
ਮਾਨਸਾ, 10 ਫਰਵਰੀ – ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਗੋਲ਼ੀਬਾਰੀ ਕਰਨ ਤੇ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਮਾਨਸਾ ਪੁਲਿਸ ਨੇ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਵਲ ਹਸਪਤਾਲ ਮਾਨਸਾ ’ਚ ਮੈਡੀਕਲ ਕਰਵਾਉਣ ਲਈ ਐਤਵਾਰ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਲਿਆਂਦਾ ਗਿਆ ਪਰ ਇਸ ਮਾਮਲੇ ’ਤੇ ਪੁਲਿਸ ਨੇ ਹਾਲੇ ਤੱਕ ਚੁੱਪੀ ਧਾਰੀ ਹੋਈ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਰੀਬੀ ਕੋਲੋਂ ਫ਼ਿਰੌਤੀ ਮੰਗਣ ਵਾਲੇ ਤੇ ਘਰ ਦੇ ਬਾਹਰ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਮਾਨਸਾ ਪੁਲਿਸ ਨੇ ਗੁਰਦਾਸਪੁਰ ਦੇ ਸ਼ੂਟਰ ਸਮੇਤ ਚਾਰ ਮੁਲਜ਼ਮਾਂ ਨੂੰ ਡਲਹੌਜੀ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅੱਜ ਮਾਨਸਾ ਦੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਤੇ ਫ਼ਿਰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਨਸਾ ਪੁਲਿਸ ਨੂੰ ਉਨ੍ਹਾਂ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਦੇ ਕੁੱਝ ਦਿਨ ਪਹਿਲਾਂ ਮਾਨਸਾ ਪੁਲਿਸ ਨੇ ਜੱਸੀ ਪੈਂਚਰ ਤੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਚਾਰ ਹੋਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।