
ਡੋਨਾਲਡ ਟਰੰਪ ਦਾ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਇਕ ਸਧਾਰਨ ਘਟਨਾ ਨਹੀਂ, ਸਗੋਂ ਤਾਕਤਵਰਾਂ ਤੇ ਅਮੀਰਾਂ ਦੇ ਗੱਠਜੋੜ ਵੱਲੋਂ ਦੁਨੀਆ ਨੂੰ ਪਿਛਲਖੁਰੀ ਗੁਲਾਮਦਾਰੀ ਦੌਰ ਵਿੱਚ ਲਿਜਾ ਕੇ ਆਪਣੀ ਖੁੱਸ ਚੁੱਕੀ ਬਾਦਸ਼ਾਹਤ ਨੂੰ ਮੁੜ ਹਾਸਲ ਕਰ ਲੈਣ ਦੀ ਖਾਹਿਸ਼ ਦਾ ਨਤੀਜਾ ਹੈ। 20 ਜਨਵਰੀ ਨੂੰ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਉਸ ਦੀ ਪਿਛਲੀ ਕਤਾਰ ਵਿੱਚ ਬੈਠੇ ਦੁਨੀਆ ਦੇ ਸਭ ਤੋਂ ਧਨੀ ਤਿੰਨ ਵਿਅਕਤੀਆਂ ਐਲਨ ਮਸਕ, ਜੈਫ ਬਿਜ਼ੋਫ ਤੇ ਮਾਰਕ ਜ਼ੁਕਰਬਰਗ ਦੀ ਮੌਜੂਦਗੀ ਇਹੋ ਦੱਸ ਰਹੀ ਸੀ ਕਿ ਅਮਰੀਕਾ ਦੀ ਵਾਗਡੋਰ ਹੁਣ ਤਾਕਤਵਰਾਂ (ਸੱਤਾਧਾਰੀਆਂ) ਤੇ ਅਮੀਰਾਂ ਦੇ ਹੱਥ ਆ ਚੁੱਕੀ ਹੈ।
ਟਰੰਪ ’ਤੇ ਸੱਤਾ ਦਾ ਨਸ਼ਾ ਇਸ ਕਦਰ ਹਾਵੀ ਹੋ ਚੁੱਕਾ ਹੈ ਕਿ ਜਿੱਤ ਤੋਂ ਤੁਰੰਤ ਬਾਅਦ ਹੀ ਉਸ ਨੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਇਜ਼ਰਾਈਲ-ਹਮਾਸ ਤੇ ਰੂਸ-ਯੂਕਰੇਨ ਨੂੰ ਜੰਗ ਬੰਦ ਕਰਨ ਦੇ ਹੁਕਮ; ਭਾਰਤ, ਚੀਨ ਤੇ ਮੈਕਸੀਕੋ ਨੂੰ ਉਨ੍ਹਾਂ ਦੇ ਮਾਲ ਉੱਤੇ ਟੈਕਸ ਵਧਾਉਣ ਦੀਆਂ ਧਮਕੀਆਂ; ਅਮਰੀਕਾ ਵਿਚਲੇ ਪ੍ਰਵਾਸੀਆਂ ਨੂੰ ਆਨੇ-ਬਹਾਨੇ ਕੱਢ ਦੇਣ ਦੇ ਫੁਰਮਾਨ ਸਿੱਧੇ ਤੌਰ ਉੱਤੇ ਵੱਖ-ਵੱਖ ਦੇਸ਼ਾਂ ਨੂੰ ਧਮਕਾਉਣ ਦੇ ਪੈਂਤੜੇ ਸਨ। ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਧਮਕੀਆਂ ਉੱਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਸਭ ਤੋਂ ਪਹਿਲਾ ਵਾਰ ਪ੍ਰਵਾਸੀਆਂ ਉੱਤੇ ਹੋਇਆ ਹੈ। ਅਮਰੀਕਾ ਦੀ ਕੇਂਦਰੀ ਪੁਲਸ ਨੇ ਸਮੁੱਚੇ ਦੇਸ਼ ਵਿੱਚ ਸਰਚ ਮੁਹਿੰਮ ਚਲਾ ਕੇ ਰੁਜ਼ਗਾਰ ਦੀ ਭਾਲ ਵਿੱਚ ਗਏ ਵੱਖ-ਵੱਚ ਦੇਸ਼ਾਂ ਦੇ ਨਾਗਰਿਕਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਮੈਕਸੀਕੋ ਤੇ ਕੋਲੰਬੀਆ ਦੇ ਪ੍ਰਵਾਸੀਆਂ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਸੀ ਤੇ ਹੁਣ ਭਾਰਤ ਦੀ ਵਾਰੀ ਆ ਗਈ ਹੈ, ਜਦੋਂ 104 ਪ੍ਰਵਾਸੀਆਂ ਨੂੰ ਲੈ ਕੇ ਆਇਆ ਅਮਰੀਕੀ ਫੌਜ ਦਾ ਜਹਾਜ਼ ਉਨ੍ਹਾਂ ਨੂੰ ਅੰਮਿ੍ਰਤਸਰ ਉਤਾਰ ਕੇ ਗਿਆ ਹੈ। ਭਾਰਤ ਨੇ ਤਾਂ ਡੋਨਾਲਡ ਟਰੰਪ ਦੇ ਪਹਿਲੇ ਦਬਕੇ ਤੋਂ ਬਾਅਦ ਹੀ ਨਜਾਇਜ਼ ਪ੍ਰਵਾਸੀਆਂ ਨੂੰ ਕੱਢੇ ਜਾਣ ਉੱੇਤੇ ਆਪਣੀ ਮੋਹਰ ਲਾ ਦਿੱਤੀ ਸੀ ਤੇ ਨਾਲ ਹੀ ਅਮਰੀਕੀ ਮੋਟਰਸਾਈਕਲ ਹਾਰਲੇ-ਡੇਵਿਡਸਨ ਉੱਤੇ ਲਾਏ ਜਾਂਦੇ ਟੈਕਸ ਵਿੱਚ ਵੀ 20 ਫ਼ੀਸਦੀ ਕਟੌਤੀ ਕਰ ਦਿੱਤੀ ਸੀ, ਤਾਂ ਜੋ ਟਰੰਪ ਦੀ ਕ੍ਰਿਪਾ-ਦਿ੍ਰਸ਼ਟੀ ਹਾਸਲ ਕੀਤੀ ਜਾ ਸਕੇ, ਪਰ ਇਹ ਹੋਇਆ ਨਹੀਂ।
ਉਲਟਾ ਟਰੰਪ ਆਪਣੇ ਤਾਨਾਸ਼ਾਹ ਭਰਾ ਨੂੰ ਉਸ ਦੀ ਔਕਾਤ ਦਿਖਾਉਣ ਉੱਤੇ ਉੱਤਰ ਆਇਆ ਹੈ। ਅਮਰੀਕਾ ਨੇ 104 ਭਾਰਤੀਆਂ ਨੂੰ ਭੇਜਣ ਲਈ ਫੌਜੀ ਜਹਾਜ਼ ਦੀ ਵਰਤੋਂ ਕੀਤੀ, ਜੋ ਸਿੱਧੇ ਤੌਰ ਉੱਤੇ ਕਿਸੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੁੰਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਯਾਤਰੀ ਜਾਂ ਮਾਲਵਾਹਕ ਜਹਾਜ਼ ਦੀ ਥਾਂ ਫੌਜ ਦੇ ਜਹਾਜ਼ ਦੀ ਵਰਤੋਂ ਕਿਉਂ ਕੀਤੀ, ਜਦੋਂ ਕਿ ਉਹ ਬੇਹੱਦ ਮਹਿੰਗਾ ਪੈਂਦਾ ਹੈ। ਅਮਰੀਕੀ ਏਅਰਲਾਈਨਜ਼ ਦਾ ਪਹਿਲੇ ਦਰਜੇ ਦਾ ਇਕਪਾਸੜ ਟਿਕਟ 853 ਡਾਲਰ ਹੈ, ਜਦੋਂ ਕਿ ਫੌਜੀ ਜਹਾਜ਼ ਰਾਹੀਂ ਭੇਜਣ ਉੱਤੇ ਪ੍ਰਤੀ ਵਿਅਕਤੀ 4675 ਡਾਲਰ ਖਰਚ ਹੁੰਦੇ ਹਨ। ਇਹੋ ਨਹੀਂ ਅਮਰੀਕਾ ਦੇ ਸਾਂ ਐਂਟੇਨੀਓ, ਟੈਕਸਾਸ ਦੇ ਏਅਰਬੇਸ ਦੀਆਂ ਜਿਹੜੀਆਂ ਫੋਟੋਆਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਨਜਾਇਜ਼ ਭਾਰਤੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਾ ਕੇ ਲੱਕ ਦੁਆਲੇ ਬੰਨ੍ਹੇ ਹੱਥਾਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
