
ਰੀਤੀ ਰਿਵਾਜ ਅਤੇ ਰਸਮਾਂ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਉਸ ਸਮੇਂ ਦੇ ਸਮਾਜ ਦੀ ਧਾਰਮਿਕ, ਆਰਥਿਕ ਅਤੇ ਸਮਾਜਿਕ ਹਾਲਤ ਦਾ ਵੀ ਪਤਾ ਲੱਗਦਾ ਹੈ ਅਤੇ ਲੋਕਾਂ ਦੀਆਂ ਲੋੜਾਂ, ਰੁਚੀਆਂ, ਡਰ, ਝੁਕਾਅ, ਪਸੰਦ ਅਤੇ ਨਾ ਪਸੰਦ ਦਾ ਵੀ ਗਿਆਨ ਹੁੰਦਾ ਹੈ। ਪੰਜਾਬੀ ਲੋਕਧਾਰਾ ਵਿੱਚ ਅਸੀਂ ਜਨਮ ਤੋਂ ਮਰਨ ਤੱਕ ਬੇਅੰਤ ਕਿਸਮ ਦੇ ਰੀਤੀ ਰਿਵਾਜਾਂ ਬਾਰੇ ਪੜ੍ਹਦੇ ਸੁਣਦੇ ਹਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਰੀਤੀ ਰਿਵਾਜ ਕੁਝ ਉਸੇ ਰੂਪ ਵਿੱਚ ਤੇ ਕੁਝ ਰੂਪ ਵਟਾ ਕੇ ਅੱਜ ਵੀ ਪ੍ਰਚੱਲਿਤ ਹਨ ਕਿਉਂਕਿ ਇਹ ਰਿਵਾਜ ਆਪਣੇ ਸਮੇਂ ਦੀਆਂ ਲੋੜਾਂ ਅਤੇ ਬਿਰਤੀਆਂ ਵਿੱਚੋਂ ਪੈਦਾ ਹੋਏ ਹੁੰਦੇ ਹਨ।
ਲੜਕੇ ਦੇ ਵਿਆਹ ਨਾਲ ਸਬੰਧਿਤ ਬਹੁਤ ਸਾਰੀਆਂ ਪ੍ਰਚੱਲਿਤ ਰਸਮਾਂ ਵਿੱਚੋਂ ਇੱਕ ਰਸਮ ਹੈ – ਪਾਣੀ ਵਾਰਨਾ। ਇਹ ਰਸਮ ਉਦੋਂ ਕੀਤੀ ਜਾਂਦੀ ਹੈ ਜਦੋਂ ਲਾੜਾ ਵਿਆਹ ਕਰਵਾ ਕੇ ਡੋਲੀ ਲੈ ਕੇ ਘਰ ਆਉਂਦਾ ਹੈ। ਉਸ ਸਮੇਂ ਲੜਕੇ ਦੀ ਮਾਂ ਨਵ ਵਿਆਹੀ ਜੋੜੀ ਦੇ ਸਿਰ ਉੱਪਰੋਂ ਪਾਣੀ ਵਾਰ ਕੇ ਪੀਂਦੀ ਹੈ। ਇੱਕ ਗੜਵੀ ਵਿੱਚ ਮਿੱਠਾ ਪਾਣੀ ਤਿਆਰ ਕੀਤਾ ਜਾਂਦਾ ਹੈ। ਪਿੱਪਲ ਦੀ ਪੰਜ, ਸੱਤ ਜਾਂ ਨੌਂ ਪੱਤਿਆਂ ਵਾਲੀ ਇੱਕ ਟਾਹਣੀ, ਇਸ ਵਿੱਚ ਰੱਖੀ ਜਾਂਦੀ ਹੈ। ਨਾਲ ਹੀ ਦੁੱਧ ਰਿੜਕਣ ਵਾਲੀ ਮਧਾਣੀ ਦੀ ਨੇਤੀ ਲਈ ਜਾਂਦੀ ਹੈ। ਇੱਕ ਥਾਲੀ ਵਿੱਚ ਤਿੰਨੇ ਵਸਤਾਂ ਯਾਨੀ ਮਿੱਠੇ ਪਾਣੀ ਵਾਲੀ ਗੜਵੀ, ਪਿੱਪਲ ਦੀ ਟਾਹਣੀ ਅਤੇ ਨੇਤੀ ਰੱਖੀ ਜਾਂਦੀ ਹੈ। ਥਾਲੀ ਲਾਗਣ ਨੂੰ ਫੜਾਈ ਜਾਂਦੀ ਹੈ। ਲਾੜਾ ਲਾੜੀ ਚੌਂਕੀ ’ਤੇ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਖੜ੍ਹੇ ਹੁੰਦੇ ਹਨ। ਲਾੜੇ ਦੀ ਮਾਂ ਜੋੜੀ ਦੇ ਸਿਰ ਦੁਆਲੇ ਪਿੱਪਲ ਦੀ ਟਾਹਣੀ ਅਤੇ ਨੇਤੀ ਨੂੰ ਘੁੰਮਾਉਂਦੀ ਹੈ ਅਤੇ ਫਿਰ ਗੜਵੀ ਨੂੰ ਜੋੜੀ ਦੇ ਸਿਰ ਉੱਪਰੋਂ ਘੁਮਾ ਕੇ ਪਾਣੀ ਪੀਣ ਲੱਗਦੀ ਹੈ। ਕਈ ਵਾਰ ਨੇਤੀ ਗੜਵੀ ਦੇ ਮੂੰਹ ਨੂੰ ਬੰਨ੍ਹ ਲਈ ਜਾਂਦੀ ਹੈ ਅਤੇ ਪਿੱਪਲ ਵਾਲੀ ਟਾਹਣੀ ਵੀ ਗੜਵੀ ਵਿੱਚ ਹੀ ਰੱਖ ਲਈ ਜਾਂਦੀ ਹੈ। ਮਾਂ ਜਦੋਂ ਪਾਣੀ ਪੀਣ ਲੱਗਦੀ ਹੈ ਤਾਂ ਮੁੰਡਾ ਆਪਣੀ ਮਾਂ ਨੂੰ ਹੋਰ ਪਾਣੀ ਪੀਣ ਤੋਂ ਰੋਕਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ, ‘‘ਸਿਰ ਉੱਪਰ ਦੀ ਪਾਣੀ ਫੇਰ ਕੇ ਪੀਣਾ। ਭਾਵ ਇਸ ਦਾ ਇਹ ਹੁੰਦਾ ਹੈ ਕਿ ਪਾਣੀ ਵਾਰਨ ਵਾਲਾ ਆਪਣੇ ਪਿਆਰੇ ਸਬੰਧੀ ਪੁਰ ਆਉਣ ਵਾਲੀ ਬਿਪਤਾ ਨੂੰ ਆਪ ਗ੍ਰਹਿਣ ਕਰਨ ਦਾ ਭਾਵ ਪ੍ਰਗਟ ਕਰਦਾ ਹੈ।
ਸਪੱਸ਼ਟ ਹੈ ਕਿ ਨਵੀਂ ਬਹੂ ਦਾ ਸਵਾਗਤ ਕਰਨ ਦੇ ਨਾਲ ਨਾਲ ਮਾਂ ਵੱਲੋਂ ਆਪਣੇ ਪੁੱਤ ਅਤੇ ਨੂੰਹ ਦੀਆਂ ਬਲਾਵਾਂ ਆਪਣੇ ਸਿਰ ਲੈਣ ਦੀ ਭਾਵਨਾ ਵਿਅਕਤ ਕੀਤੀ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਪੁੱਤਰ ਅਤੇ ਨੂੰਹ ਵੱਲੋਂ ਪਾਣੀ ਪੀ ਰਹੀ ਮਾਂ ਨੂੰ ਵਿੱਚੋਂ ਪਾਣੀ ਪੀਣ ਤੋਂ ਰੋਕਿਆ ਵੀ ਜਾਂਦਾ ਹੈ। ਭਾਵ ਇਹ ਕਿ ਪੁੱਤਰ ਅਤੇ ਨੂੰਹ ਨਹੀਂ ਚਾਹੁੰਦੇ ਕਿ ਉਨ੍ਹਾਂ ’ਤੇ ਆਈ ਹਰ ਬਿਪਤਾ ਮਾਂ ਹੀ ਝੱਲੇ। ਉਹ ਆਪ ਹਰ ਚੰਗੇ ਮਾੜੇ ਸਮੇਂ ਦਾ ਮਿਲਜੁਲ ਕੇ ਸਾਹਮਣਾ ਕਰਨਗੇ, ਇੱਕਲੀ ਮਾਂ ਹੀ ਕਿਉਂ?
ਗੁਰੂ ਨਾਨਕ ਦੇਵ ਜੀ ਆਸਾ ਰਾਗ ਵਿੱਚ ‘ਜਿਨ ਸਿਰਿ ਸੋਹਨਿ ਪਟੀਆ’ ਵਾਲੇ ਸ਼ਬਦ ਵਿੱਚ ਇਸ ਰਸਮ ਦਾ ਜ਼ਿਕਰ ਕਰਦੇ ਹਨ;
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ।।
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ।।
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ।।
ਇਸ ਸ਼ਬਦ ਵਿੱਚ ਪਹਿਲਾਂ ਉਹ ਹੁਸਨ ਅਤੇ ਜਵਾਨੀ ਨੂੰ ਸੰਸਾਰ ਵਿੱਚ ਮਿਲਦੇ ਹੋਏ ਮਾਣ ਦਾ ਜ਼ਿਕਰ ਕਰਦੇ ਹਨ। ਜਦੋਂ ਇਹ ਸੁੰਦਰ ਇਸਤਰੀਆਂ ਵਿਆਹ ਕਰਵਾ ਕੇ ਡੋਲੀ ਚੜ੍ਹ ਕੇ ਆਈਆਂ ਸਨ ਤਾਂ ਉਨ੍ਹਾਂ ਦੇ ਕਿੰਨੇ ਚਾਅ ਕੀਤੇ ਗਏ ਸਨ। ਕਿੰਨਾ ਮਾਣ ਸਤਿਕਾਰ ਦਿੱਤਾ ਗਿਆ ਸੀ, ਉਨ੍ਹਾਂ ਦੇ ਸਿਰਾਂ ਤੋਂ ਪਾਣੀ ਵੀ ਵਾਰਿਆ ਗਿਆ ਸੀ ਅਤੇ ਝਲਮਲ ਝਲਮਲ ਕਰਦੇ ਪੱਖੇ ਐਨ ਉਨ੍ਹਾਂ ਉੱਤੇ ਫੇਰੇ ਜਾਂਦੇ ਸਨ, ਪਰ ਬਾਬਰ ਦੇ ਹਮਲੇ ਕਾਰਨ ਉਨ੍ਹਾਂ ਦੇ ਗਲ਼ਾਂ ਦੁਆਲੇ ਰੱਸੇ ਪਾਏ ਗਏ ਸਨ ਅਤੇ ਉਨ੍ਹਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਸਨ। ਉਨ੍ਹਾਂ ਦਾ ਧਨ ਅਤੇ ਜੋਬਨ ਹੀ ਉਨ੍ਹਾਂ ਦਾ ਦੁਸ਼ਮਣ ਬਣ ਗਿਆ ਸੀ।
ਵਹੁਟੀ ਦੇ ਘਰ ਦਾਖਲੇ ਸਮੇਂ ਉਸ ਦਾ ਸਵਾਗਤ ਗੀਤਾਂ ਰਾਹੀਂ ਕੀਤਾ ਜਾਂਦਾ ਹੈ। ਲੰਮੀ ਲੈਅ ਉੱਠਦੀ ਹੈ;
ਉਤਰ ਭਾਬੋ ਡੋਲਿਓਂ ਤੂੰ ਦੇਖ ਸਹੁਰੇ ਦਾ ਬਾਰ।
ਕੰਧਾਂ ਚਿੱਟ ਮਚਿੱਟੀਆਂ ਕੋਈ ਕਲੀ ਚਮਕਦਾ ਬਾਰ।
ਫਿਰ ਪਾਣੀ ਵਾਰਨ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਤਾਂ ਲਾੜੇ ਦੀਆਂ ਭੈਣਾਂ, ਭੂਆਂ ਆਦਿ ਮਿਲ ਕੇ ਗੀਤ ਗਾਉਂਦੀਆਂ ਹਨ;
