
ਅੱਠਵੀਂ ਜਮਾਤ ਕਮਰੇ ਵਿੱਚ ਬੈਠੀ ਹੋਈ ਸੀ ਅਤੇ ਤੀਜੇ ਪੀਰੀਅਡ ਦੀ ਘੰਟੀ ਹੁਣੇ ਹੁਣੇ ਹੁਣੇ ਵੱਜੀ ਸੀ। ਜਿਉਂ ਹੀ ਪੰਜਾਬੀ ਵਾਲੇ ਦਵਿੰਦਰ ਮੈਡਮ ਕਮਰੇ ਵਿੱਚ ਆਏ, ਚੁੱਪ ਪਸਰ ਗਈ। ਉਨ੍ਹਾਂ ਨੇ ਕੁਰਸੀ ਦੀ ਪਿੱਠ ’ਤੇ ਆਪਣਾ ਪਰਸ ਲਟਕਾਇਆ। ਪੁੱਛਣ ਲੱਗੇ, ‘‘ਹਾਂ ਬਈ, ਕੱਲ੍ਹ ਆਪਾਂ ਕਿਹੜੀ ਕਹਾਣੀ ਪੜ੍ਹੀ ਸੀ?’’
ਵਿਦਿਆਰਥੀ ਇੱਕੋ ਆਵਾਜ਼ ਵਿੱਚ ਬੋਲੇ, ‘‘ਮੈਡਮ ਜੀ, ਦਲੇਰੀ।’’
‘‘ਸ਼ਾਬਾਸ਼!’’ ਦਵਿੰਦਰ ਮੈਡਮ ਨੇ ਫਿਰ ਅਗਲਾ ਸਵਾਲ ਕੀਤਾ, ‘‘ਅੱਜ ਆਪਾਂ ਕਿਹੜਾ ਪਾਠ ਪੜ੍ਹਨਾ ਏ?’’
ਸਿਮਰਨ ਇਕਦਮ ਬੋਲੀ, ‘‘ਮੈਡਮ ਜੀ, ‘ਘੁੱਗੀ’ ਕਵਿਤਾ।’’ ਫਿਰ ਅੱਗੋਂ ਬੋਲੀ, ‘‘ਮੈਂ ਇਹ ਕਵਿਤਾ ਰਾਤੀਂ ਹੀ ਪੜ੍ਹ ਲਈ ਸੀ ਜੀ। ਮੈਨੂੰ ਸੁਪਨਾ ਵੀ…।’’ ਗੱਲ ਕਰਦੀ ਕਰਦੀ ਸਿਮਰਨ ਕੁਝ ਦੱਸਣੋਂ ਸੰਗ ਗਈ।
‘‘ਹਾਂ ਹਾਂ, ਸਿਮਰਨ ਦੱਸ ਕੀ ਸੁਪਨਾ ਆਇਆ ਸੀ? ਸੰਗੀਦਾ ਨੀਂ ਹੁੰਦਾ ਬੱਚੇ…। ਖੁੱਲ੍ਹ ਕੇ ਆਪਣੀ ਗੱਲ ਕਰਨੀ ਚਾਹੀਦੀ ਏ। ਆ, ਮੇਰੇ ਕੋਲ ਆ ਕੇ ਦੱਸ ਸਾਰਿਆਂ ਨੂੰ। ਕੀ ਸੁਪਨਾ ਆਇਆ ਸੀ ਤੈਨੂੰ?’’
