
ਨਵੀਂ ਦਿੱਲੀ, 10 ਫਰਵਰੀ – ਦਿੱਲੀ ਵਿੱਚ ਸੱਤਾ ਤੋਂ ਬਾਹਰ ਹੋਣ ਤੋਂ ਇੱਕ ਦਿਨ ਬਾਅਦ ਐਤਵਾਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਤਵਾਰ ਆਪਣੇ ਨਿਵਾਸ ਸਥਾਨ ’ਤੇ 22 ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਹੁਦਾ ਛੱਡਣ ਵਾਲੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਪਾਰਟੀ ਇੱਕ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ ਅਤੇ ਇਹ ਯਕੀਨੀ ਬਣਾਏਗੀ ਕਿ ਭਗਵਾ ਪਾਰਟੀ 8 ਮਾਰਚ ਤੱਕ ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ ਅਦਾ ਕਰੇ, ਜਿਵੇਂ ਕਿ ਉਸਨੇ ਵਾਅਦਾ ਕੀਤਾ ਸੀ, 300 ਯੂਨਿਟ ਮੁਫਤ ਬਿਜਲੀ ਦੇਵੇ ਅਤੇ ਲੋਕਾਂ ਲਈ ਹੋਰ ਸਹੂਲਤਾਂ ਜਾਰੀ ਰੱਖੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਆਤਿਸ਼ੀ ਨੇ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਉੱਧਰ ਦਿੱਲੀ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੂੰ 48 ਸੀਟਾਂ ਨਾਲ ਮਿਲੀ ਸ਼ਾਨਦਾਰ ਜਿੱਤ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਅਗਲੇ ਮੁੱਖ ਮੰਤਰੀ ਚਿਹਰੇ ’ਤੇ ਹਨ।
ਭਾਜਪਾ ਪਿਛਲੇ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ, ਪਰ ਦਿੱਲੀ ਵਿੱਚ ਸਰਕਾਰ ਬਣਾਉਣ ’ਚ ਨਾਕਾਮ ਰਹੀ। ਇਹੀ ਨਹੀਂ, ਭਾਜਪਾ ਪਿਛਲੇ 25 ਸਾਲਾਂ ਵਿਚ ਸੀ ਐੱਮ ਦੇ ਅਹੁਦੇ ਲਈ ਕੋਈ ਮਕਬੂਲ ਚਿਹਰਾ ਵੀ ਨਹੀਂ ਦੇ ਸਕੀ। ਸਾਹਿਬ ਸਿੰਘ ਵਰਮਾ 1996 ਵਿੱਚ ਮੁੱਖ ਮੰਤਰੀ ਬਣੇ। ਉਨ੍ਹਾ ਨੇ ਢਾਈ ਸਾਲ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਪਰ ਸ਼ਹਿਰ ਵਿੱਚ ਪਿਆਜ਼ ਦੀ ਕੀਮਤ ਦੇ ਸੰਕਟ ਤੋਂ ਬਾਅਦ ਵਰਮਾ ਦੀ ਥਾਂ ਸੁਸ਼ਮਾ ਸਵਰਾਜ ਨੇ ਲੈ ਲਈ। ਸਵਰਾਜ ਨੇ 52 ਦਿਨਾਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਜਿਸ ਤੋਂ ਬਾਅਦ ਚੋਣਾਂ ਦਾ ਐਲਾਨ ਕੀਤਾ ਗਿਆ।
ਇਸ ਮਗਰੋਂ ਭਾਜਪਾ ਕੌਮੀ ਰਾਜਧਾਨੀ ਵਿੱਚ ਸਰਕਾਰ ਬਣਾਉਣ ਵਿੱਚ ਨਾਕਾਮ ਰਹੀ। ਭਾਜਪਾ ਨੇ 2013 ਵਿੱਚ ਸੁਸ਼ਮਾ ਸਵਰਾਜ, ਡਾ. ਹਰਸ਼ਵਰਧਨ, 2015 ਵਿੱਚ ਕਿਰਨ ਬੇਦੀ ਅਤੇ ਅੰਤ ਵਿੱਚ 2019 ਵਿੱਚ ਮਨੋਜ ਤਿਵਾੜੀ ਵਰਗੇ ਕਈ ਵੱਡੇ ਨਾਵਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕੀਤਾ, ਪਰ ਇਹ ਸਭ ਅਸਫਲ ਰਹੇ।
ਨਵੇਂ ਮੁੱਖ ਮੰਤਰੀ ਦੀ ਦੌੜ ’ਚ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਵੀ ਸ਼ਾਮਲ ਹਨ, ਜਿਨ੍ਹਾਂ ਨਵੀਂ ਦਿੱਲੀ ਹਲਕੇ ਤੋਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਹੈ। ਰੋਹਿਣੀ ਤੋਂ ਜਿੱਤੇ ਵਿਜੇਂਦਰ ਗੁਪਤਾ ਵੀ ਮੁੱਖ ਮੰਤਰੀ ਬਣ ਸਕਦੇ ਹਨ। ਉਹ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਭਾਅ ਚੁੱਕੇ ਹਨ। ਰਾਜੌਰੀ ਗਾਰਡਨ ਤੋਂ ਜਿੱਤੇ ਮਨਜਿੰਦਰ ਸਿੰਘ ਸਿਰਸਾ ਵੀ ਪ੍ਰਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਮੰਨੇ ਜਾ ਰਹੇ ਹਨ।