ਦਿੱਲੀ ’ਚ ਵੀ ਪਲਟ ਗਈ ਬਾਜ਼ੀ

ਆਖ਼ਰਕਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਦੀ ਸੱਤਾ ਹਾਸਲ ਕਰ ਹੀ ਲਈ। ਉਹ 27 ਸਾਲਾਂ ਤੋਂ ਦਿੱਲੀ ਦੀ ਸੱਤਾ ਤੋਂ ਬਾਹਰ ਸੀ। ਦਿੱਲੀ ਵਿਚ ਭਾਜਪਾ ਦੇ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਕਾਂਗਰਸ ਨੇ ਲਗਾਤਾਰ 15 ਸਾਲ ਹਕੂਮਤ ਕੀਤੀ ਸੀ। ਸੰਨ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਅੰਨਾ ਅੰਦੋਲਨ ਤੋਂ ਨਿਕਲੀ ਆਮ ਆਦਮੀ ਪਾਰਟੀ (ਆਪ) ਨੇ 70 ਵਿੱਚੋਂ 28 ਸੀਟਾਂ ਜਿੱਤ ਕੇ ਚਮਤਕਾਰ ਜਿਹਾ ਕਰ ਦਿੱਤਾ ਸੀ। ਆਪ’ ਨੇ ਜਿਸ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੀਤਾ, ਉਸੇ ਨੇ ਉਸ ਦੀ ਸਰਕਾਰ ਬਣਾਉਣ ਵਿਚ ਇਸ ਲਈ ਮਦਦ ਕੀਤੀ ਸੀ ਤਾਂ ਕਿ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਿਆ ਜਾ ਸਕੇ। ਮੁੱਖ ਮੰਤਰੀ ਬਣੇ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨਾਲ ਮਤਭੇਦਾਂ ਕਾਰਨ 49 ਦਿਨਾਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

ਇਸ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲੱਗਿਆ ਅਤੇ ਜਦ 2015 ਵਿਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ‘ਆਪ’ ਨੇ 67 ਸੀਟਾਂ ਜਿੱਤ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਲਈ ਹੋਰ ਵੀ, ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਪੂਰਨ ਬਹੁਮਤ ਨਾਲ ਪ੍ਰਧਾਨ ਮੰਤਰੀ ਬਣ ਚੁੱਕੇ ਸਨ। ਇਸੇ ਤਰ੍ਹਾਂ 2020 ਵਿਚ ਵੀ ‘ਆਪ’ ਨੇ 62 ਸੀਟਾਂ ਜਿੱਤੀਆਂ ਅਤੇ ਉਹ ਵੀ ਉਦੋਂ ਜਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੂੰ ਪ੍ਰਚੰਡ ਬਹੁਮਤ ਮਿਲਿਆ ਸੀ। ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ‘ਆਪ’ ਮੁਸ਼ਕਲ ਵਿਚ ਦਿਸ ਰਹੀ ਸੀ ਕਿਉਂਕਿ ਕੇਜਰੀਵਾਲ ਸਮੇਤ ‘ਆਪ’ ਦੇ ਵੱਡੇ ਨੇਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਜਾ ਚੁੱਕੇ ਸਨ। ਇਸ ਨਾਲ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਨਾਲ ਲੜਨ ਵਾਲੇ ਅਕਸ ਨੂੰ ਧੱਕਾ ਲੱਗਾ। ਮੁੱਖ ਮੰਤਰੀ ਆਵਾਸ ਦੇ ਨਵੀਨੀਕਰਨ ਤੇ ਸਜਾਵਟ ’ਤੇ 40 ਕਰੋੜ ਨਾਲੋਂ ਵੱਧ ਧਨ ਖ਼ਰਚ ਕੀਤੇ ਜਾਣ ਕਾਰਨ ਵੀ ਜਨਤਾ ਨੂੰ ਇਹ ਲੱਗਾ ਕਿ ਕੇਜਰੀਵਾਲ ਦੀ ਕਥਨੀ-ਕਰਨੀ ਵਿਚ ਫ਼ਰਕ ਹੈ।