ਸਿਮਰਨ ਮੈਡਮ ਦੀ ਕੁਰਸੀ ਕੋਲ ਆ ਕੇ ਖੜ੍ਹ ਗਈ। ਫਿਰ ਕੁਝ ਸ਼ਰਮਾ ਕੇ ਤੇ ਮੁਸਕਰਾ ਕੇ ਆਪਣੇ ਜਮਾਤੀਆਂ ਵੱਲ ਝਾਕੀ। ਕਹਿਣ ਲੱਗੀ, ‘‘ਮੈਡਮ ਜੀ, ਸੁਪਨੇ ਵਿੱਚ ਮੈਂ ਵੀ ਘੁੱਗੀ ਬਣ ਗਈ…।’’
‘‘ਘੁੱਗੀ?’’ ਜਮਾਤ ਵਿੱਚੋਂ ਕੁਝ ਆਵਾਜ਼ਾਂ ਆਈਆਂ, ‘‘ਉਏ ਸਿਮਰਨ ਸੁਪਨੇ ਵਿੱਚ ਘੁੱਗੀ ਬਣ ਗਈ…। ਘੁੱਗੀ…।’’ ਦਵਿੰਦਰ ਮੈਡਮ ਨੇ ਇਕਦਮ ਝਿੜਕ ਮਾਰੀ। ਜਮਾਤ ਵਿੱਚ ਕਾਨਾਫੂਸੀ ਬੰਦ ਹੋ ਗਈ।
‘‘ਹਾਂ, ਦੱਸ ਸਿਮਰਨ। ਸਾਰੀ ਝਿਜਕ ਲਾਹ ਕੇ ਬੋਲ।’’ ਸਿਮਰਨ ਦੀ ਪਿੱਠ ’ਤੇ ਪਿਆਰ ਨਾਲ ਹੱਥ ਫੇਰਦੇ ਹੋਏ ਮੈਡਮ ਬੋਲੇ।
ਸਿਮਰਨ ਹੌਲੀ ਹੌਲੀ ਬੋਲਣ ਲੱਗੀ, ‘‘ਮੈਡਮ, ਮੈਂ ਟਾਹਲੀ ’ਤੇ ਬੈਠੀ ਹੋਈ ਗਾ ਰਹੀ ਸਾਂ, ‘ਟਾਹਲੀ ਮੇਰੇ ਬੱਚੜੇ, ਲੱਕ ਟੁਣੂੰ, ਵੱਡੇ ਹੋਏ ਉੱਡ ਜਾਣਗੇ, ਲੱਕ ਟੁਣੂੰ…।’’
ਹੌਲੀ ਹੌਲੀ ਸਿਮਰਨ ਦੀ ਆਵਾਜ਼ ਕੁਝ ਉੱਚੀ ਹੋ ਗਈ, ‘‘ਫਿਰ ਮੈਂ ਇੱਕ ਘਰ ਦੀ ਛੱਤ ’ਤੇ ਬਾਕੀ ਪੰਛੀਆਂ ਨਾਲ ਬੈਠ ਕੇ ਚੋਗਾ ਚੁੱਗਣ ਲੱਗੀ। ਚਾਣਚੱਕ, ਕਿਸੇ ਨੇ ਗੋਲੀ ਚਲਾਈ ਜਾਂ ਬੰਬ। ਅਸੀਂ ਸਾਰੇ ਪੰਛੀ ਤ੍ਰਭਕ ਕੇ ਜਾਨ ਬਚਾਉਣ ਲਈ ਅਸਮਾਨ ਵੱਲ ਉੱਡੇ, ਪਰ ਅਗਲੇ ਹੀ ਪਲ ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੀ ਗਰਦਣ ਚੀਰ ਦਿੱਤੀ ਹੋਵੇ…।’’
ਜਮਾਤ ਵਿੱਚ ਪਿਛਲੇ ਬੈਂਚਾਂ ’ਤੇ ਬੈਠੇ ਕੁਝ ਵਿਦਿਆਰਥੀ ਅਗਲੇ ਬੈਂਚਾਂ ’ਤੇ ਆ ਬੈਠੇ।
ਮੈਡਮ ਬੋਲੇ, ‘‘ਹਾਂ! ਮੈਂ ਸਮਝ ਗਈ ਹਾਂ…। ਅੱਗੋਂ ਦੱਸ…ਕੀ ਹੋਇਆ?’’