24 ਜਨਵਰੀ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਇਨ੍ਹਾਂ ਹੱਥਕੜੀਆਂ ਤੇ ਬੇੜੀਆਂ ਵਿੱਚ ਜਕੜੇ ਹੋਏ ਫੌਜੀ ਹਵਾਈ ਜਹਾਜ਼ ਵੱਲ ਜਾਂਦੇ ਭਾਰਤੀਆਂ ਦੀਆਂ ਫੋਟੋਆਂ ਜਾਰੀ ਕਰਦਿਆਂ ਲਿਖਿਆ ਸੀ, ‘ਦੇਸ਼ ਨਿਕਾਲੇ ਦੀਆਂ ਉਡਾਨਾਂ ਸ਼ੁਰੂ ਹੋ ਚੁੱਕੀਆਂ ਹਨ। ਰਾਸ਼ਟਰਪਤੀ ਟਰੰਪ ਪੂਰੀ ਦੁਨੀਆ ਨੂੰ ਇੱਕ ਸਖ਼ਤ ਸੁਨੇਹਾ ਭੇਜ ਰਹੇ ਹਨ। ਜੇਕਰ ਤੁਸੀਂ ਨਜਾਇਜ਼ ਤਰੀਕੇ ਨਾਲ ਸੰਯੁਕਤ ਰਾਜ ਅਮਰੀਕਾ ਅੰਦਰ ਘੁਸਦੇ ਹੋ ਤਾਂ ਤੁਹਾਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।’ ਇਹੋ ਨਹੀਂ ਯੂ ਐੱਸ ਬਾਰਡਰ ਪੈਟਰੋਲ ਦੇ ਮੁਖੀ ਨੇ ਇਹੋ ਫੋਟੋ ਸਾਂਝੀ ਕਰਦਿਆਂ ਲਿਖਿਆ ਹੈ, ‘ਯੂ ਐੱਸ ਬੀ ਪੀ ਨੇ ਨਜਾਇਜ਼ ਏਲੀਅਨਜ਼ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ।’
ਸਪੱਸ਼ਟ ਤੌਰ ਉੱਤੇ ਟਰੰਪ ਦੀ ਇਹ ਹਰਕਤ ਭਾਰਤ ਉੱਤੇ ਧੌਂਸ ਜਮਾਉਣ ਤੇ ਜ਼ਲੀਲ ਕਰਨ ਵਾਲੀ ਹੈ। ਸ਼ਾਇਦ ਮੋਦੀ ਨੂੰ ਵੀ ਆਪਣੇ ਦੋਸਤ ਤੋਂ ਇਸ ਘਿਨੌਣੀ ਹਰਕਤ ਦੀ ਆਸ ਨਹੀਂ ਸੀ, ਇਸੇ ਲਈ ਪਰਦਾ ਪਾਉਣ ਲਈ ਅੰਮਿ੍ਰਤਸਰ ਦੇ ਏਅਰਪੋਰਟ ਉੱਤੇ ਪੱਤਰਕਾਰਾਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਗਿਆ। 56 ਇੰਚ ਛਾਤੀ ਵਾਲਾ ਤਾਨਾਸ਼ਾਹ ਏਨਾ ਡਰਪੋਕ ਨਿਕਲੇਗਾ, ਇਸ ਦੀ ਕਿਸੇ ਨੂੰ ਆਸ ਨਹੀਂ ਸੀ।
ਮੋਦੀ ਨਾਲੋਂ ਤਾਂ ਮੈਕਸੀਕੋ ਤੇ ਕੋਲੰਬੀਆ ਦੇ ਹਾਕਮ ਹੀ ਬੇਹਤਰ ਨਿਕਲੇ। ਸਭ ਤੋਂ ਪਹਿਲਾਂ ਮੈਕਸੀਕੋ ਨੇ ਅਮਰੀਕੀ ਫੌਜ ਦਾ ਜਹਾਜ਼ ਵਾਪਸ ਭੇਜ ਦਿੱਤਾ ਸੀ। ਉਥੋਂ ਦੀ ਰਾਸ਼ਟਰਪਤੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ, ‘ਉਹ ਆਪਣੀਆਂ ਸਰਹੱਦਾਂ ਅੰਦਰ ਕਾਰਵਾਈ ਕਰ ਸਕਦੇ ਹਨ। ਜਦੋਂ ਮੈਕਸੀਕੋ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਦੇ ਹਾਂ ਤੇ ਝਗੜਾ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।’ ਕੋਲੰਬੀਆ ਨੇ ਤਾਂ ਇਸ ਤੋਂ ਵੀ ਸਖ਼ਤ ਰੁਖ ਅਪਣਾਇਆ ਸੀ।