ਲੱਗਦਾ ਹੈ ਕਿ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੀ ਇਸ ਨਸੀਹਤ ’ਤੇ ਧਿਆਨ ਨਹੀਂ ਦਿੱਤਾ ਕਿ ਰਾਜਨੀਤੀ ਕੋਲਿਆਂ ਨਾਲ ਭਰੀ ਹੋਈ ਕੋਠੜੀ ਹੁੰਦੀ ਹੈ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਕਿ ਜੋ ਪਾਰਟੀ ਭ੍ਰਿਸ਼ਟਾਚਾਰ ਨਾਲ ਲੜਨ ਦਾ ਦਾਅਵਾ ਕਰ ਰਹੀ ਸੀ, ਉਸੇ ’ਤੇ ਘਪਲੇ-ਘੁਟਾਲੇ ਦਾ ਦੋਸ਼ ਲੱਗਾ। ਹਾਲਾਂਕਿ ਕੇਜਰੀਵਾਲ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ’ਤੇ ਝੂਠਾ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ ਪਰ ਨਤੀਜੇ ਦੱਸ ਰਹੇ ਹਨ ਕਿ ਉਨ੍ਹਾਂ ਦੀ ਸਫ਼ਾਈ ਜਨਤਾ ਨੂੰ ਰਾਸ ਨਹੀਂ ਆਈ। ਉਹ ਖ਼ੁਦ ਵੀ ਚੋਣ ਹਾਰ ਗਏ। ਸਮੇਂ ਦੇ ਨਾਲ ਆਮ ਆਦਮੀ ਪਾਰਟੀ ਇਕ ਅਜਿਹੀ ਪਾਰਟੀ ਬਣੀ ਸੀ ਜਿਸ ਨੇ ਦੋ ਸੂਬਿਆਂ-ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਵਿਚ ਸਰਕਾਰ ਬਣਾਈ ਅਤੇ ਕੌਮੀ ਪਾਰਟੀ ਦਾ ਦਰਜਾ ਹਾਸਲ ਕੀਤਾ।

ਦਿੱਲੀ ਵਿਚ ਹਾਰ ਕਾਰਨ ‘ਆਪ’ ਨੂੰ ਕਰਾਰਾ ਝਟਕਾ ਲੱਗਾ ਹੈ ਪਰ ਉਹ ਹੁਣ ਵੀ ਇਕ ਸਿਆਸੀ ਤਾਕਤ ਹੈ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ‘ਆਪ’ ਨਾਲ ਮੁਕਾਬਲੇ ਲਈ ਭਾਜਪਾ ਨੂੰ ਉਸ ਵਰਗੇ ਹੀ ਤੌਰ-ਤਰੀਕੇ ਅਪਣਾਉਣੇ ਪਏ। ਉਸ ਨੂੰ ਨਾ ਸਿਰਫ਼ ਇਹ ਐਲਾਨ ਕਰਨਾ ਪਿਆ ਕਿ ‘ਆਪ’ ਸਰਕਾਰ ਦੀਆਂ ਲੋਕ ਭਲਾਈ ਵਾਲੀਆਂ ਯੋਜਨਾਵਾਂ ਜਾਰੀ ਰਹਿਣਗੀਆਂ ਬਲਕਿ ਕੁਝ ਨਵੇਂ ਲੋਕ ਲੁਭਾਊ ਐਲਾਨ ਵੀ ਕਰਨੇ ਪਏ। ਤੱਥ ਇਹ ਵੀ ਹੈ ਕਿ ‘ਆਪ’ ਨੇ ਰਿਉੜੀਆਂ ਵੰਡਣ ਦੀ ਜੋ ਸਿਆਸਤ ਸ਼ੁਰੂ ਕੀਤੀ, ਉਸ ਨੂੰ ਕਈ ਹੋਰ ਪਾਰਟੀਆਂ ਨੇ ਵੀ ਅਪਣਾਇਆ।

ਇਨ੍ਹਾਂ ਵਿਚ ਕਾਂਗਰਸ ਵੀ ਹੈ। ਦਿੱਲੀ ਦੇ ਨਤੀਜਿਆਂ ਨੇ ਆਪ’ ਦੇ ਨਾਲ ਹੀ ਕਾਂਗਰਸ ਨੂੰ ਵੀ ਝਟਕਾ ਦਿੱਤਾ ਹੈ। ਕਾਂਗਰਸ ਲਗਾਤਾਰ ਤੀਜੀ ਵਾਰ ਇਕ ਵੀ ਸੀਟ ਨਹੀਂ ਜਿੱਤ ਸਕੀ। ਸ਼ਾਇਦ ਕਾਂਗਰਸ ਨੂੰ ਹੁਣ ਇਹ ਅਹਿਸਾਸ ਹੋਵੇ ਕਿ ਉਸ ਨੇ 2013 ਵਿਚ ਕੇਜਰੀਵਾਲ ਦੀ ਸਰਕਾਰ ਬਣਵਾ ਕੇ ਭਾਰੀ ਭੁੱਲ ਕੀਤੀ ਸੀ। ਉਹ ਅਜਿਹੀ ਹੀ ਭੁੱਲ ਖੇਤਰੀ ਪਾਰਟੀਆਂ ਨੂੰ ਸਮਰਥਨ ਦੇਣ ਦੀ ਕਰਦੀ ਰਹੀ ਹੈ। ਇਸ ਨਾਲ ਹੀ ਕਾਂਗਰਸ ਦਾ ਭਵਿੱਖ ਧੁੰਦਲਾ ਹੋਇਆ ਹੈ। ਕਾਂਗਰਸ ਦੀ ਅਸਫਲਤਾ ਲਈ ਗਾਂਧੀ ਪਰਿਵਾਰ ਹੀ ਜ਼ਿੰਮੇਵਾਰ ਹੈ ਕਿਉਂਕਿ ਪਾਰਟੀ ਦੀ ਕਮਾਨ ਉਸ ਦੇ ਹੀ ਹੱਥ ਹੈ। ਦਿੱਲੀ ਦੇ ਨਤੀਜਿਆਂ ਤੋਂ ਉਸ ਨੂੰ ਸਬਕ ਸਿੱਖਣੇ ਹੋਣਗੇ। ‘ਆਪ’ ਦੇ ਬਾਨੀ ਅਰਵਿੰਦ ਕੇਜਰੀਵਾਲ ਨੇ ਆਪਣਾ ਅਕਸ ਇਕ ਜੁਝਾਰੂ ਨੇਤਾ ਦਾ ਬਣਾਇਆ।

ਉਹ ਮੁੱਖ ਮੰਤਰੀ ਰਹਿੰਦੇ ਹੋਏ ਧਰਨੇ ’ਤੇ ਬੈਠੇ ਪਰ ਲੜਾਕੂ ਨੇਤਾ ਦੇ ਉਨ੍ਹਾਂ ਦੇ ਅਕਸ ਨੇ ਉਨ੍ਹਾਂ ਨੂੰ ਨੁਕਸਾਨ ਹੀ ਪਹੁੰਚਾਇਆ ਕਿਉਂਕਿ ਇਹ ਧਾਰਨਾ ਬਣੀ ਕਿ ਉਹ ਆਪਣਾ ਕੰਮ ਕਰਨ ਦੀ ਥਾਂ ਲੜਾਈ-ਝਗੜਾ ਕਰਨਾ ਪਸੰਦ ਕਰਦੇ ਹਨ। ਉਹ ਜਦ ਤੱਕ ਮੁੱਖ ਮੰਤਰੀ ਰਹੇ, ਕੇਂਦਰ ਸਰਕਾਰ ਨਾਲ ਉਲਝਦੇ ਹੀ ਰਹੇ। ਇਸ ਨਾਲ ਦਿੱਲੀ ਨੂੰ ਨੁਕਸਾਨ ਹੋਇਆ। ਕੇਂਦਰ ਸਰਕਾਰ ਨਾਲ ਟਕਰਾਅ ਕਾਰਨ ‘ਆਪ’ ਸਰਕਾਰ ਲੋਕ ਭਲਾਈ ਦੇ ਕੰਮਾਂ ਵੱਲ ਜ਼ਿਆਦਾ ਧਿਆਨ ਨਾ ਦੇ ਸਕੀ। ਕੇਜਰੀਵਾਲ ‘ਆਪ’ ਨੂੰ ਕੌਮੀ ਪਾਰਟੀ ਦਾ ਰੁਤਬਾ ਮਿਲਣ ਕਾਰਨ ਆਪਣਾ ਸਾਰਾ ਧਿਆਨ ਵੱਖ-ਵੱਖ ਸੂਬਿਆਂ ਵਿਚ ਚੋਣਾਂ ਲੜਨ ਵੱਲ ਕੇਂਦਰਿਤ ਕਰਦੇ ਰਹੇ। ਇਸ ਕਾਰਨ ਦਿੱਲੀ ਦੀ ਅਣਦੇਖੀ ਹੁੰਦੀ ਗਈ ਜਿਸ ਕਾਰਨ ਉਨ੍ਹਾਂ ਦਾ ਜਨ ਆਧਾਰ ਖੁਰਨ ਲੱਗਾ। ਉਹ ਸਿਆਸੀ ਹਾਲਾਤ ਦਾ ਮੁਲਾਂਕਣ ਕਰਨ ਵਿਚ ਵੀ ਟਪਲਾ ਖਾ ਗਏ। ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਕਈ ਨੇਤਾਵਾਂ ਨੂੰ ਇਹੀ ਲੱਗਦਾ ਰਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਹਰਾਉਣਾ ਸੌਖਾ ਕੰਮ ਨਹੀਂ ਹੈ। ਇਸੇ ਅੱਤ ਦੇ ਸਵੈ-ਭਰੋਸੇ ਨੇ ਉਨ੍ਹਾਂ ਦੀ ਸਿਆਸੀ ਜ਼ਮੀਨ ਖਿਸਕਾਉਣ ਦਾ ਕੰਮ ਕੀਤਾ।

