਂ ਅਨੁਸਾਰ ਇਕ ਕਿਲੋ ਚਾਵਲ ਪੈਦਾ ਕਰਨ ਵਾਸਤੇ 4 ਹਜ਼ਾਰ ਲੀਟਰ ਪਾਣੀ ਦੀ ਖਪਤ ਹੋ ਰਹੀ ਹੈ। ਪੰਜਾਬ ਦੇ ਕਿਸਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਝੋਨੇ ਦੀ ਫ਼ਸਲ ਦੀ ਵੱਧ ਪੈਦਾਵਾਰ ਕਰ ਰਹੇ ਹਨ ਜਿਸ ਨਾਲ ਧਰਤੀ ਹੇਠਲਾ ਪਾਣੀ ਬਹੁਤ ਹੀ ਤੇਜ਼ ਅਤੇ ਹੈਰਾਨੀਜਨਕ ਗਤੀ ਨਾਲ ਹੇਠਾਂ ਨੂੰ ਜਾ ਰਿਹਾ ਹੈ। ਖੇਤੀ ਯੂਨੀਵਰਸਿਟੀ ਮਾਹਰਾਂ ਅਨੁਸਾਰ ਸਾਲ 2010 ਤੋਂ 2015 ਤਕ 5 ਸਾਲਾਂ ਦੇ ਅਰਸੇ ਦੌਰਾਨ 54 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਪਾਣੀ ਹੇਠਾਂ ਜਾ ਚੁੱਕਾ ਹੈ ਅਤੇ ਇਹ ਰਫ਼ਤਾਰ ਹਰ ਸਾਲ ਲਗਾਤਾਰ ਵਧਦੀ ਹੀ ਜਾ ਰਹੀ ਹੈ।
ਸਾਲ 2014 ਤਕ ਪੰਜਾਬ ਵਿਚ 1404232 ਟਿਊਬਵੈੱਲ ਸਨ : ਸਾਲ 2014 ਤਕ ਪੰਜਾਬ ਵਿਚ ਕੁਲ ਟਿਊਬਵੈੱਲਾਂ ਦੀ ਗਿਣਤੀ 1404232 ਸੀ, ਉਸ ਤੋਂ ਬਾਅਦ ਵੀ ਬਿਜਲੀ ਵਿਭਾਗ ਵਲੋਂ ਹੁਣ ਤਕ ਹੋਰ ਵੀ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਹ ਗਿਣਤੀ ਸਿਰਫ਼ ਖੇਤੀ ਨਾਲ ਸਬੰਧਤ ਉਹਨਾ ਟਿਊਬਵੈੱਲਾਂ ਦੀ ਹੈ, ਜੋ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਗੈਰ ਸਰਕਾਰੀ ਟਿਊਬਵੈੱਲ ਜੋ ਕਿ ਬਿਨਾ ਕੁਨੈਕਸ਼ਨਾਂ ਤੋਂ ਚਲ ਰਹੇ ਹਨ ਅਤੇ ਘਰੇਲੂ ਪਾਣੀ ਦੀ ਵਰਤੋਂ ਵਾਸਤੇ ਘਰਾਂ, ਦਫ਼ਤਰਾਂ ਆਦਿ ’ਚ ਲੱਗੇ ਹੋਏ ਛੋਟੇ-ਛੋਟੇ ਟਿਊਬਵੈੱਲ ਦੇ ਕੁਨੈਕਸ਼ਨਾਂ ਦੀ ਗਿਣਤੀ ਵੀ ਲੱਖਾਂ ਵਿਚ ਵਖਰੀ ਹੈ।
ਅੰਨ੍ਹੇਵਾਹ ਪਾਣੀ ਦੀ ਬੇਲੋੜੀ ਵਰਤੋਂ ਵੀ ਕਰ ਰਹੀ ਹੈ ਨੁਕਸਾਨ : ਅੱਜ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੱਖ-ਵੱਖ ਥਾਂ ’ਤੇ 200 ਤੋਂ 300 ਫੁੱਟ ਡੂੰਘਾ ਜਾ ਚੁੱਕਾ ਹੈ। ਇਸ ਦਾ ਕਾਰਨ ਅੰਨ੍ਹੇਵਾਹ ਪਾਣੀ ਦੀ ਕੀਤੀ ਜਾ ਰਹੀ ਦੁਰਵਰਤੋਂ ਹੀ ਹੈ। ਪੰਜਾਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਰਵਿਸ ਸਟੇਸ਼ਨਾਂ, ਸਨਅਤੀ ਸ਼ਹਿਰਾਂ ’ਚ ਸਮਾਨ ਨੂੰ ਸਾਫ਼ ਕਰਨ, ਘਰੇਲੂ ਕੰਮਕਾਰ ਵਿਚ ਪਾਣੀ ਦੀ ਫ਼ਾਲਤੂ ਵਰਤੋਂ ਨਾਲ ਕਰੋੜਾਂ ਲੀਟਰ ਪਾਣੀ ਅਜਾਂਈ ਜਾ ਰਿਹਾ ਹੈ। ਅਸੀ ਧਰਤੀ ਦੇ ਸੀਨੇ ਵਿਚੋਂ ਪਾਣੀ ਤਾਂ ਕੱਢ ਰਹੇ ਹਾਂ ਪਰ ਖ਼ਰਾਬ ਪਾਣੀ ਨੂੰ ਦੁਬਾਰਾ ਸਾਫ਼ ਕਰ ਕੇ ਵਰਤੋਂ ਵਿਚ ਨਹੀ ਲੈ ਰਹੇ, ਜਿੰਨਾ ਪਾਣੀ ਧਰਤੀ ਵਿਚੋਂ ਬਾਹਰ ਆ ਰਿਹਾ ਹੈ, ਉਨਾ ਅੰਦਰ ਨਹੀਂ ਜਾ ਰਿਹਾ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣਾ ਸੁਭਾਵਕ ਹੈ।