
ਨਵੀਂ ਦਿੱਲੀ, 9 ਫਰਵਰੀ – ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 70 ਸੀਟਾਂ ਦੇ ਨਤੀਜੇ ਆ ਗਏ ਹਨ। ‘ਆਪ’ ਦਿੱਲੀ ‘ਚ 12 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਸੀ, ਪਰ ਇਸ ਵਾਰ ਨਤੀਜੇ ਬਦਲ ਗਏ। ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ ਤੇ ‘ਆਪ’ 22 ਸੀਟਾਂ ‘ਤੇ ਸਿਮਟ ਗਈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਅਜੇ ਵੀ ਸਾਫ਼ ਨਹੀਂ ਹੈ ਪਰ ਕੁਝ ਸੀਟਾਂ ਅਜਿਹੀਆਂ ਵੀ ਹਨ, ਜਿਨ੍ਹਾਂ ‘ਤੇ ਉਮੀਦਵਾਰਾਂ ਨੇ ਬਹੁਤ ਹੀ ਦਿਲਚਸਪ ਜਿੱਤਾਂ ਹਾਸਲ ਕੀਤੀਆਂ ਹਨ।
ਜੇਕਰ 2024 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜ ਸਭ ਤੋਂ ਵੱਡੀਆਂ ਜਿੱਤਾਂ ਦੀ ਗੱਲ ਕਰੀਏ ਤਾਂ ਤਿੰਨ ਸੀਟਾਂ ‘ਆਪ’ ਅਤੇ ਦੋ ਸੀਟਾਂ ਭਾਜਪਾ ਦੇ ਹਿੱਸੇ ਆਈਆਂ ਹਨ। ਸਭ ਤੋਂ ਵੱਡੀ ਜਿੱਤ ਦੀ ਗੱਲ ਕਰੀਏ ਤਾਂ ਮਟੀਆ ਮਹਿਲ ਤੋਂ ‘ਆਪ’ ਦੇ ਆਲੇ ਮੁਹੰਮਦ ਇਕਬਾਲ ਦੇ ਖਾਤੇ ‘ਚ ਗਈ ਹੈ। ਆਲੇ ਮੁਹੰਮਦ ਇਕਬਾਲ ਨੇ ਭਾਜਪਾ ਦੀ ਦੀਪਤੀ ਇੰਦੌਰਾ ਨੂੰ 42,724 ਵੋਟਾਂ ਨਾਲ ਹਰਾਇਆ ਹੈ।
ਮਟੀਆ ਮਹਿਲ ਮੁਸਲਿਮ ਬਹੁਲ ਸੀਟ ਹੈ, ਇੱਥੋਂ ‘ਆਪ’ ਨੂੰ ਚੁਣੌਤੀ ਦੇ ਬਾਵਜੂਦ ਵੱਡੀ ਜਿੱਤ ਮਿਲੀ। ਇਹ ਸੀਟ ਸ਼ੋਏਬ ਇਕਬਾਲ ਦਾ ਗੜ੍ਹ ਸੀ। ਸ਼ੋਏਬ ਇਕਬਾਲ ਨੇ ਵੱਖ-ਵੱਖ ਪਾਰਟੀਆਂ ਤੋਂ ਕਈ ਵਾਰ ਸੀਟ ਜਿੱਤੀ ਸੀ। ਆਲੇ ਮੁਹੰਮਦ ਇਕਬਾਲ ਉਸ ਦਾ ਪੁੱਤਰ ਹੈ।ਦੂਜੀ ਸਭ ਤੋਂ ਵੱਡੀ ਜਿੱਤ ਸੀਲਮਪੁਰ ਸੀਟ ਤੋਂ ਮਿਲੀ। ਇੱਥੇ ਆਮ ਆਦਮੀ ਪਾਰਟੀ ਦੇ ਚੌਧਰੀ ਜ਼ੁਬੈਰ ਅਹਿਮਦ ਨੇ ਭਾਜਪਾ ਦੇ ਅਨਿਲ ਕੁਮਾਰ ਸ਼ਰਮਾ (ਗੌੜ) ਨੂੰ 42,477 ਵੋਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰੋਹਿਣੀ ਸੀਟ ਤੀਜੇ ਸਭ ਤੋਂ ਵੱਡੇ ਫ਼ਰਕ ਨਾਲ ਜਿੱਤੀ। ਇੱਥੇ ਭਾਜਪਾ ਦੇ ਵਿਜੇਂਦਰ ਗੁਪਤਾ ਨੇ ‘ਆਪ’ ਦੇ ਪ੍ਰਦੀਪ ਮਿੱਤਲ ਨੂੰ 37,816 ਵੋਟਾਂ ਨਾਲ ਹਰਾਇਆ। ਦਿਓਲੀ ਸੀਟ ਜਿੱਤ ਦੇ ਫ਼ਰਕ ਨਾਲ ਚੌਥੇ ਨੰਬਰ ‘ਤੇ ਰਹੀ।