ਦਿਲਵਾਲਿਆਂ ਦੇ ਬਦਲੇ ਮਨ

ਨਵੀਂ ਦਿੱਲੀ, 9 ਫਰਵਰੀ – ਆਮ ਆਦਮੀ ਪਾਰਟੀ ਨਾਲੋਂ ਜ਼ਿਆਦਾ ਰਿਓੜੀਆਂ ਦੇਣ ਦਾ ਵਾਅਦਾ ਕਰਕੇ ਭਾਜਪਾ ਨੇ ਦਿੱਲੀ ਅਸੈਂਬਲੀ ਦੀਆਂ 70 ਵਿੱਚੋਂ 48 ਸੀਟਾਂ ਜਿੱਤ ਕੇ 21 ਸਾਲਾਂ ਬਾਅਦ ਸਨਿੱਚਰਵਾਰ ਸ਼ਾਨਦਾਰ ਵਾਪਸੀ ਕੀਤੀ। ਭਾਜਪਾ ਦੀ ਹਨੇਰੀ ਅੱਗੇ ‘ਆਪ’ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਹਲਕੇ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ, ਮੰਤਰੀ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼, ਸਾਬਕਾ ਮੰਤਰੀ ਸੋਮਨਾਥ ਭਾਰਤੀ ਮਾਲਵੀਆ ਨਗਰ ਤੇ ਦੁਰਗੇਸ਼ ਪਾਠਕ ਰਜਿੰਦਰ ਨਗਰ ਤੋਂ ਉੱਡ ਗਏ। ਮੁੱਖ ਮੰਤਰੀ ਆਤਿਸ਼ੀ ਆਪਣੀ ਕਾਲਕਾਜੀ ਸੀਟ ਬਚਾਉਣ ਵਿੱਚ ਸਫਲ ਰਹੀ।

ਆਪ ਉਮੀਦਵਾਰ 13 ਸੀਟਾਂ ’ਤੇ ਕਾਂਗਰਸ ਕਰਕੇ ਹਾਰੇ, ਕਿਉਕਿ ਉਨ੍ਹਾਂ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਜਿੰਨਾ ਫਰਕ ਰਿਹਾ, ਉਹ ਕਾਂਗਰਸ ਨੂੰ ਮਿਲੀਆਂ ਵੋਟਾਂ ਨਾਲੋਂ ਘੱਟ ਸੀ। ਹਾਲਾਂਕਿ ਕਾਂਗਰਸ ਦੇ 70 ਵਿੱਚੋਂ 68 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਨੂੰ 4089 ਵੋਟਾਂ ਨਾਲ ਹਰਾਇਆ, ਜਦਕਿ ਕਾਂਗਰਸ ਦੇ ਸੰਦੀਪ ਦੀਕਸ਼ਿਤ (ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬੇਟੇ) ਨੂੰ 4568 ਵੋਟਾਂ ਹੀ ਮਿਲੀਆਂ।

ਭਾਜਪਾ ਦੇ ਦੋਹਾਂ ਸਾਬਕਾ ਮੁੱਖ ਮੰਤਰੀਆਂ ਦੇ ਬੇਟੇ ਚੋਣ ਜਿੱਤ ਗਏ। ਨਵੀਂ ਦਿੱਲੀ ਤੋਂ ਸਾਹਿਬ ਸਿੰਘ ਵਰਮਾ ਦੇ ਬੇਟੇ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਨੂੰ ਨਵੀਂ ਦਿੱਲੀ ਹਲਕੇ ’ਚ ਹਰਾਇਆ, ਜਦਕਿ ਮਦਨ ਲਾਲ ਖੁਰਾਣਾ ਦੇ ਬੇਟੇ ਹਰੀਸ਼ ਖੁਰਾਣਾ ਨੇ ਮੋਤੀਨਗਰ ’ਚ ਜਿੱਤ ਦਰਜ ਕੀਤੀ। ਭਾਜਪਾ ਦੀਆਂ ਪਿਛਲੀਆਂ ਚੋਣਾਂ ਦੇ ਮੁਕਾਬਲੇ 40 ਸੀਟਾਂ ਵਧੀਆਂ, ਜਦਕਿ ‘ਆਪ’ ਨੂੰ 40 ਸੀਟਾਂ ਦਾ ਨੁਕਸਾਨ ਹੋਇਆ। ਕਾਂਗਰਸ ਲਗਾਤਾਰ ਤੀਜੀ ਵਾਰ ਕੋਈ ਸੀਟ ਨਹੀਂ ਜਿੱਤ ਸਕੀ। ਭਾਜਪਾ ਦੇ ਵੋਟ ਸ਼ੇਅਰ ਵਿੱਚ 9 ਫੀਸਦੀ ਦਾ ਵਾਧਾ ਹੋਇਆ, ਜਦਕਿ ਆਪ ਦੇ ਵੋਟ ਸ਼ੇਅਰ ਵਿੱਚ 10 ਫੀਸਦੀ ਦੀ ਕਮੀ ਆਈ।

ਕਾਂਗਰਸ ਨੂੰ ਭਾਵੇਂ ਕੋਈ ਸੀਟ ਨਹੀਂ ਮਿਲੀ, ਪਰ ਉਹ ਵੋਟ ਸ਼ੇਅਰ 2 ਫੀਸਦੀ ਵਧਾਉਣ ਵਿੱਚ ਕਾਮਯਾਬ ਰਹੀ। ਭਾਜਪਾ ਨੇ 1993 ਵਿੱਚ 53 ਸੀਟਾਂ, ਯਾਨੀਕਿ ਦੋ-ਤਿਹਾਈ, ਜਿੱਤ ਕੇ ਸਰਕਾਰ ਬਣਾਈ ਸੀ ਤੇ ਪੰਜ ਸਾਲਾਂ ਵਿੱਚ ਉਸ ਦੇ ਤਿੰਨ ਮੁੱਖ ਮੰਤਰੀ ਰਹੇ ਸਨਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਤੇ ਸੁਸ਼ਮਾ ਸਵਰਾਜ। ਭਾਜਪਾ ਨੇ 2020 ਵਿੱਚ 8 ਸੀਟਾਂ ਜਿੱਤੀਆਂ ਸਨ ਤੇ ਹੁਣ ਤਿੰਨ ਗੁਣਾ ਵੱਧ ਜਿੱਤ ਲਈਆਂ। ਇਤਿਹਾਸ ਨੂੰ ਦੇਖੀਏ ਤਾਂ ਜਦੋਂ-ਜਦੋਂ ਮੁੱਖ ਮੰਤਰੀ ਮਹਿਲਾ ਰਹੀ, ਅਗਲੀ ਵਾਰ ਦੂਜੀ ਪਾਰਟੀ ਹੀ ਸੱਤਾ ਵਿੱਚ ਆਈ। ਜਦੋਂ ਭਾਜਪਾ ਦੀ ਮੁੱਖ ਮੰਤਰੀ ਸੁਸ਼ਮਾ ਸਵਰਾਜ ਸੀ ਤਾਂ ਅਗਲੀ ਚੋਣ ਵਿੱਚ ਕਾਂਗਰਸ ਜਿੱਤੀ ਤੇ ਸ਼ੀਲਾ ਦੀਕਸ਼ਿਤ 15 ਸਾਲ ਮੁੱਖ ਮੰਤਰੀ ਰਹੀ।