ਦਿੱਲੀ ਪੂਰਨ ਰਾਜ ਨਹੀਂ ਹੈ। ਇੱਥੇ ਕੇਂਦਰ ਦੇ ਸਹਿਯੋਗ ਤੋਂ ਬਿਨਾਂ ਸ਼ਾਸਨ ਕਰਨਾ ਸੰਭਵ ਨਹੀਂ। ਕੇਂਦਰ ਨਾਲ ਤਨਾਤਨੀ ਕਾਰਨ ਦਿੱਲੀ ਵਿਚ ਵਿਕਾਸ ਅਤੇ ਲੋਕ ਭਲਾਈ ਦੇ ਕਈ ਕੰਮ ਨਹੀਂ ਹੋ ਸਕੇ ਅਤੇ ਬੁਨਿਆਦੀ ਢਾਂਚੇ ਨੂੰ ਵੀ ਨਹੀਂ ਸੁਧਾਰਿਆ ਜਾ ਸਕਿਆ। ਰਾਜਨੀਤਕ ਹਠ ਦੀ ਇਕ ਹੱਦ ਹੁੰਦੀ ਹੈ। ਜੇ ਇਸ ਹੱਦ ਨੂੰ ਟੱਪ ਲਿਆ ਜਾਂਦਾ ਹੈ ਤਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਭਾਜਪਾ ਨੇ ਕੇਜਰੀਵਾਲ ਦੇ ਸਮੱਸਿਆਵਾਂ ਉਪਜਾਉਣ ਵਾਲੇ ਇਸੇ ਰਵੱਈਏ ਦਾ ਫ਼ਾਇਦਾ ਚੁੱਕਿਆ। ਭਾਜਪਾ ਨੇ ਦਿੱਲੀ ਵਿਚ ਜ਼ੋਰਦਾਰ ਰਾਜਨੀਤਕ ਸਫਲਤਾ ਮੁੱਖ ਮੰਤਰੀ ਦੇ ਦਾਅਵੇਦਾਰ ਦਾ ਐਲਾਨ ਕੀਤੇ ਬਿਨਾਂ ਹਾਸਲ ਕੀਤੀ। ਭਾਜਪਾ ਨੂੰ ਇਸ ਦਾ ਵੀ ਲਾਭ ਹੋਇਆ ਕਿ ਉਸ ਦੇ ਚੁਣਾਵੀ ਐਲਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਗਾਰੰਟੀ ਦੱਸ ਕੇ ਦਿੱਲੀ ਦੀ ਜਨਤਾ ਨੂੰ ਭਰੋਸਾ ਦਿੱਤਾ ਸੀ। ਭਾਜਪਾ ਇਸ ਲਈ ਵੀ ਦਿੱਲੀ ਵਿਚ ਬਾਜ਼ੀ ਪਲਟਣ ਵਿਚ ਕਾਮਯਾਬ ਰਹੀ ਕਿਉਂਕਿ ਉਸ ਨੇ ਅਸਰਦਾਰ ਰਣਨੀਤੀ ਨਾਲ ਆਰਐੱਸਐੱਸ ਨਾਲ ਬਿਹਤਰ ਤਾਲਮੇਲ ਕਾਇਮ ਕੀਤਾ ਅਤੇ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਧੜੇਬੰਦੀ ਦਿੱਲੀ ਭਾਜਪਾ ਦੀ ਇਕ ਵੱਡੀ ਸਮੱਸਿਆ ਰਹੀ ਹੈ।

