ਯਾਦਾਂ ਦੀਆਂ ਤੰਦਾਂ/ਜਗਜੀਤ ਸਿੰਘ ਲੋਹਟਬੱਦੀ

ਸਾਲ 1978-79 ਯਾਦਾਂ ਵਿੱਚ ਵਸੇ ਹੋਏ ਨੇ… ਲੱਗਦੈ, ਉਦੋਂ ਸਮਾਂ ਸਹਿਜ ਹੁੰਦਾ ਸੀ। ਤਕਨਾਲੋਜੀ ਦੀ ਚਕਾਚੌਂਧ ਨੇ ਅਜੇ ਤੇਜ਼ ਗਤੀ ਨਹੀਂ ਸੀ ਫੜੀ। ਚਿੱਟੇ-ਕਾਲੇ ਟੈਲੀਵਿਜ਼ਨ, ਤਾਰ ਨਾਲ ਬੰਨ੍ਹੇ ਫੋਨ… ਨਾ ਕੰਪਿਊਟਰ, ਨਾ ਮੋਬਾਈਲ ਫੋਨ, ਨਾ ਮਾਰੂਤੀ! ਪਰ ਯੂਨੀਵਰਸਿਟੀ ਵਿੱਚ ਜ਼ਿੰਦਗੀ ਧੜਕਦੀ ਸੀ। ਗੁਰੂ ਤੇਗ਼ ਬਹਾਦਰ ਹਾਲ ਵਿੱਚ ਕੁਲਦੀਪ ਮਾਣਕ ਦਾ ਅਖਾੜਾ, ਕੌਫੀ ਹਾਊਸ ਦੇ ਬਾਹਰ ਖੁੱਲ੍ਹੇ ਆਡੀਟੋਰੀਅਮ ਵਿੱਚ ਭੰਡ/ਨਕਲਚੀ ਅਤੇ ਬਲਵੰਤ ਗਾਰਗੀ ਦੇ ਨਾਟਕਾਂ ਦੀ ਪੇਸ਼ਕਾਰੀ ਦੇਖਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਿਰ ਭਿੜਦੇ। ਕਲਾਸੀਕਲ ਫਿਲਮਾਂ ‘ਗਰਮ ਹਵਾ’, ‘ਨਿਸ਼ਾਂਤ’, ‘ਗਾਈਡ’ ਦੀ ਸਕਰੀਨਿੰਗ ਦੇਖ ਦਰਸ਼ਕ ਕਲਾ ਦੇ ਕਮਾਲ ਨੂੰ ਸਿਜਦਾ ਕਰਦੇ। ਮਨੋਰੰਜਨ ਮਾਣਦਾ ਹਰ ਸ਼ਖ਼ਸ ਧੁਰ ਅੰਦਰ ਤੱਕ ਕੀਲਿਆ ਜਾਂਦਾ, ਜਿਵੇਂ ਉਹ ਆਪ ਫਿਲਮ ਜਾਂ ਨਾਟਕ ਦਾ ਪਾਤਰ ਹੋਵੇ। ਯੂਥ ਫੈਸਟੀਵਲ ਨਾਲ ਮੇਲਾ ਸਿਖਰ ’ਤੇ ਪਹੁੰਚ ਜਾਂਦਾ।

ਹੋਸਟਲਾਂ ਦੇ ਮੈੱਸ ਵਿੱਚ ਟੇਪ ਰਿਕਾਰਡਰਾਂ ’ਤੇ ਵੱਜਦੀਆਂ ਮਾਣਕ ਦੀਆਂ ਕਲੀਆਂ, ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਦੋਗਾਣੇ ਅਤੇ ਢਾਡੀ ਅਮਰ ਸਿੰਘ ਸ਼ੌਂਕੀ ਦੀਆਂ ਵਾਰਾਂ ਰੰਗ ਬੰਨ੍ਹੀ ਰੱਖਦੀਆਂ। ਭਾਈ ਵੀਰ ਸਿੰਘ ਹੋਸਟਲ ਦੇ ਕਾਮਨ ਰੂਮ ਵਿੱਚ ਲੱਗੇ ਟੀਵੀ ਤੇ ‘ਚਿੱਤਰਹਾਰ’ ਅਤੇ ‘ਰੰਗੋਲੀ’ ਦੇਖਣ ਲਈ ਪਾੜ੍ਹਿਆਂ ਦੀ ਭੀੜ ਮੂਹਰੇ ਹਾਲ ਕਮਰਾ ਸੁੰਗੜਿਆ ਲੱਗਦਾ। ਸਕਰੀਨ ਉੱਤੇ ਦਾਣੇ ਜਿਹੇ ਆਉਣੇ ਤਾਂ ਐਨਟੀਨਾ ਠੀਕ ਕਰਨ ਬਾਹਰ ਭੱਜਣਾ। ਵਿਦਿਆਰਥੀਆਂ ਦੇ ‘ਪ੍ਰਤਿਭਾ ਖੋਜ ਪ੍ਰੋਗਰਾਮ’ ਵਿੱਚ ਨਵੇਂ ਸ਼ਾਇਰਾਂ/ਕਲਾਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦੀ ਤਾਂਘ ਰਹਿੰਦੀ।

