
ਸਾਲ 2019 ਵਿੱਚ ਕੋਵਿਡ ਨੇ ਚੀਨ ਵਿੱਚ ਦਸਤਕ ਦਿੱਤੀ ਅਤੇ ਹੌਲ਼ੀ-ਹੌਲ਼ੀ ਇਹ ਬਿਮਾਰੀ ਦੁਨੀਆ ਭਰ ਵਿੱਚ ਫੈਲ ਗਈ। ਭਾਰਤ ਵਿੱਚ 2020 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਇਸ ਬਿਮਾਰੀ ਦੇ ਲੱਛਣ ਸਾਹਮਣੇ ਆਏ। ਮਾਰਚ ਦੇ ਅਖੀਰਲੇ ਦਿਨਾਂ ਵਿੱਚ ਇਸ ਦਾ ਵਿਆਪਕ ਪਸਾਰਾ ਦੇਖਦਿਆਂ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਅਤੇ ਤਿਆਰੀ ਦੇ ਦੇਸ਼ ਭਰ ਵਿੱਚ ਤਾਲਾਬੰਦੀ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਹਾਸੋਹੀਣੇ ਤਰੀਕਿਆਂ ਨਾਲ ਇਸ ਬਿਮਾਰੀ ਨੂੰ ਮਾਤ ਦੇਣ ਦੀਆਂ ਗੱਲਾਂ ਕੀਤੀਆਂ। ਖ਼ੈਰ, ਸਿਹਤ ਕਾਮਿਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਭਾਵਨਾ ਨਾਲ ਜਨਤਾ ’ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਵਿੱਚ ਬਹੁਤ ਹੱਦ ਤੱਕ ਸਫਲਤਾ ਹਾਸਲ ਕੀਤੀ। ਇਸੇ ਦਰਮਿਆਨ ਸਰਕਾਰ ਦੇਸ਼ ਵਿੱਚ ਵਾਰ-ਵਾਰ ਤਾਲਾਬੰਦੀ ਵਧਾਉਂਦੀ ਰਹੀ। ਇਸੇ ਤਾਲਾਬੰਦੀ ਵਿੱਚ ਜਨਤਕ ਕਾਰਜਾਂ ਨੂੰ ਜ਼ਿੰਦਗੀ ਦੀ ਪਟੜੀ ’ਤੇ ਲਿਆਉਣ ਦੇ ਯਤਨ ਵੀ ਹੋਏ। ਇਨ੍ਹਾਂ ਯਤਨਾਂ ’ਚ ਸਿੱਖਿਆ ਸੰਸਥਾਵਾਂ ਵਿੱਚ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕੀਤੀ ਗਈ ਜਿਹੜੀ ਹੁਣ ਸਿੱਖਿਆ ਦਾ ਅਨਿੱਖੜ ਅੰਗ ਬਣ ਚੁੱਕੀ ਹੈ।
ਅਧਿਆਪਕ ਵਰਗ, ਵਿਸ਼ੇਸ਼ ਕਰ ਕੇ ਸਿੱਖਿਆ ਮਾਹਿਰਾਂ ਨੇ ਉਸ ਸਮੇਂ ਸਕੂਲਾਂ ਵਿੱਚ ਆਨਲਾਈਨ ਸਿੱਖਿਆ ਦਾ ਭਰਵਾਂ ਵਿਰੋਧ ਤਾਂ ਕੀਤਾ ਪਰ ਇਸ ਨੂੰ ਸਰਕਾਰੀ ਪੱਧਰ ’ਤੇ ਅਣਗੌਲਿਆ ਕਰ ਦਿੱਤਾ ਗਿਆ। ਇਸ ਵਿਰੋਧ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਕੋਲ ਸਮਾਰਟ ਫੋਨ ਦੀ ਸਹੂਲਤ ਨਾ ਹੋਣ ਦਾ ਮੁੱਦਾ ਵਧੇਰੇ ਉਭਾਰਿਆ ਗਿਆ। ਇਸ ਤੋਂ ਅਗਲੀ ਦਲੀਲ ਇਨ੍ਹਾਂ ਸਮਾਰਟ ਫੋਨਾਂ ਲਈ ਇੰਟਰਨੈੱਟ ਦੀ ਸਹੂਲਤ ਅਤੇ ਡੇਟਾ ਦੀ ਉਪਲਬਧਤਾ ਨਾ ਹੋਣਾ ਵੀ ਆਖਿਆ ਗਿਆ। ਦਲੀਲ ਵਿੱਚਲੇ ਇਹ ਕਾਰਨ ਉਸ ਸਮੇਂ ਬਹੁਤ ਹੱਦ ਤੀਕ ਠੀਕ ਵੀ ਸਨ ਪਰ ਗਰੀਬ ਮਾਪਿਆਂ (ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਜਿ਼ਆਦਾ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਹਾਲਤ ਗ਼ੁਰਬਤ ਵਾਲੀ ਹੀ ਹੈ) ਨੇ ਆਪਣੀ ਔਲਾਦ ਵਾਸਤੇ ਇਹ ਕੌੜਾ ਅੱਕ ਵੀ ਚੱਬਿਆ। ਉਨ੍ਹਾਂ ਆਪਣੇ ਬੱਚਿਆਂ ਵਾਸਤੇ ਸਮਾਰਟ ਫੋਨ ਅਤੇ ਇੰਟਰਨੈੱਟ ਦਾ ਪ੍ਰਬੰਧ ਕੀਤਾ। ਬੁੱਧੀਜੀਵੀ ਵਰਗ ਨੂੰ ਇਸ ਗੱਲ ਦੀ ਸਮਝ ਬਹੁਤ ਬਾਅਦ ਵਿੱਚ ਲੱਗੀ ਕਿ ਸਮਾਰਟ ਫੋਨ ਅਤੇ ਇੰਟਰਨੈੱਟ ਰਾਹੀਂ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਪਿੱਛੇ ਸਰਕਾਰ ਦੀ ਛੁਪੀ ਹੋਈ ਮਨਸ਼ਾ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣਾ ਵੀ ਸੀ।
ਆਨਲਾਈਨ ਸਿੱਖਿਆ ਦਾ ਮਾਰੂ ਪ੍ਰਭਾਵ (ਸਾਈਡ ਇਫੈਕਟ) ਕਰੋਨਾ ਨਾਲੋਂ ਵੀ ਵਧੇਰੇ ਨੋਟ ਕੀਤਾ ਗਿਆ ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਇਸ ਬਾਰੇ ਉਸ ਸਮੇਂ ਕਿਸੇ ਨੇ ਨਿੱਠ ਕੇ ਸੋਚਿਆ ਹੀ ਨਹੀਂ। ਇਸ ਕਰ ਕੇ ਸਬੰਧਿਤ ਲੋਕ ਉਹੋ ਜਿਹਾ ਵਿਰੋਧ ਨਹੀਂ ਕਰ ਸਕੇ ਜਿਸ ਦੀ ਲੋੜ ਸੀ। ਕਿਤੇ-ਕਿਤੇ ਅਧਿਆਪਕਾਂ ਨੇ ਆਨਲਾਈਨ ਪੜ੍ਹਾਈ ਦੀ ਵਕਾਲਤ ਵੀ ਕੀਤੀ। ਆਨਲਾਈਨ ਸਿੱਖਿਆ ਵਿੱਚੋਂ ਸਰਕਾਰੀ ਸਕੂਲਾਂ ਸਮੇਤ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬਾਲ ਮਨਾਂ ਅਤੇ ਬਾਲਗਾਂ ਵਿੱਚ ਪਬਜੀ, ਬਲੂ ਵੇਲ ਅਤੇ ਇਸ ਵਰਗੀਆਂ ਹੋਰ ਮਾਰੂ ਖੇਡਾਂ ਦੀ ਬਿਮਾਰੀ ਦਾ ਵਿਦਿਆਰਥੀ ਵਰਗ ਨੂੰ ਜਕੜਨਾ, ਹੋਰ ਸਾਰੇ ਕਾਰਨਾਂ ਨਾਲੋਂ ਵਧੇਰੇ ਗੌਲਣ ਵਾਲਾ ਮੁੱਦਾ ਹੈ। ਪ੍ਰਾਈਵੇਟ ਸਕੂਲਾਂ ਵਾਲੇ ਤਾਂ ਹੁਣ ਆਪਣੀ ਭਾਰੀ ਫੀਸ ਸੁਰੱਖਿਅਤ ਕਰਨ ਲਈ ਇਕ ਦੋ ਦਿਨ ਦੀਆਂ ਛੁੱਟੀਆਂ ਵਾਸਤੇ ਵੀ ਆਨਲਾਈਨ ਸਿੱਖਿਆ ਦਾ ਪ੍ਰਬੰਧ ਕਰ ਦਿੰਦੇ ਹਨ। ਹਰ ਤਰ੍ਹਾਂ ਦੀ ਜਾਣਕਾਰੀ ਅਤੇ ਸੂਚਨਾ ਵਟਸਐਪ ’ਤੇ ਦੇ ਦਿੱਤੀ ਜਾਂਦੀ ਹੈ ਜਿਸ ਨਾਲ ਮਾਪੇ ਨਾ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਦੇ ਕੋਮਲ ਹੱਥਾਂ ਵਿੱਚ ਮੋਬਾਈਲ ਫੋਨ ਫੜਾਉਣ ਲਈ ਮਜਬੂਰ ਹੋ ਜਾਂਦੇ ਹਨ।
ਵਿਸ਼ੇਸ਼ ਤਰ੍ਹਾਂ ਦੇ ਸਮਾਜਿਕ ਵਿਹਾਰ ਨੇ ਇਸ ਬਿਮਾਰੀ ਨੂੰ ਵਧੇਰੇ ਬਲ ਬਖ਼ਸ਼ਿਆ। ਇਕਹਿਰੀ ਪਰਿਵਾਰਾਂ ’ਚ ਬੱਚਿਆਂ ਦੇ ਮਾਪੇ ਰੁਜ਼ਗਾਰਯਾਫ਼ਤਾ ਹੋਣ ਕਰ ਕੇ ਬੱਚੇ ਇਕੱਲੇ ਹੁੰਦੇ ਹਨ; ਉਹ ਮੋਬਾਈਲ ਫੋਨ, ਟੈਲੀਵਿਜ਼ਨ, ਕੰਪਿਊਟਰ ਜਾਂ ਲੈਪਟਾਪ ਦੇ ਹਵਾਲੇ ਹੁੰਦੇ ਹਨ। ਇਹ ਸਾਰੇ ਆਧੁਨਿਕ ਸਾਧਨ ਵਪਾਰਕ ਘਰਾਣਿਆਂ ਦੀ ਮੁਨਾਫ਼ਾਖ਼ੋਰੀ ’ਤੇ ਆਧਾਰਿਤ ਹਨ। ਅਜਿਹੇ ਮਾਹੌਲ ’ਚ ਬੱਚਿਆਂ ਦਾ ਵਿਕਾਸ ਕਿਸ ਦੇ ਹੱਥ ਹੈ? ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਮੁਸ਼ੱਕਤ ਕਰਨ ਦੀ ਲੋੜ ਨਹੀਂ। ਜਿੱਥੇ ਬੱਚਿਆਂ ਦੇ ਦਾਦਾ-ਦਾਦੀ ਆਪਣੇ ਪੁੱਤਰਾਂ-ਧੀਆਂ ਨਾਲ ਰਹਿੰਦੇ ਵੀ ਹਨ, ਉੱਥੇ ਨੌਜਵਾਨ ਜੋੜੇ ਮਾਪਿਆਂ ਨੂੰ ਕੁਝ ਸਮਝਦੇ ਨਹੀਂ। ਅਜਿਹੇ ਮਾਹੌਲ ’ਚ ਦਾਦਾ-ਦਾਦੀ, ਨਾਨਾ-ਨਾਨੀ ਆਪਣੇ ਜਾਇਆਂ ਦੇ ਹੱਥਾਂ ਦੇ ਖਿਡੌਣਿਆਂ ਤੋਂ ਵਧੇਰੇ ਕੁਝ ਨਹੀਂ ਹੁੰਦੇ। ਉਂਝ ਵੀ ਪੜ੍ਹੇ ਲਿਖੇ ਅਤੇ ਨੌਕਰੀਪੇਸ਼ਾ ਮਾਪਿਆਂ ਕੋਲ ਆਪਣੇ ਬੱਚਿਆਂ ਵਾਸਤੇ ਜਿ਼ਆਦਾ ਸਮਾਂ ਨਾ ਹੋਣ ਕਰ ਕੇ ਬੱਚੇ ਇਨ੍ਹਾਂ ਯੰਤਰਾਂ ਦੇ ਹਵਾਲੇ ਹੁੰਦੇ ਹੀ ਹਨ।
ਨੌਜਵਾਨ ਮਾਪੇ ਪੜ੍ਹੇ ਲਿਖੇ ਹਨ, ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਅਰਾਮ ਕਰਨ ਅਤੇ ਮਨੋਰੰਜਨ ਵਾਸਤੇ ਸਮਾਂ ਚਾਹੀਦਾ ਹੈ। ਜੇ ਉਹ ਬੱਚੇ ਪੈਦਾ ਕਰਦੇ ਹਨ ਤਾਂ ਪਾਲਣ-ਪੋਸ਼ਣ ਨੌਕਰਾਂ ਰਾਹੀਂ ਹੁੰਦਾ ਹੈ। ਜੇ ਮਾਪੇ ਨੌਕਰਾਂ ਵਾਂਗ ਵਿਚਰਨ ਅਤੇ ਓਨਾ ਕੁ ਹੀ ਹੱਕ ਮੰਗਣ ਤਾਂ ਠੀਕ ਹੈ; ਨਹੀਂ ਤਾਂ ਮਾਪਿਆਂ ਲਈ ਆਪਣੇ ਧੀਆਂ ਪੁੱਤਰਾਂ ਦਾ ਘਰ ਉਨ੍ਹਾਂ ਦੇ ਰਹਿਣ ਲਈ ਸਹੀ ਸਥਾਨ ਨਹੀਂ ਹੁੰਦਾ। ਉਨ੍ਹਾਂ ਦੇ ਬੱਚੇ ਵੀ ਆਜ਼ਾਦ ਮਾਹੌਲ ਦੀ ਕਾਮਨਾ ਕਰਦੇ ਹਨ। ਇਸ ਆਜ਼ਾਦ ਮਾਹੌਲ ਵਿੱਚ ਉਨ੍ਹਾਂ ਦੇ ਸਾਥੀ ਮੋਬਾਈਲ ਫੋਨ ਜਾਂ ਲੈਪਟਾਪ ਹੀ ਹੋ ਸਕਦੇ ਹਨ। ਕੋਈ ਸਮਾਂ ਸੀ ਜਦੋਂ ਸਿੱਖਿਆ ਸੰਸਥਾਵਾਂ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਮੋਬਾਈਲ ਦੀ ਵਰਤੋਂ ’ਤੇ ਪਾਬੰਦੀ ਲਾਉਂਦੀਆਂ ਸਨ ਪਰ ਕੋਵਿਡ ਕਾਲ ਦੇ ਸ਼ੁਰੂਆਤੀ ਸਮੇਂ ਵਿੱਚ ਸਿੱਖਿਆ ਸੰਸਥਾਵਾਂ ਦੇ ਇਸ ਅਨੁਸ਼ਾਸਨ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਕਤੀ ਮਿਲ ਗਈ।
ਪਿੱਛੇ ਜਿਹੇ ਆਲਮੀ ਪੱਧਰ ’ਤੇ ਸਕੂਲਾਂ ’ਚ ਮੋਬਾਈਲ ਦੀ ਵਰਤੋਂ ’ਤੇ ਪਾਬੰਦੀ ਦੀ ਚਰਚਾ ਹੋਈ। ਕੁਝ ਵਿਕਸਤ ਮੁਲਕਾਂ ਨੇ ਇਹ ਪਾਬੰਦੀ ਆਇਦ ਵੀ ਕੀਤੀ ਹੈ ਪਰ ਇਹ ਪਾਬੰਦੀ ਵਿਆਪਕ ਪੱਧਰ ’ਤੇ ਨਹੀਂ। ਇਸ ਦਾ ਵੱਡਾ ਕਾਰਨ ਹੈ; ਵਪਾਰਕ ਘਰਾਣਿਆਂ ਦਾ ਦਮ ਭਰਨ ਵਾਲੇ ਮੁਲਕ ਇਸ ਬਾਰੇ ਸੋਚ ਵੀ ਨਹੀਂ ਸਕਦੇ। ਸਿੱਖਿਆ, ਵਿਸ਼ੇਸ਼ ਕਰ ਕੇ ਸਕੂਲ ਪੱਧਰ ’ਤੇ ਵਿਦਿਆਰਥੀ ਬਾਲਪਨ ਵਾਲੀ ਅਵਸਥਾ ਵਿੱਚ ਹੁੰਦੇ ਹਨ। 11ਵੀਂ 12ਵੀਂ ਜਮਾਤ ਤੱਕ ਮੋਬਾਈਲ ਫੋਨ ਦੀ ਦੁਰਵਰਤੋਂ ਹੋਣੀ ਕੋਈ ਹੈਰਾਨੀਜਨਕ ਜਾਂ ਸੰਦੇਹ ਵਾਲੀ ਗੱਲ ਨਹੀਂ। ਸਕੂਲ ਪੱਧਰ ਦੇ ਬੱਚੇ ਬਚਪਨ, ਬਾਲਗ ਅਤੇ ਚੜ੍ਹਦੀ ਜਵਾਨੀ ਦੇ ਸਮੇਂ ਵਿੱਚੋਂ ਲੰਘ ਰਹੇ ਹੁੰਦੇ ਹਨ। ਇਸ ਸਮੇਂ ਨੂੰ ਮਨੋਵਿਗਿਆਨੀ ਅਜਿਹੇ ਸਮੇਂ ਦਾ ਨਾਂ ਦਿੰਦੇ ਹਨ ਜਿਸ ਵਿੱਚ ਨਫ਼ੇ-ਨੁਕਸਾਨ ਦੀ ਨਾ ਤਾਂ ਸੋਝੀ ਹੁੰਦੀ ਹੈ ਅਤੇ ਨਾ ਹੀ ਇਸ ਨੂੰ ਗੌਲਿਆ ਜਾਂਦਾ ਹੈ। ਇਸ ਸਮੇਂ ਬਹੁਤ ਵਾਰੀ ਬੱਚਿਆਂ ਤੋਂ ਅਜਿਹੇ ਕਦਮ ਉਠਾਏ ਜਾਂਦੇ ਹਨ ਜਿਹੜੇ ਅੰਤਾਂ ਦੇ ਜੋਖ਼ਿਮ ਵਾਲੇ ਹੋ ਸਕਦੇ ਹਨ।