ਉਮੀਦ ਕੀਤੀ ਜਾਂਦੀ ਹੈ ਕਿ ਇਹ ਸਮੱਸਿਆ ਫਿਰ ਨਹੀਂ ਉੱਭਰੇਗੀ ਅਤੇ ਭਾਜਪਾ ਭਾਵੀ ਮੁੱਖ ਮੰਤਰੀ ਦੇ ਪਿੱਛੇ ਇਕਜੁੱਟ ਦਿਖਾਈ ਦੇਵੇਗੀ। ਚੋਣਾਂ ਦੇ ਸਮੇਂ ‘ਆਪ’ ਦੀ ਰੰਗਤ ਇਸ ਲਈ ਫਿੱਕੀ ਦਿਸ ਰਹੀ ਸੀ ਕਿਉਂਕਿ ਉਸ ਦਾ ਜ਼ਿਆਦਾਤਰ ਸਮਾਂ ਦੋਸ਼ਾਂ ਦਾ ਜਵਾਬ ਦੇਣ ਵਿਚ ਜ਼ਾਇਆ ਹੋ ਰਿਹਾ ਸੀ। ਉਹ ਦਿੱਲੀ ਦੀਆਂ ਸਮੱਸਿਆਵਾਂ ਲਈ ਕੇਂਦਰ ਨੂੰ ਦੋਸ਼ ਦੇ ਰਹੀ ਸੀ ਪਰ ਜਨਤਾ ਨੂੰ ਦਿਸ ਰਿਹਾ ਸੀ ‘ਆਪ’ ਸਰਕਾਰ ਆਪਣੇ ਹਿੱਸੇ ਦੇ ਵੀ ਕੰਮ ਨਹੀਂ ਕਰ ਰਹੀ। ਦਿੱਲੀ ਦੀ ਜਨਤਾ ਨੂੰ ਆਪਣੀਆਂ ਸਮੱਸਿਆਵਾਂ ਘੱਟ ਹੋਣ ਦੀ ਥਾਂ ਵਧਦੀਆਂ ਦਿਸ ਰਹੀਆਂ ਸਨ। ਭਾਵੇਂ ਆਪ’ ਇਕ ਕੇਡਰ ਆਧਾਰਤ ਪਾਰਟੀ ਹੋਵੇ ਪਰ ਕੇਜਰੀਵਾਲ ਨੇ ਹੌਲੀ-ਹੌਲੀ ਸਾਰੇ ਬਾਨੀ ਮੈਂਬਰਾਂ ਨੂੰ ਖੁੱਡੇ ਲਾ ਦਿੱਤਾ।

ਉਹ ਪਾਰਟੀ ਦੇ ਪ੍ਰਤੀਕ ਬਣ ਗਏ। ਕੇਜਰੀਵਾਲ ਜਦ ਦੂਜਿਆਂ ’ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਉਂਦੇ ਸਨ ਤਾਂ ਆਖਦੇ ਸਨ ਕਿ ਅਸਤੀਫ਼ਾ ਦੇ ਕੇ ਖ਼ੁਦ ਨੂੰ ਬੇਗੁਨਾਹ ਸਾਬਿਤ ਕਰੋ ਪਰ ਜਦ ਆਪਣੀ ਵਾਰੀ ਆਈ ਤਾਂ ਉਨ੍ਹਾਂ ਨੇ ਇਸ ਨਸੀਹਤ ’ਤੇ ਅਮਲ ਨਹੀਂ ਕੀਤਾ। ਉਨ੍ਹਾਂ ਨੇ ਜੇਲ੍ਹ ਤੋਂ ਹੀ ਸਰਕਾਰ ਚਲਾਉਣ ਦੀ ਅੜੀ ਫੜੀ। ਉਨ੍ਹਾਂ ਨੇ ਮਜਬੂਰੀ ਵਿਚ ਉਦੋਂ ਅਸਤੀਫ਼ਾ ਦਿੱਤਾ ਜਦ ਸੁਪਰੀਮ ਕੋਰਟ ਨੇ ਇਹ ਸ਼ਰਤ ਲਗਾ ਦਿੱਤੀ ਕਿ ਜ਼ਮਾਨਤ ਦੌਰਾਨ ਉਹ ਮੁੱਖ ਮੰਤਰੀ ਦੇ ਦਫ਼ਤਰ ਨਹੀਂ ਜਾ ਸਕਦੇ। ਉਨ੍ਹਾਂ ਨੇ ਅਸਤੀਫ਼ਾ ਦੇ ਕੇ ਆਤਿਸ਼ੀ ਨੂੰ ਮੁੱਖ ਮੰਤਰੀ ਤਾਂ ਬਣਾਇਆ ਪਰ ਚੋਣਾਂ ਤੋਂ ਪਹਿਲਾਂ ਇਹ ਕਹਿ ਦਿੱਤਾ ਕਿ ਪਾਰਟੀ ਜਿੱਤਦੀ ਹੈ ਤਾਂ ਉਹ ਫਿਰ ਤੋਂ ਮੁੱਖ ਮੰਤਰੀ ਬਣਨਗੇ।

ਸਾਂਝਾ ਕਰੋ

ਪੜ੍ਹੋ