… ਸ਼ਨਿਚਰਵਾਰੀ ਸਭਾ ਜੁੜੀ ਹੋਈ ਸੀ। ਕਾਮਨ ਰੂਮ ਖਚਾਖਚ ਭਰਿਆ ਹੋਇਆ। ਸੁਰਜੀਤ ਭੱਟੀ (ਡਾ.) ਦੇ ਹੱਥ ਮਾਈਕ। ਹਰ ਪੇਸ਼ਕਾਰੀ ਤੋਂ ਬਾਅਦ ਵਾਹ-ਵਾਹ, ਚੋਭਾਂ ਟਕੋਰਾਂ ਨਾਲ ਡਾਢੀ ਰੌਚਿਕਤਾ ਬਣੀ ਰਹਿੰਦੀ। ਭੱਟੀ ਦੀ ਬੇਬਾਕ ਭਾਸ਼ਣ ਸ਼ੈਲੀ, ਮਹਿਫ਼ਲ ਦਾ ਮੀਲ ਪੱਥਰ ਬਣਦੀ। ਨਵਾਂ ਸ਼ਾਇਰ ‘ਹੀਰ’ ਸੁਣਾਉਣ ਲਈ ਉੱਠਿਆ। ਉਹ ਹੀਰ ਗਾਈ ਜਾਵੇ, ਸੁਣਨ ਵਾਲਿਆਂ ਦੇ ਅੰਦਰੋਂ ਹਾਸੇ ਦੇ ਫੁਹਾਰੇ ਛੁੱਟੀ ਜਾਣ। ਕਈ ਉਹਨੂੰ ‘ਬਹਿ ਜਾ, ਬਹਿ ਜਾ’ ਕਹਿਣ ਲਈ ਤਿਆਰ। ਗਾਇਨ ਖ਼ਤਮ ਹੋਇਆ। ਹਾਜ਼ਰੀਨ ਇਸ ਕਲਾਕਾਰੀ ਉੱਤੇ ਭੱਟੀ ਦੀ ਟਿੱਪਣੀ ਸੁਣਨ ਲਈ ਬੇਤਾਬ। ਭੱਟੀ ਨੇ ਆਪਣਾ ‘ਨਜ਼ਰੀਆ’ ਪੇਸ਼ ਕੀਤਾ- ਸ਼ਬਦਾਂ ਦੇ ਤੀਰ ਗੁੜ ਵਿੱਚ ਲਪੇਟੇ ਹੋਏ: “ਹੁਣੇ-ਹੁਣੇ ਤੁਸੀਂ ਬਾਈ ਬਲਵੰਤ ਸਿੰਘ ਜੀ ਹੁਰਾਂ ਪਾਸੋਂ ਹੀਰ ਸਿੱਖਾਂ ਵਾਲੀ ਬੋਲੀ ਵਿੱਚ ਸਰਵਣ ਕੀਤੀ…।” ਹਾਸੇ ਅਤੇ ਤਾੜੀਆਂ ਨਾਲ ਹਾਲ ਗੂੰਜ ਉੱਠਿਆ। ਲੰਮਾ ਸਮਾਂ ਇਸ ਯਾਦਗਾਰੀ ਸਮਾਰੋਹ ਦੀ ਚਰਚਾ ਚੱਲਦੀ ਰਹੀ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...