
ਭਾਜਪਾ ਆਗੂ ਮੋਹਿਤ ਗੁਪਤਾ ਨੇ ਪਾਰਟੀ ਨੋਟਿਸ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਨੂੰ ਲਿਖਿਆ ਹੈ ਕਿ ਉਸ ਨੇ ਹਮੇਸ਼ਾ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਦੇ ਹੱਕ ‘ਚ ਗੱਲ ਕੀਤੀ ਹੈ | ਉਸ ਨੇ ਹੁਣ ਵੀ ਕਿਸਾਨ ਤੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਹੈ | ਵਪਾਰੀ ਵਰਗ, ਆੜ੍ਹਤੀਆਂ, ਸ਼ੈਲਰ ਮਾਲਕ ਤੇ ਮਜ਼ਦੂਰ ਦੇ ਹੱਕ ਦੀ ਗੱਲ ਕੀਤੀ ਹੈ | ਕਿਸਾਨ ਅੰਦੋਲਨ ਸਦਕਾ ਭਾਜਪਾ ਵਰਕਰ ਨੂੰ ਹੇਠਲੇ ਪੱਧਰ ‘ਤੇ ਬਹੁਤ ਦਿੱਕਤ ਆ ਰਹੀ ਹੈ | ਕੀ ਕਿਸਾਨਾਂ ਦੀ ਮਦਦ ਕਰਨ, ਭਾਜਪਾ ਵਰਕਰਾਂ ਨੂੰ ਹੌਂਸਲਾ ਦੇਣ ਜਾਂ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਖ਼ਾਤਰ ਉਪਰਾਲੇ ਕਰਨਾ ਇਤਰਾਜ਼ਯੋਗ ਹੈ? ਉਹ ਪਾਰਟੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਯਤਨਸ਼ੀਲ ਹੈ |