
ਛੁਟੀਆਂ ਦੀ ਉਡੀਕ ਤਾਂ ਹਰ ਵੱਡੇ ਛੋਟੇ ਨੂੰ ਹੀ ਰਹਿੰਦੀ ਹੈ | ਇਸ ਸਾਲ ਸੁਖਦੇਵ ਛੁਟੀਆਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ | ਪਿਛਲੇ ਦੋ ਸਾਲ ਤੋਂ ਉਹ ਛੁਟੀਆਂ ਵਿਚ ਨਾਨਕੇ ਨਹੀਂ ਜਾ ਸਕਿਆ ਸੀ | ਇਕ ਵਾਰ ਤਾਂ ਉਸ ਦੀ ਮਾਂ ਦੀ ਨਹਾਉਣ ਲਗਿਆਂ ਗੁਸਲਖਾਨੇ ਵਿਚ ਡਿਗਣ ਕਾਰਨ ਬਾਂਹ ਟੁੱਟ ਗਈ ਸੀ | ਭਾਵੇਂ ਉਸ ਦੀ ਨਾਨੀ ਮਦਦ ਲਈ ਆ ਗਈ ਸੀ ਪ੍ਰੰਤੂ ਉਸ ਦਾ ਨਾਨਕੇ ਜਾ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਖੇਡਣ ਦਾ ਚਾਅ ਅਧੂਰਾ ਰਹਿ ਗਿਆ ਸੀ | ਅਗਲੇ ਸਾਲ ਉਸ ਦੇ ਪਿਤਾ ਜੀ ਦੀ ਕਾਰ ਦੁਰਘਟਨਾ ਗ੍ਰਸਤ ਹੋਣ ਕਾਰਨ ਖੱਬੀ ਲੱਤ ਟੁੱਟ ਗਈ ਸੀ |
ਦੋ ਮਹੀਨੇ ਦਾ ਪਲਸਤਰ ਲੱਗਾ ਰਿਹਾ ਸੀ | ਉਸ ਦੀ ਦੇਖ ਭਾਲ ਅਤੇ ਇਧਰ ਉਧਰ ਜਾਣ ਵਿਚ ਮਦਦ ਲਈ ਸੁੱਖਾ ਆਪਣੇ ਬਾਪ ਦੀ ਸਹਾਇਤਾ ਕਰਦਾ ਰਿਹਾ ਸੀ | ਇਸ ਲਈ ਛੁਟੀਆਂ ਵਿਚ ਨਾਨਕੇ ਨਹੀਂ ਜਾ ਸਕਿਆ ਸੀ | ਇਸ ਵਾਰ ਉਹ ਮਨ ਹੀ ਮਨ ਅਰਦਾਸ ਕਰਦਾ ਰਿਹਾ ਸੀ ਕਿ ਸਭ ਕੁਝ ਠੀਕ ਰਹੇ ਤੇ ਉਹ ਆਪਣੇ ਨਾਨਕੇ ਜਾ ਕੇ ਆਪਣੇ ਦੋਸਤਾਂ ਨੂੰ ਮਿਲ ਸਕੇ ਅਤੇ ਉਨ੍ਹਾਂ ਨਾਲ ਖੂਬ ਖੇਡ ਸਕੇ ਅਤੇ ਆਪਣੇ ਅੰਦਰ ਦੋ ਸਾਲਾਂ ਤੋਂ ਇਕੱਠੀਆਂ ਹੋਈਆਂ ਗੱਲਾਂ ਉਨ੍ਹਾਂ ਨਾਲ ਕਰ ਕੇ ਅਤੇ ਉਨ੍ਹਾਂ ਦੀਆਂ ਸੁਣ ਕੇ ਅਨੰਦ ਮਾਣ ਸਕੇ | ਕਦੇ ਕਦੇ ਉਸ ਨੂੰ ਇਹ ਵੀ ਲਗਦਾ ਸੀ ਕਿ ਉਸ ਦੇ ਦੋਸਤ ਉਸ ਨੂੰ ਭੁੱਲ ਹੀ ਨਾ ਗਏ ਹੋਣ | ਜਿਵੇਂ ਜਿਵੇਂ ਛੁਟੀਆਂ ਹੋਣ ਦੇ ਦਿਨ ਨੇੜੇ ਆ ਰਹੇ ਸਨ ਉਸ ਦੇ ਮਨ ਵਿਚ ਖੁਸ਼ੀਆਂ ਦੇ ਲੱਡੂ ਭੁਰ ਰਹੇ ਸਨ |
ਉਸਨੇ ਇਹ ਵੀ ਸੋਚ ਲਿਆ ਸੀ ਕਿ ਜੇ ਮੇਰੇ ਮਾਪੇ ਮੇਰੇ ਨਾਲ ਨਾ ਵੀ ਜਾ ਸਕੇ ਤਾਂ ਮੈਂ ਇੱਕਲਾ ਵੀ ਜਾ ਸਕਦਾ ਹਾਂ | ਉਹ ਹੁਣ ਛੇਵੀਂ ਜਮਾਤ ਵਿਚ ਹੋ ਗਿਆ ਸੀ ਤੇ ਆਪਣੀਆਂ ਵਸਤਾਂ ਦੀ ਆਪ ਹੀ ਸੰਭਾਲ ਕਰ ਸਕਦਾ ਸੀ | ਉਸ ਨੂੰ ਪਤਾ ਸੀ ਕਿ ਮੇਰੀ ਨਾਨੀ ਬੜੇ ਪਿਆਰ ਨਾਲ ਮੇਰੇ ਕੇਸਾਂ ਨੂੰ ਵੀ ਸੰਵਾਰ ਸਕਦੀ ਹੈ | ਸੁੱਖੇ ਦੀ ਮਾਂ ਨੂੰ ਵੀ ਇਸ ਸਬੰਧੀ ਕੋਈ ਚਿੰਤਾ ਨਹੀਂ ਸੀ |
ਅਖੀਰ ਸਕੂਲ ਅਧਿਆਪਕਾ ਵਲੋਂ ਛੁਟੀਆਂ ਦਾ ਕੰਮ ਮਿਲ ਗਿਆ ਅਤੇ ਛੁਟੀਆਂ ਹੋ ਗਈਆਂ | ਉਸ ਨੇ ਵੀ ਆਪਣਾ ਸਮਾਨ ਤਿਆਰ ਕਰ ਲਿਆ | ਮੰਮੀ ਨਾਲ ਵਾਅਦਾ ਕੀਤਾ ਕਿ ਉਹ ਨਾਨਕੇ ਜਾ ਕੇ ਸਕੂਲ ਦਾ ਕੰਮ ਕਰਿਆ ਕਰੇਗਾ | ਉਸ ਦੇ ਮਾਮੇ ਦਾ ਮੁੰਡਾ ਮਨਜੀਤ ਵੀ ਛੇਵੀਂ ਵਿਚ ਹੀ ਸੀ |
ਉਸ ਨੇ ਕਿਹਾ ਕਿ ਮੈਂ ਮਨਜੀਤ ਨਾਲ ਬੈਠ ਕੇ ਪੜ੍ਹਿਆ ਕਰਾਂਗਾ ਅਤੇ ਸਾਨੂੰ ਜੇ ਕੋਈ ਪੜ੍ਹਾਈ ਵਿਚ ਸਮੱਸਿਆ ਹੋਵੇਗੀ ਤਾਂ ਕੁਲਦੀਪ ਮਾਮੇ ਤੋਂ ਪੁੱਛ ਲਿਆ ਕਰਾਂਗੇ | ਤੁਸੀਂ ਭਾਵੇਂ ਮਾਮੇ ਨੂੰ ਫੋਨ ਤੇ ਪੁੱਛ ਲੈਣਾ ਕਿ ਮੈਂ ਤੇ ਮਨਜੀਤ ਸਕੂਲ ਦਾ ਕੰਮ ਕਰ ਰਹੇ ਹਾਂ ਜਾ ਨਹੀਂ | ਤੁਹਾਨੂੰ ਸਾਡੇ ਬਾਰੇ ਹਰ ਖਬਰ ਮਿਲਦੀ ਰਹੇਗੀ ਕਿ ਅਸੀਂ ਦਿਨ ਵਿਚ ਕੀ ਕਰਦੇ ਹਾਂ ਕਿਤਨਾ ਸਮਾਂ ਪੜ੍ਹਦੇ ਹਾਂ ਅਤੇ ਕਿਤਨਾ ਸਮਾਂ ਖੇਡਦੇ ਹਾਂ | ਹੁਣ ਮੈਨੂੰ ਜਲਦੀ ਜਲਦੀ ਨਾਨਕੇ ਛੱਡਣ ਦਾ ਪ੍ਰਬੰਧ ਕਰ ਦਿਓ | ਜੇ ਕਰ ਮੈਨੂੰ ਬਸ ਚੜਾ ਦਿਓ ਤਾਂ ਵੀ ਮੈਂ ਆਪੇ ਨਾਨਕੇ ਘਰ ਪਹੁੰਚ ਜਾਵਾਂਗੇ ਅਤੇ ਜਾ ਕੇ ਮਾਮੇ ਤੋਂ ਤੁਹਾਨੂੰ ਫੋਨ ਕਰਵਾ ਦਿਆਂਗਾ ਕਿ ਮੈਂ ਠੀਕ ਠੀਕ ਪਹੁੰਚ ਗਿਆ ਹਾਂ |
ਤੁਹਾਨੂੰ ਚਿੰਤਾ ਨਹੀਂ ਰਹੇਗੀ | ਸੁੱਖੇ ਦੇ ਮਾਂ ਬਾਪ ਦੋਵੇਂ ਹੀ ਕੰਮ ਵਿਚ ਰੁਝੇ ਹੋਏ ਸਨ ਕਿਓਂ ਜੋ ਛੁਟੀਆਂ ਹੋਣ ਦੇ ਨਾਲ ਹੀ ਉਨ੍ਹਾਂ ਲਈ ਕੈਂਪ ਲਗ ਗਿਆ ਸੀ ਅਤੇ ਕੰਮ ਵਿਚੋਂ ਛੁਟੀ ਨਹੀਂ ਮਿਲ ਸਕਦੀ ਸੀ | ਇਸ ਲਈ ਉਨ੍ਹਾਂ ਨੇ ਸੁੱਖੇ ਦੇ ਮਾਮੇ ਨੂੰ ਫੋਨ ਕਰ ਦਿਤਾ ਕਿ ਅਸੀਂ ਸੁੱਖੇ ਨੂੰ ਸਵੇਰੇ ਪਹਿਲੀ ਬੱਸ ਹੀ ਚੜਾ ਦੇਵਾਂਗੇ ਅਤੇ ਤੁਸੀਂ ਉਸ ਨੂੰ ਅੱਡੇ ਤੋਂ ਘਰ ਲੈ ਜਾਣਾ | ਜਦੋਂ ਉਹ ਬਸ ਵਿਚ ਬੈਠੇਗਾ ਮੈਂ ਤੁਹਾਨੂੰ ਫੋਨ ਤੇ ਦੱਸ ਦੇਵਾਂਗਾ ਅਤੇ ਜਦੋਂ ਉਹ ਤੁਹਾਡੇ ਕੋਲ ਪੁੱਜ ਜਾਵੇ ਤੁਸੀਂ ਸਾਨੂੰ ਦੱਸ ਦੇਣਾ | ਇਸ ਤਰਾਂ ਮਿੱਥੇ ਪ੍ਰੋਗਰਾਮ ਅਨੁਸਾਰ ਅਗਲੇ ਦਿਨ ਸੁੱਖੇ ਨੂੰ ਬੱਸ ਚੜਾ ਦਿਤਾ ਗਿਆ ਅਤੇ ਉਹ ਨਾਨਕੇ ਘਰ ਪੁੱਜ ਗਿਆ |
ਨਾਨੀ ਬਹੁਤ ਖੁਸ਼ ਹੋਈ | ਉਸ ਨੂੰ ਜਦੋਂ ਇਹ ਦੱਸਿਆ ਗਿਆ ਕਿ ਇਹ ਇਕੱਲਾ ਹੀ ਆਇਆ ਹੈ ਤਾਂ ਉਹ ਕਹਿਣ ਲੱਗੀ ਕਿ ਮੇਰਾ ਪੁੱਤ ਤਾਂ ਹੁਣ ਜਿੰਮੇਵਾਰ ਹੋ ਗਿਆ ਹੈ ਹੁਣ ਵੱਡੇ ਵੱਡੇ ਕੰਮ ਕਰ ਸਕਦਾ ਹੈ | ਮਨਜੀਤ ਵੀ ਬਹੁਤ ਖੁਸ਼ ਹੋਇਆ | ਮਨਜੀਤ ਦੀ ਮੰਮੀ ਨੇ ਉਸ ਨੂੰ ਖਾਣ ਲਈ ਦਿੱਤਾ ਅਤੇ ਨਾਲ ਦੁੱਧ ਦਾ ਗਿਲਾਸ ਦਿੱਤਾ ਜੋ ਉਸ ਨੇ ਗੱਟ ਗੱਟ ਕਰਕੇ ਪੀ ਲਿਆ | ਦੋਵੇਂ ਰਲ ਕੇ ਖੇਡਣ ਲੱਗੇ | ਸ਼ਾਮ ਨੂੰ ਉਹ ਆਪਣੇ ਪੁਰਾਣੇ ਦੋਸਤਾਂ ਗੇਲੇ,ਗਾਮੇ,ਕੈਲੇ ਅਤੇ ਕਪੂਰੇ ਨੂੰ ਮਿਲਿਆ ਤਾਂ ਸਾਰੇ ਬਹੁਤ ਖੁਸ਼ ਹੋਏ | ਉਨ੍ਹਾਂ ਨੇ ਰਲ ਕੇ ਖੇਡਣਾ ਸ਼ੁਰੂ ਕਰ ਦਿੱਤਾ |
ਹਨੇਰਾ ਹੋਣ ਤੇ ਉਹ ਸਾਰੇ ਅਗਲੇ ਦਿਨ ਦਾ ਪ੍ਰੋਗਰਾਮ ਬਣਾ ਕੇ ਆਪੋ ਆਪਣੇ ਘਰ ਚਲੇ ਗਏ | ਸਵੇਰੇ ਉੱਠ ਕੇ ਸੁੱਖਾ ਅਤੇ ਮਨਜੀਤ ਸਕੂਲ ਤੋਂ ਮਿਲਿਆ ਛੁਟੀਆਂ ਦਾ ਕੰਮ ਕਰਨ ਲੱਗ ਪਏ | ਜਿਹੜੀ ਮੁਸ਼ਕਿਲ ਹੁੰਦੀ ਸੁੱਖਾ ਆਪਣੇ ਮਾਮੇ ਤੋਂ ਪੁੱਛ ਲੈਂਦਾ | ਕੁਲਦੀਪ ਮਾਮੇ ਨੂੰ ਖੁਸ਼ੀ ਹੋਈ ਕੇ ਦੋਵੇਂ ਜ਼ਿਮੇਂਵਾਰੀ ਨਾਲ ਸਕੂਲ ਦਾ ਕੰਮ ਕਰ ਰਹੇ ਸੀ | ਕੰਮ ਕਰ ਕੇ ਉਹ ਆਪਣੇ ਦੋਸਤਾਂ ਨਾਲ ਬਾਹਰ ਖੇਡਣ ਲਈ ਚਲੇ ਗਏ | ਦੁਪਹਿਰ ਸਮੇਂ ਉਹ ਘਰ ਦੇ ਦਰਵਾਜੇ ਵਿਚ ਹੀ ਖੇਡਣ ਲੱਗੇ | ਸੁੱਖੇ ਦੇ ਮਾਮੇ ਨੇ ਦੱਸਿਆ ਕਿ ਅੱਜ ਗਰਮੀ ਜ਼ਿਆਦਾ ਹੈ ਅੱਜ ਤੁਸੀਂ ਸਾਰੇ ਅੰਦਰ ਹੀ ਖੇਡ ਲਵੋ |
ਐਤਵਾਰ ਸੁੱਖੇ ਦੇ ਮਾਮੇ ਤੇ ਮਾਮੇ ਨੂੰ ਕੈਂਪ ਤੋਂ ਛੂਟੀ ਸੀ | ਅਸਮਾਨ ਤੇ ਬਦਲ ਛਾਏ ਹੋਏ ਸਨ | ਸਾਰੇ ਬੇਲੀ ਮਨਜੀਤ ਦੇ ਘਰ ਵਿਚ ਖੇਡਣ ਲਈ ਇਕੱਠੇ ਹੋ ਰਹੇ ਸਨ | ਅਜੇ ਉਹ ਖੇਡਣ ਦੀ ਯੋਜਨਾ ਬਣਾ ਰਹੇ ਸਨ ਕੇ ਮੀਂਹ ਪੈਣ ਲੱਗ ਪਿਆ | ਸਾਰੇ ਮਾਮੇ ਦੇ ਦੁਆਲੇ ਇਕੱਠੇ ਹੋ ਗਏ ਕਿ ਅੱਜ ਤੁਸੀਂ ਸਾਨੂੰ ਦੱਸੋ ਕਿ ਮੀਂਹ ਵਿਚ ਕਿ ਖੇਡੀਏ | ਉਸ ਨੇ ਸਾਰਿਆਂ ਨੂੰ ਕਿਹਾ ਕਿ ਥੋੜੀ ਦੇਰ ਮੀਏਂਹੁ ਵਿਚ ਨਹਾ ਕੇ ਮਜ਼ੇ ਕਰ ਲਵੋ | ਇਹ ਸੁਣ ਉਹ ਸਾਰੇ ਖੁਸ਼ ਹੋ ਗਏ | ਮੀਂਹ ਵਿਚ ਨਹਾਉਣ ਲਗੇ ਤੇ ਪਾਣੀ ਨਾਲ ਖੇਡਣ ਲੱਗੇ | ਜਦੋਂ ਮਾਮੇ ਨੇ ਦੇਖਿਆ ਕਿ ਬੱਚੇ ਖੇਡ ਕੇ ਥੱਕ ਚੁਕੇ ਹਨ | ਉਸ ਨੇ ਉਨ੍ਹਾਂ ਨੂੰ ਆਖਿਆ ਕਿ ਆਪਣੇ ਕਪੜੇ ਬਦਲ ਲਵੋ ਅਤੇ ਮੇਰੇ ਨੇੜੇ ਬੈਠ ਜਾਓ ਆਪਾਂ ਰਲ ਮਿਲ ਗੱਲਾਂ ਕਰਾਂਗੇ |
ਕਪੜੇ ਬਦਲ ਉਹ ਮਾਮੇ ਦੇ ਨੇੜੇ ਨੇੜੇ ਹੋ ਕੇ ਬੈਠ ਗਏ ਅਤੇ ਕਹਿਣ ਲੱਗੇ ਸਾਨੂੰ ਅੱਜ ਕੋਈ ਕਹਾਣੀ ਸੁਣਾਓ | ਮਾਮੇ ਨੇ ਕੁਝ ਦੇਰ ਸੋਚਿਆ ਫਿਰ ਕਹਿਣ ਲਗਾ ਕਿ ਸੁਣੋ ——
ਇਕ ਵਾਰ ਦੀ ਗੱਲ ਹੈ ਕਿ ਮਿਸਤਰੀ ਇਕ ਮਕਾਨ ਬਣਾ ਰਹੇ ਸਨ ਅਤੇ ਉਸ ਥਾਂ ਤੇ ਲੱਕੜੀ ਦਾ ਕੰਮ ਚਲ ਰਿਹਾ ਸੀ | ਮਿਸਤਰੀ ਇਕ ਲੱਕੜੀ ਨੂੰ ਚੀਰ ਰਿਹਾ ਸੀ ਉਸ ਨੇ ਉਸ ਦੇ ਦੋ ਟੋਟੇ ਕਰਨੇ ਸਨ | ਗਰਮੀ ਦਾ ਮੌਸਮ ਸੀ | ਉਹ ਥੋੜੀ ਦੇਰ ਅਰਾਮ ਕਰਨਾ ਚਾਹੁੰਦਾ ਸੀ | ਉਸ ਨੇ ਚੀਰੀ ਹੋਈ ਲਕੜੀ ਦੇ ਅੰਦਰ ਇਕ ਮੋਟਾ ਜਿਹਾ ਕਿੱਲ ਫਸਾ ਦਿੱਤਾ ਅਤੇ ਆਪ ਅਰਾਮ ਕਰਨ ਲੱਗ ਪਿਆ | ਜਦੋਂ ਉਸ ਦੀ ਜਾਗ ਖੁਲੀ ਤਾਂ ਉਸ ਨੇ ਦੇਖਿਆ ਕਿ ਦੁਪਹਿਰ ਦੀ ਰੋਟੀ ਦਾ ਸਮਾਂ ਹੋ ਚੁਕਾ ਸੀ ਅਤੇ ਉਸ ਨੂੰ ਭੁੱਖ ਵੀ ਮਹਿਸੂਸ ਹੋ ਰਹੀ ਸੀ | ਉਸ ਨੇ ਵਿਚਾਰ ਕੀਤਾ ਕਿ ਪਹਿਲਾਂ ਢਿੱਡ ਦੀ ਅੱਗ ਬੁਝਾ ਲਈ ਜਾਵੇ ਫਿਰ ਬਾਕੀ ਦਾ ਕੰਮ ਕਰਾਂਗਾ | ਉਹ ਨਾਲ ਦੇ ਕਮਰੇ ਵਿਚ ਬੈਠ ਰੋਟੀ ਖਾਣ ਲੱਗ ਪਿਆ |
