ਪਟਿਆਲਾ, 28 ਜਨਵਰੀ – ਮਹਾਰਾਜਾ ਰਣਜੀਤ ਸਿੰਘ ਐਵਾਰਡੀ ਤੇ ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਵਿੱਚ ਅੱਜ ਉਸ ਵੇਲੇ ਇੱਕ ਹੋਰ ਵਾਧਾ ਹੋਇਆ ਜਦੋਂ 28 ਜਨਵਰੀ ਤੋਂ 14 ਫਰਵਰੀ 2025 ਤੱਕ ਉਤਰਾਖੰਡ ਵਿੱਚ ਕਰਵਾਈਆਂ ਜਾ ਰਹੀਆਂ 38 ਵੀਆਂ ਨੈਸ਼ਨਲ ਗੇਮਜ਼ ਲਈ ਜਗਦੀਪ ਸਿੰਘ ਕਾਹਲੋਂ ਨੂੰ ਸਾਈਕਲਿੰਗ ਖੇਡ ਲਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਤਕਨੀਕੀ ਅਧਿਕਾਰੀ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਭਾਰਤੀ ਓਲੰਪਿਕ ਸੰਘ ਵੱਲੋਂ ਕੀਤੀ ਗਈ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਗਦੀਪ ਸਿੰਘ ਕਾਹਲੋਂ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਖੇਲੋ ਇੰਡੀਆ ਸਕੀਮ ਦੇ ਕਮੇਟੀ ਮੈਂਬਰ ਤੇ ਨੌਰਥ ਜ਼ੋਨ ਸਾਈਕਲਿੰਗ ਟੈਲੇਂਟ ਇੰਡੈਂਟੀਫਿਕੇਸ਼ਨ ਜ਼ੋਨਲ ਕਮੇਟੀ ਦੇ ਮੈਂਬਰ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਮੀਡੀਆ ਕੋਆਰਡੀਨੇਟਰ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਐਥਲੀਟ ਕਮਿਸ਼ਨ ਦੇ ਕਨਵੀਨਰ ਤੇ ਐਗਜ਼ੈਕਟਿਵ ਕਮੇਟੀ ਮੈਂਬਰ, ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਪਟਿਆਲਾ ਦੇ ਜਨਰਲ ਸਕੱਤਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਜਗਦੀਪ ਸਿੰਘ ਕਾਹਲੋਂ ਨੈਸ਼ਨਲ ਰਿਕਾਰਡ ਹੋਲਡਰ ਤੇ ਪੰਜ ਸਾਲ ਲਗਾਤਾਰ ਕੌਮੀ ਚੈਂਪੀਅਨ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਖੇਡ ਗਤੀਵਿਧੀਆਂ ਉੱਪਰ ਵੱਖ-ਵੱਖ ਅਖਬਾਰਾਂ ਵਿੱਚ ਲੇਖ ਲਿਖ ਰਹੇ ਹਨ ਅਤੇ ਖਿਡਾਰੀਆਂ ਦੇ ਵੱਖ-ਵੱਖ ਮੁੱਦਿਆਂ ਨੂੰ ਚੁੱਕਦੇ ਆ ਰਹੇ ਹਨ। ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਉਹਨਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਅਤੇ ਖੇਡ ਮੰਤਰਾਲੇ ਨੇ ਉਹਨਾਂ ਨੂੰ ਤਕਨੀਕੀ ਅਧਿਕਾਰੀ ਚੁਣਿਆ। ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਭਾਰਤ ਤੇ ਪੰਜਾਬ ਵਿੱਚ ਸਾਈਕਲਿੰਗ ਦੀ ਪ੍ਰਫੁੱਲਤਾ ਲਈ ਕੰਮ ਕਰਾਂਗਾ। ਸ. ਕਾਹਲੋਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਸਾਈਕਲਿੰਗ ਖੇਡ ਲਈ ਇਕ ਵੱਡੇ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਦੇ ਹਰ ਸੂਬੇ ਤੋਂ ਸਾਈਕਲਿਸਟ ਭਾਗ ਲੈਣਗੇ।