ਸਿਮਰਨ ਹਉਕਾ ਜਿਹਾ ਭਰ ਕੇ ਬੋਲੀ, ‘‘ਮੈਡਮ, ਮੇਰੀ ਗਰਦਣ ਨੂੰ ਪਤੰਗ ਵਾਲੀ ਡੋਰ ਨੇ ਚੀਰ ਦਿੱਤਾ ਸੀ। ਇਕਦਮ ਤੇਜ਼ੀ ਨਾਲ ਅਸਮਾਨ ਵੱਲ ਉੱਡਣ ਕਰਕੇ ਮੈਨੂੰ ਉਹ ਡੋਰ ਨਹੀਂ ਸੀ ਦਿਖੀ…। ਕੁਝ ਦੂਰ ਛੱਤਾਂ ’ਤੇ ਖੜ੍ਹੇ ਮੁੰਡੇ ਪਤੰਗ ਉਡਾ ਰਹੇ ਸਨ। ਜਦੋਂ ਮੈਂ ਜ਼ਖ਼ਮੀ ਹੋ ਕੇ ਇਕਦਮ ਧੜੰਮ ਕਰਕੇ ਹੇਠਾਂ ਆਣ ਡਿੱਗੀ ਤਾਂ ਮੇਰੀ ਚੀਕ ਨਿਕਲ ਗਈ। ਮੇਰੇ ਮੰਮਾ ਇਕਦਮ ਜਾਗ ਪਏ। ਪੁੱਛਣ ਲੱਗੇ, ‘ਸਿਮਰ ਬੇਟੀ, ਕੋਈ ਭੈੜਾ ਸੁਪਨਾ ਆ ਰਿਹਾ ਸੀ?’
‘‘ਮੈਂ ਮੰਮਾ ਨੂੰ ਸੁਪਨੇ ਵਾਲੀ ਗੱਲ ਦੱਸੀ। ਮੰਮਾ ਮੈਨੂੰ ਮੁੜ ਸੁਆਉਣ ਲੱਗੇ, ਪਰ ਨੀਂਦ ਨਾ ਆਈ…। ਮੈਂ ਰੱਬ ਦਾ ਸ਼ੁਕਰ ਕੀਤਾ ਕਿ ਇਹ ਸੁਪਨਾ ਹੀ ਸੀ।’’ ਫਿਰ ਸਿਮਰਨ ਚੁੱਪ ਕਰ ਕੇ ਮੁੜ ਆਪਣੇ ਬੈਂਚ ’ਤੇ ਜਾ ਬੈਠੀ।
ਦਵਿੰਦਰ ਮੈਡਮ ਕਹਿਣ ਲੱਗੇ, ‘‘ਬੱਚਿਓ, ਸਿਮਰਨ ਨੇ ਜਿਹੜਾ ਦਰਦਮਈ ਸੁਪਨਾ ਆਪਾਂ ਨੂੰ ਸੁਣਾਇਐ, ਇਸ ਲਈ ਮਨੁੱਖ ਹੀ ਜ਼ਿੰਮੇਵਾਰ ਹੈ।’’
ਸਾਰੀ ਜਮਾਤ ਮੈਡਮ ਦੀਆਂ ਗੱਲਾਂ ਉਤਸੁਕਤਾ ਨਾਲ ਸੁਣਨ ਲੱਗੀ। ਮੈਡਮ ਬੋਲੇ, ‘‘ਬੱਚਿਓ, ਜਿਹੜੀ ਚਾਈਨਾ ਡੋਰ ਏ, ਉਹ ਪਸ਼ੂ ਪੰਛੀਆਂ ਲਈ ਹੀ ਨਹੀਂ, ਖ਼ੁਦ ਮਨੁੱਖੀ ਜਾਨਾਂ ਦਾ ਖੌਅ ਬਣ ਰਹੀ ਏ।’’
ਰਮਾ ਬੋਲੀ, ‘‘ਮੈਡਮ ਜੀ, ਪਿਛਲੇ ਸਾਲ ਮੇਰੇ ਤਾਇਆ ਜੀ ਬਾਈਕ ’ਤੇ ਆ ਰਹੇ ਸਨ, ਉਨ੍ਹਾਂ ਦੇ ਗਲ ਵਿੱਚ ਵੀ ਚਾਈਨਾ ਡੋਰ ਫਸ ਗਈ ਸੀ। ਬੜਾ ਖ਼ੂਨ ਨਿਕਲਿਆ ਸੀ ਗਰਦਣ ’ਚੋਂ। ਮੇਰੇ ਪਾਪਾ ਉਨ੍ਹਾਂ ਨੂੰ ਫਟਾਫਟ ਹਸਪਤਾਲ ਲੈ ਕੇ ਗਏ। ਥੈਂਕ ਗੌਡ, ਬਚਾਅ ਰਹਿ ਗਿਆ ਸੀ ਜੀ।’’