ਫਿਰ ਕੇਜਰੀਵਾਲ ਨਵੀਂ ਦਿੱਲੀ ਹਲਕੇ ’ਚ ਸ਼ੀਲਾ ਦੀਕਸ਼ਿਤ ਨੂੰ ਹਰਾ ਕੇ ਮੁੱਖ ਮੰਤਰੀ ਬਣੇ। ਹੁਣ ‘ਆਪ’ ਦੀ ਆਤਿਸ਼ੀ ਮੁੱਖ ਮੰਤਰੀ ਸੀ ਤਾਂ ਭਾਜਪਾ ਜਿੱਤ ਗਈ। ਜੰਗਪੁਰਾ ਵਿੱਚ ਸਿਸੋਦੀਆ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਤੋਂ 675 ਵੋਟਾਂ ਨਾਲ ਹਾਰੇ ਤੇ ਇੱਥੇ ਕਾਂਗਰਸੀ ਉਮੀਦਵਾਰ ਫਰਹਾਦ ਸੂਰੀ ਨੂੰ 7350 ਵੋਟਾਂ ਮਿਲੀਆਂ। ਗ੍ਰੇਟਰ ਕੈਲਾਸ਼ ਤੋਂ ਆਪ ਦੇ ਸੌਰਭ ਭਾਰਦਵਾਜ ਨੂੰ ਭਾਜਪਾ ਦੀ ਸ਼ਿਖਾ ਰਾਇ ਨੇ 3188 ਵੋਟਾਂ ਨਾਲ ਹਰਾਇਆ ਤੇ ਇੱਥੇ ਕਾਂਗਰਸ ਦੇ ਗਰਵਿਤ ਸਿੰਘਵੀ 6711 ਵੋਟਾਂ ਲੈ ਗਏ। ਮਾਲਵੀਆ ਨਗਰ ਵਿੱਚ ਸੋਮਨਾਥ ਭਾਰਤੀ ਭਾਜਪਾ ਦੇ ਸਤੀਸ਼ ਉਪਾਧਿਆਇ ਤੋਂ 2131 ਵੋਟਾਂ ਨਾਲ ਹਾਰੇ ਤੇ ਇੱਥੇ ਕਾਂਗਰਸ ਦੇ ਜਤਿੰਦਰ ਸਿੰਘ ਕੋਚਰ 6770 ਵੋਟਾਂ ਲੈ ਗਏ।

ਮੱਦੀਪੁਰ ’ਚ ਡਿਪਟੀ ਸਪੀਕਰ ਰਾਖੀ ਬਿਰਲਾ ਨੂੰ ਭਾਜਪਾ ਦੇ ਕੈਲਾਸ਼ ਗੰਗਵਾਲ ਨੇ 10899 ਵੋਟਾਂ ਨਾਲ ਹਰਾਇਆ ਤੇ ਇੱਥੇ ਕਾਂਗਰਸ ਦੇ ਜੇ ਪੀ ਪੰਵਾਰ ਨੇ 17958 ਵੋਟਾਂ ਲਈਆਂ। ਰਜਿੰਦਰ ਨਗਰ ਵਿੱਚ ਭਾਜਪਾ ਦੇ ਉਮੰਗ ਬਜਾਜ ਨੇ ਆਪ ਦੇ ਦੁਰਗੇਸ਼ ਪਾਠਕ ਨੂੰ ਹਰਾਇਆ ਤੇ ਇੱਥੇ ਕਾਂਗਰਸ ਦੇ ਵਿਨੀਤ ਯਾਦਵ ਨੂੰ 4015 ਵੋਟਾਂ ਮਿਲੀਆਂ। ਸੰਗਮ ਵਿਹਾਰ ਤੋਂ ਆਪ ਦੇ ਦਿਨੇਸ਼ ਮੁਹਾਨੀਆ ਭਾਜਪਾ ਦੇ ਚੰਦਨ ਕੁਮਾਰ ਚੌਧਰੀ ਤੋਂ 344 ਵੋਟਾਂ ਨਾਲ ਹਾਰੇ ਤੇ ਇੱਥੇ ਕਾਂਗਰਸ ਦੇ ਹਰਸ਼ ਚੌਧਰੀ ਨੇ 15863 ਵੋਟਾਂ ਹਾਸਲ ਕੀਤੀਆਂ।