ਕੁਝ ਦੇਰ ਬਾਅਦ ਉਥੇ ਬਾਂਦਰਾਂ ਦਾ ਝੁੰਡ ਆ ਕੇ ਖਰੂਦ ਮਚਾਉਣ ਲੱਗ ਪਿਆ | ਓਹਨਾ ਵਿਚ ਨੀਰੂ ਬਾਂਦਰ ਬਹੁਤ ਹੀ ਸ਼ਰਾਰਤੀ ਸੀ | ਉਸ ਦੇ ਮਾਪੇ ਤਾਂ ਕਾਫੀ ਸਮਾਂ ਪਹਿਲਾਂ ਹੀ ਮਰ ਚੁਕੇ ਸਨ ਅਤੇ ਉਹ ਆਪਣੀ ਦਾਦੀ ਕੋਲ ਰਹਿੰਦਾ ਸੀ | ਦਾਦੀ ਉਸ ਨੂੰ ਸਮਝਾਉਂਦੀ ਰਹਿੰਦੀ ਕਿ ਸ਼ਰਾਰਤਾਂ ਨਾ ਕਰਿਆ ਕਰ ਜੇ ਤੈਨੂੰ ਕੁਝ ਹੋ ਗਿਆ ਤਾਂ ਮੇਰੀ ਦੇਖ ਭਾਲ ਕੌਣ ਕਰੇਗਾ | ਤੂੰ ਹੀ ਤਾਂ ਮੇਰਾ ਇਕੋ ਇੱਕ ਸਹਾਰਾ ਹੈਂ | ਦਾਦੀ ਦੀ ਸਲਾਹ ਦਾ ਉਸ ਉਪਰ ਕੋਈ ਅਸਰ ਨਹੀਂ ਹੁੰਦਾ ਸੀ ਅਤੇ ਉਹ ਸਭ ਨਾਲੋਂ ਵੱਧ ਸ਼ੈਤਾਨੀਆਂ ਕਰਦਾ ਰਹਿੰਦਾ ਸੀ | ਜਦੋਂ ਉਸ ਨੇ ਲੱਕੜ ਦੇ ਵਿਚ ਕਿੱਲ ਦੇਖਿਆ ਤਾਂ ਉਹ ਉਸ ਨੂੰ ਕੱਢਣ ਦਾ ਯਤਨ ਕਰਨ ਲੱਗਾ | ਉਹ ਆਪਣੇ ਹੱਥਾਂ ਨਾਲ ਕਿੱਲ ਨੂੰ ਉਖਾੜਨ ਦਾ ਯਤਨ ਕਰ ਰਿਹਾ ਸੀ ਪਰ ਕਿੱਲ ਉਪਰ ਕੋਈ ਅਸਰ ਨਾ ਹੋਇਆ | ਪਰ ਉਸ ਨੇ ਮਨ ਵਿਚ ਇਹ ਫੈਸਲਾ ਕੀਤਾ ਕਿ ਮੈਂ ਇਹ ਕਿੱਲ ਉਖਾੜ ਕੇ ਹੀ ਹਟਾਂਗਾ |
ਉਸ ਨੇ ਆਪਣੀਆਂ ਦੋਵੇਂ ਲੱਤਾਂ ਲੱਕੜ ਦੇ ਦੋਵੇ ਪਾਸੇ ਲਮਕਾ ਕੇ ਦੋਵਾਂ ਹੱਥਾਂ ਨਾਲ ਕਿੱਲ ਉਖਾੜਨ ਦਾ ਯਤਨ ਕਰਨ ਲੱਗਾ | ਇਸ ਤਰਾਂ ਕਰਦਿਆਂ ਉਸ ਦੀ ਪੂਛ ਲੱਕੜੀ ਦੇ ਵਿਚ ਚਲੀ ਗਈ | ਜਦੋਂ ਉਸ ਨੇ ਪੂਰਾ ਜ਼ੋਰ ਲਾਇਆ ਤਾਂ ਕਿੱਲ ਤਾਂ ਨਿਕਲ ਗਈ ਪ੍ਰੰਤੂ ਉਸ ਦੀ ਪੂਛ ਲੱਕੜ ਵਿਚ ਫਸ ਗਈ ਅਤੇ ਦਰਦ ਕਰਨ ਲੱਗੀ | ਉਹ ਹੜਬੜਾ ਕੇ ਭੱਜਣ ਦਾ ਯਤਨ ਕਰਨ ਲੱਗਾ | ਇਸ ਕਿਰਿਆ ਨਾਲ ਉਸ ਦੀ ਪੂਛ ਟੁੱਟ ਕੇ ਲੱਕੜ ਵਿਚ ਹੀ ਰਹਿ ਗਈ ਅਤੇ ਉਹ ਭੱਜ ਕੇ ਨਾਲ ਦੇ ਰੁੱਖ ਤੇ ਬੈਠ ਰੋਣ ਲੱਗ ਪਿਆ | ਬਾਕੀ ਦੇ ਬੰਦਰ ਉਥੋਂ ਭੱਜ ਗਏ | ਜਦੋਂ ਮਿਸਤਰੀ ਨੇ ਬਾਂਦਰ ਦੀ ਚੀਕ ਸੁਣੀ ਉਹ ਬਾਹਰ ਨਿਕਲਿਆ ਤੇ ਦੇਖਿਆ ਕਿ ਪੂਛ ਲੱਕੜ ਨਾਲ ਹੀ ਲਮਕ ਰਹੀ ਸੀ ਅਤੇ ਕਿੱਲ ਥੱਲੇ ਡਿਗਿਆ ਪਿਆ ਸੀ |
ਉਸ ਨੂੰ ਸਾਰਾ ਕਿਸਾ ਸਮਝਦਿਆਂ ਦੇਰ ਨਾ ਲੱਗੀ | ਮਿਸਤਰੀ ਨੂੰ ਦੇਖ ਨੀਰੂ ਚੀਕਦਾ ਹੋਇਆ ਭੱਜ ਗਿਆ ਤੇ ਘਰ ਜਾ ਕੇ ਸਾਹ ਲਿਆ | ਘਰ ਜਦੋਂ ਦਾਦੀ ਨੇ ਬਿਨਾ ਪੂਛ ਉਸ ਨੂੰ ਡਿਠਾ ਤਾਂ ਉਹ ਵੀ ਹੈਰਾਨ ਹੋਈ ਕਿ ਇਹ ਕੀ ਕਰ ਆਇਆ ਹੈ | ਮਨਜੀਤ ਨੇ ਆਪਣੇ ਡੈੱਡ ਨੂੰ ਦੱਸਿਆ ਕਿ ਜਿਹੜਾ ਸ਼ੈਤਾਨੀਆਂ ਕਰਦਾ ਹੈ ਉਸ ਦਾ ਤਾਂ ਇਹੋ ਜਿਹਾ ਹੀ ਹਾਲ ਹੁੰਦਾ ਹੈ | ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ |
ਉਧਰੋਂ ਕਹਾਣੀ ਖਤਮ ਹੋਈ ਤੇ ਮੀਂਹ ਵੀ ਬੰਦ ਹੋ ਗਿਆ | ਕਈ ਥਾਵਾਂ ਤੇ ਪਾਣੀ ਖੜਾ ਹੋ ਜਾਣ ਕਾਰਨ ਉਹ ਬਾਹਰ ਨਹੀਂ ਖੇਡ ਸਕਦੇ ਸਨ | ਇਸ ਲਈ ਸਾਰੇ ਆਪਣੇ ਆਪਣੇ ਘਰ ਨੂੰ ਚਲੇ ਗਏ | ਮਨਜੀਤ ਤੇ ਸੁੱਖਾ ਮਾਮੀ ਕੋਲ ਬੈਠ ਕੁਝ ਖਾਣ ਲਈ ਮਿਲਣ ਦਾ ਇੰਤਜ਼ਾਰ ਕਰਨ ਲੱਗੇ ਕਿਓਂ ਜੋ ਮਾਮੀ ਰਸੋਈ ਵਿਚ ਕਾਫੀ ਦੇਰ ਤੋਂ ਕੁਝ ਬਣਾਉਣ ਲਈ ਰੁਝੀ ਹੋਈ ਸੀ |

ਡਾਕਟਰ ਅਜੀਤ ਸਿੰਘ ਕੋਟਕਪੂਰਾ