‘‘ਹਾਂ ਰਮਾ, ਅਜਿਹੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਨੇ। ਇੱਕ ਨਹੀਂ, ਅਨੇਕ ਵਿਅਕਤੀਆਂ ਨਾਲ। ਬੱਚਿਆਂ ਨਾਲ ਵੀ ਤੇ ਵੱਡਿਆਂ ਨਾਲ ਵੀ। ਜਦੋਂ ਅਸੀਂ ਨਿੱਕੇ ਹੁੰਦੇ ਸਾਂ, ਉਦੋਂ ਇਸ ਨੂੰ ਕੋਈ ਨਹੀਂ ਸੀ ਵਰਤਦਾ ਹੁੰਦਾ। ਅਸੀਂ ਸੂਤੀ ਡੋਰ ਜਾਂ ਕੱਪੜੇ ਸੀਣ ਵਾਲੀ ਰੀਲ੍ਹ ਦੇ ਧਾਗੇ ਨਾਲ ਹੀ ਉੱਚੀ ਪਤੰਗ ਉਡਾ ਲੈਂਦੇ ਸਾਂ।’’
ਦਿਲਜਾਨ ਇਕਦਮ ਬੋਲਿਆ, ‘‘ਮੈਡਮ, ਕੱਲ੍ਹ ਮੇਰੇ ਪਾਪਾ ਮੋਬਾਈਲ ’ਚ ਇੱਕ ਵੀਡੀਓ ਦਿਖਾ ਰਹੇ ਸਨ। ਪਤੰਗ ਲੁੱਟ ਰਹੇ ਇੱਕ ਇਕਲੌਤੇ ਬੱਚੇ ਦੀ ਇਸ ਕਰਕੇ ਮੌਤ ਹੋ ਗਈ ਸੀ ਕਿਉਂਕਿ ਉਸ ਦੀ ਚਾਈਨਾ ਡੋਰ ਹਾਈ ਵੋਲਟੇਜ਼ ਤਾਰਾਂ ’ਤੇ ਜਾ ਪਈ ਸੀ। ਉਹ ਬੱਚਾ ਬੁਰੀ ਤਰ੍ਹਾਂ ਕਰੰਟ ਦੀ ਲਪੇਟ ਵਿੱਚ ਆ ਗਿਆ ਸੀ।’’
‘‘ਹਾਂ ਦਿਲਜਾਨ।’’ ਮੈਡਮ ਨੇ ਆਪਣੀ ਗੱਲ ਜਾਰੀ ਰੱਖੀ, ‘‘ਮੈਂ ਇਸੇ ਖ਼ਤਰਨਾਕ ਡੋਰ ਬਾਰੇ ਹੋਰ ਦੱਸ ਰਹੀ ਹਾਂ। ਇਸ ਡੋਰ ਉੱਪਰ ਚੌਲਾਂ ਦੇ ਆਟੇ ਦੀ ਲੇਵੀ ਤੇ ਹੋਰ ਧਾਤੂ ਪਦਾਰਥਾਂ ਦੇ ਨਾਲ ਨਾਲ ਕੱਚ ਦੇ ਬਾਰੀਕ ਬਾਰੀਕ ਟੁਕੜੇ ਕਰਕੇ ਉਨ੍ਹਾਂ ਦੀ ਪਰਤ ਚਾੜ੍ਹੀ ਜਾਂਦੀ ਏ। ਮਤਲਬ ਡੋਰ ਨੂੰ ਮਾਂਝਾ ਲਾਇਆ ਜਾਂਦਾ ਏ।’’
‘‘ਮੈਡਮ, ਤਾਂ ਜੋ ਉਹ ਡੋਰ ਹੋਰ ਪੱਕੀ ਹੋ ਸਕੇ।’’ ਪਤੰਗਬਾਜ਼ੀ ਦੇ ਸ਼ੌਕੀਨ ਰਾਹੁਲ ਨੇ ਕਿਹਾ।