ਇਨ੍ਹਾਂ ਤੋਂ ਇਲਾਵਾ ਆਪ ਨੂੰ ਬਾਦਲੀ, ਛਤਰਪੁਰ, ਮਹਿਰੌਲੀ, ਨਾਂਗਲਈ ਜਾਟ, ਤਿਮਾਰਪੁਰ ਤੇ ਤਿ੍ਰਲੋਕਪੁਰੀ ਵਿੱਚ ਵੀ ਕਾਂਗਰਸ ਉਮੀਦਵਾਰਾਂ ਦੀ ਵਧੀਆ ਕਾਰਗੁਜ਼ਾਰੀ ਕਾਰਨ ਹਾਰ ਦਾ ਮੂੰਹ ਦੇਖਣਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਤ ਨੂੰ ‘ਵਿਕਾਸ ਤੇ ਸੁਸ਼ਾਸਨ ਦੀ ਜਿੱਤ’ ਕਰਾਰ ਦਿੱਤਾ ਹੈ। ਉਨ੍ਹਾ ਕਿਹਾਅਸੀਂ ਦਿੱਲੀ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ। ਜਨ ਸ਼ਕਤੀ ਸਭ ਤੋਂ ਉੱਪਰ ਹੈ! ਵਿਕਾਸ ਦੀ ਜਿੱਤ ਹੋਈ ਹੈ, ਸੁਸ਼ਾਸਨ ਨੇ ਫ਼ਤਹਿ ਦਰਜ ਕੀਤੀ ਹੈ। ਮੈਂ ਭਾਜਪਾ ਨੂੰ ਦਿੱਤੇ ਇਸ ਸ਼ਾਨਦਾਰ ਅਤੇ ਇਤਿਹਾਸਕ ਫਤਵੇ ਲਈ ਦਿੱਲੀ ਦੀਆਂ ਆਪਣੀਆਂ ਪਿਆਰੀਆਂ ਭੈਣਾਂ ਅਤੇ ਭਰਾਵਾਂ ਨੂੰ ਨਮਨ ਕਰਦਾ ਹਾਂ।

ਅਸੀਂ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਕੇ ਨਿਮਰ ਅਤੇ ਸਨਮਾਨਤ ਮਹਿਸੂਸ ਕਰ ਰਹੇ ਹਾਂ। ਸਾਡੀ ਗਰੰਟੀ ਹੈ ਕਿ ਅਸੀਂ ਦਿੱਲੀ ਦਾ ਵਿਕਾਸ ਕਰਨ, ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਦਿੱਲੀ ਦੀ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਪ੍ਰਮੁੱਖ ਭੂਮਿਕਾ ਹੋਵੇ, ਕੋਈ ਕਸਰ ਬਾਕੀ ਨਹੀਂ ਛੱਡਾਂਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਲੋਕਾਂ ਨੂੰ ਵਾਰ-ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਝੂਠ ਦੀ ਸਿਆਸਤ ਦਾ ਅੰਤ ਹੋ ਗਿਆ ਹੈ। ਲੋਕਾਂ ਨੇ ਆਪਣੀਆਂ ਵੋਟਾਂ ਨਾਲ ਗੰਦੀ ਯਮੁਨਾ, ਪੀਣ ਵਾਲਾ ਗੰਦਾ ਪਾਣੀ, ਟੁੱਟੀਆਂ ਸੜਕਾਂ, ਓਵਰਫਲੋਅ ਹੁੰਦੇ ਸੀਵਰਾਂ ਅਤੇ ਹਰੇਕ ਗਲੀ ਵਿੱਚ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ ਦਾ ਜਵਾਬ ਦਿੱਤਾ ਹੈ।

ਸਾਂਝਾ ਕਰੋ

ਪੜ੍ਹੋ