ਪਾਣੀ ਵਾਰ ਬੰਨੇ ਦੀਏ ਮਾਏ
ਬੰਨਾ ਬੰਨੀ ਬਾਹਰ ਖੜ੍ਹੇ।
ਸੁੱਖਾਂ ਸੁੱਖਦੀ ਨੂੰ ਇਹ ਦਿਨ ਆਏ
ਬੰਨਾ ਬੰਨੀ ਬਾਹਰ ਖੜ੍ਹੇ।
***
ਅਰਸ਼ਾਂ ਤੋਂ ਬਣ ਕੇ ਜੋੜੀ ਹੈ ਆਈ
ਸਾਕ ਸਬੰਧੀ ਤੈਨੂੰ ਦੇਣ ਨੀ ਵਧਾਈ
ਤੈਨੂੰ ਭਾਗ ਨੇ ਸਤਿਗੁਰ ਨੇ ਲਾਏ
ਬੰਨਾ ਬੰਨੀ ਬਾਹਰ ਖੜ੍ਹੇ।
ਪਾਣੀ ਵਾਰ ਬੰਨੇ ਦੀਏ ਮਾਏ
ਬੰਨਾ ਬੰਨੀ ਬਾਹਰ ਖੜ੍ਹੇ।
***
ਲਾਵਾਂ ਦੋਹਾਂ ਦੇ ਮੂੰਹ ਨੂੰ ਮੈਂ ਚੂਰੀ।
ਦਿਲ ਵਾਲੀ ਰੀਝ ਕੀਤੀ ਰੱਬ ਜੀ ਨੇ ਪੂਰੀ।
ਦਿਨ ਸਾਰਿਆਂ ਨੂੰ ਰੱਬ ਇਹ ਦਿਖਾਏ
ਬੰਨਾ ਬੰਨੀ ਬਾਹਰ ਖੜ੍ਹੇ।
ਪਾਣੀ ਵਾਰ ਬੰਨੇ ਦੀਏ ਮਾਏ
ਬੰਨਾ ਬੰਨੀ ਬਾਹਰ ਖੜ੍ਹੇ।
ਪਾਣੀ ਵਾਰਨ ਦੀ ਰਸਮ ਪਿੱਛੋਂ ਲਾੜਾ ਅਤੇ ਲਾੜੀ ਆਪਣੀ ਮਾਂ/ ਸੱਸ ਦੇ ਪੈਰੀਂ ਹੱਥ ਲਗਾਉਂਦੇ ਹਨ ਅਤੇ ਉਹ ਸਿਰ ਪਲੋਸ ਕੇ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੰਦੀ ਹੈ ਅਤੇ ਬੇਸ਼ੁਮਾਰ ਅਸੀਸਾਂ ਵੀ ਦਿੰਦੀ ਹੈ। ਜੇਕਰ ਲਾੜਾ ਪੈਰੀਂ ਹੱਥ ਲਗਾਉਣ ਵਿੱਚ ਜ਼ਰਾ ਵੀ ਦੇਰ ਕਰ ਦੇਵੇ ਤਾਂ ਉਸ ਦੀਆਂ ਭੈਣਾਂ ਗੀਤਾਂ ਰਾਹੀਂ ਵਿਅੰਗਮਈ ਟਕੋਰ ਕਰਦੀਆਂ ਹਨ;
ਅੰਦਰ ਲਿੱਪਾਂ ਬਾਹਰ ਲਿੱਪਾਂ
ਵਿਹੜੇ ਕਰਾਂ ਛਿੜਕਾਅ।
ਤੈਨੂੰ ਮੱਥਾ ਟੇਕਣਾ ਭੁੱਲ ਗਿਆ
ਵੇ ਤੈਨੂੰ ਨਵੀਂ ਬੰਨੋ ਦਾ ਚਾਅ।
ਭੈਣਾਂ ਹੋਰ ਗੀਤਾਂ ਰਾਹੀਂ ਕੁਝ ਮਜ਼ਾਕ ਵੀ ਕਰਦੀਆਂ ਹਨ;
ਅੱਠ ਛੰਨੇ ਨੌਂ ਥਾਲੀਆਂ,
ਵੀਰਾ ਨਾਲ ਨਾ ਲਿਆਇਆ ਸਾਲੀਆਂ।
ਉਹ ਫਿਰ ਵੀਰ ਵੱਲੋਂ ਵੀ ਆਪ ਹੀ ਜਵਾਬ ਦਿੰਦੀਆਂ ਹਨ;
ਅੱਠ ਛੰਨੇ ਨੌਂ ਥਾਲੀਆਂ,
ਭੈਣੇ ਸਾਲੀਆਂ ਖਸਮਾਂ ਵਾਲੀਆਂ।