‘‘ਬਿਲਕੁਲ!’’ ਮੈਡਮ ਬੋਲੇ, ‘‘ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੂੰ ਨਾ ਪਤਾ ਹੋਵੇ, ਇਸ ਡੋਰ ਨੂੰ ਸਿੰਥੈਟਿਕ ਬਣਾਇਆ ਜਾਂਦਾ ਏ। ਇਹ ਨਾਈਲੋਨ ਦੀ ਬਣੀ ਹੁੰਦੀ ਏ ਤੇ ਛੇਤੀ ਨਹੀਂ ਟੁੱਟਦੀ। ਇਸ ਕਰਕੇ ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ।’’
ਅਨਹਦ ਬੋਲੀ, ‘‘ਮੈਡਮ, ਮੇਰੇ ਪਾਪਾ ਕਹਿ ਰਹੇ ਸਨ ਕਿ ਹੁਣ ਚਾਈਨਾ ਡੋਰ ਵੇਚਣ ਵਾਲੇ ਨੂੰ ਇੱਕ ਲੱਖ ਰੁਪਿਆ ਜੁਰਮਾਨਾ ਲੱਗੇਗਾ ਤੇ ਸਖ਼ਤ ਸਜ਼ਾ ਵੀ ਹੋਵੇਗੀ। ਦੁਕਾਨਾਂ ’ਤੇ ਛਾਪੇ ਵੱਜਣਗੇ।’’
ਮੈਡਮ ਬੋਲੇ, ‘‘ਇਹ ਵੀ ਸਹੀ ਏ।’’
ਮੰਗਤ ਬੋਲਿਆ, ‘‘ਮੈਡਮ ਜੀ, ਮੈਨੂੰ ਪਤੰਗ ਉਡਾਉਣ ਦਾ ਬੜਾ ਸ਼ੌਕ ਏ। ਮੈਂ ਵੀ ਪਿਛਲੇ ਸਾਲ ਇਹੀ ਡੋਰ ਖ਼ਰੀਦੀ ਸੀ, ਪਰ ਹੁਣ ਮੈਂ ਫ਼ੈਸਲਾ ਕੀਤਾ ਏ ਕਿ ਕਦੇ ਵੀ ਇਸ ਡੋਰ ਨਾਲ ਪਤੰਗ ਨਹੀਂ ਉਡਾਵਾਂਗਾ।’’
ਇੱਕ ਤੋਂ ਬਾਅਦ ਦੂਜੇ ਵਿਦਿਆਰਥੀਆਂ ਦੀ ਆਵਾਜ਼ ਆਉਣ ਲੱਗੀ, ‘‘ਮੈਡਮ ਜੀ, ਮੈਂ ਵੀ ਨਹੀਂ…।’’
‘‘ਮੈਂ ਵੀ ਨਹੀਂ ਇਸ ਨੂੰ ਵਰਤਾਂਗਾ ਜੀ…।’’
ਦਵਿੰਦਰ ਮੈਡਮ ਨੇ ਵੇਖਿਆ ਤਾਂ ਸਾਰੀ ਜਮਾਤ ਦੇ ਹੱਥ ਖੜ੍ਹੇ ਸਨ।
ਸਿਮਰਨ ਦੀ ਮੁਸਕਾਨ ਵੇਖਣ ਵਾਲੀ ਸੀ।
ਮੈਡਮ ਨੇ ਬੱਚਿਆਂ ਵੱਲ ਮੁਸਕਰਾ ਕੇ ਅਜੇ ‘ਸ਼ਾਬਾਸ਼ ਬੱਚਿਓ’ ਹੀ ਕਿਹਾ ਸੀ ਕਿ ਅਗਲੇ ਪੀਰੀਅਡ ਦੀ ਘੰਟੀ ਵੱਜ ਗਈ।