ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਵੇਲੇ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਚੱਲੇ ਅੰਦੋਲਨ ਦੌਰਾਨ ਕੇਂਦਰੀ ਖੇਡ ਮੰਤਰਾਲੇ ਨੇ ਜਦੋਂ 2023 ਵਿੱਚ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ ਤਾਂ ਕੁਝ ਹਫਤਿਆਂ ਬਾਅਦ ਫੈਡਰੇਸ਼ਨ ਦਾ ਦਫਤਰ ਬਿ੍ਰਜ ਭੂਸ਼ਣ ਦੀ 21, ਅਸ਼ੋਕ ਰੋਡ ਵਾਲੀ ਕੋਠੀ ਤੋਂ ਬਦਲ ਕੇ ਹਰੀ ਨਗਰ ਦੇ ਇੱਕ ਕਮਰੇ ਵਿੱਚ ਪੁੱਜ ਗਿਆ ਸੀ। ਅੱਜ ਵੀ ਫੈਡਰੇਸ਼ਨ ਦੀ ਅਧਿਕਾਰਤ ਵੈੱਬਸਾਈਟ ਦੇ ਹੋਮਪੇਜ ’ਤੇ ਪਤਾ 101, ਹਰੀ ਨਗਰ, ਆਸ਼ਰਮ ਚੌਕ, ਨਵੀਂ ਦਿੱਲੀ-110014 ਦਰਜ ਹੈ, ਪਰ ਹਕੀਕਤ ਵਿੱਚ ਇਹ ਚਲਦਾ ਬਿ੍ਰਜ ਭੂਸ਼ਣ ਦੀ ਕੋਠੀ ਤੋਂ ਹੈ। ਹਰੀ ਨਗਰ ਵਾਲੇ ਦਫਤਰ ਵਿੱਚ ਨਵਾਂ ਕਿਰਾਏਦਾਰ ਆ ਚੁੱਕਾ ਹੈ। ਹਾਲਾਂਕਿ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਸੰਜੇ ਸਿੰਘ ਇਸ ਬਾਰੇ ਗੱਲ ਨਹੀਂ ਕਰਦਾ, ਖਜ਼ਾਨਚੀ ਐੱਸ ਪੀ ਦੇਸਵਾਲ ਨੇ ਮੰਨਿਆ ਹੈ ਕਿ ਦਫਤਰ ਅਜੇ ਵੀ ਹਰੀ ਨਗਰ ਵਿੱਚ ਹੈ, ਪਰ ਫੈਡਰੇਸ਼ਨ ਦਾ ਕੰਮ ਤਾਂ ਉੱਥੋਂ ਹੀ ਹੋ ਸਕਦਾ ਹੈ, ਜਿੱਥੇ ਸਟਾਫ ਬੈਠੇ।
ਕਹਿਣ ਦਾ ਮਤਲਬ ਕੰਮ ਬਿ੍ਰਜ ਭੂਸ਼ਣ ਦੀ ਕੋਠੀ ਤੋਂ ਹੀ ਹੰੁਦਾ ਹੈ। ਹਾਲਾਂਕਿ 21, ਅਸ਼ੋਕ ਰੋਡ ਵਾਲੀ ਕੋਠੀ ਦੇ ਬਾਹਰ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਬੋਰਡ ਤਾਂ ਨਜ਼ਰ ਨਹੀਂ ਆਇਆ, ਪਰ ਸਟਾਫ ਉੱਥੇ ਹੀ ਫਰਵਰੀ ਦੇ ਪਹਿਲੇ ਹਫਤੇ ਹੋਣ ਵਾਲੇ ਕੁਸ਼ਤੀ ਰੈਂਕਿੰਗ ਪ੍ਰੋਗਰਾਮ ਦੇ ਦਸਤਾਵੇਜ਼ ਸਕੈਨ ਕਰ ਰਿਹਾ ਸੀ, ਕੰਪਿਊਟਰ ’ਤੇ ਡੈਟਾ ਅਪਡੇਟ ਕਰ ਰਿਹਾ ਸੀ, ਸਰਟੀਫਿਕੇਟਾਂ ਦੀ ਜਾਂਚ ਕਰ ਰਿਹਾ ਸੀ ਤੇ ਕੁਸ਼ਤੀ ਨਾਲ ਸੰਬੰਧਤ ਦਸਤਾਵੇਜ਼ਾਂ ਦੇ ਪਿ੍ਰੰਟਆਊਟ ਕੱਢ ਰਿਹਾ ਸੀ। ਸਟਾਫ ਨੇ ਮੰਨਿਆ ਕਿ ਕੁਝ ਸਮਾਂ ਹਰੀ ਨਗਰ ’ਚ ਕੰਮ ਕੀਤਾ, ਪਰ ਫਿਰ ਇੱਥੇ ਆ ਗਏ। ਬਿ੍ਰਜ ਭੂਸ਼ਣ, ਜਿਸ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਯੂ ਪੀ ਦੇ ਕੈਸਰਗੰਜ ਤੋਂ ਟਿਕਟ ਨਾ ਦੇ ਕੇ ਉਸ ਦੇ ਬੇਟੇ ਕਰਨ ਭੂਸ਼ਣ ਸਿੰਘ ਨੂੰ ਜਿਤਵਾਇਆ, ਵੀ ਅੰਦਰ ਹੀ ਬੈਠਾ ਸੀ। ਇਹ ਪੁੱਛਣ ’ਤੇ ਕਿ ਉਹ ਫੈਡਰੇਸ਼ਨ ਦਾ ਦਫਤਰ ਆਪਣੀ ਕੋਠੀ ’ਚ ਕਿਉ ਲੈ ਆਏ, ਉਸ ਨੇ ਕਿਹਾ ਕਿ ਉਹ ਕੁਸ਼ਤੀ ’ਤੇ ਚਰਚਾ ਨਹੀਂ ਕਰੇਗਾ। ਫੈਡਰੇਸ਼ਨ ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਬਿ੍ਰਜ ਭੂਸ਼ਣ ਨੂੰ ਲਾਂਭੇ ਰੱਖਣਾ ਪਿਆ, ਪਰ ਉਸ ਦੇ ਹੀ ‘ਪੱਠੇ’ ਅਹੁਦੇਦਾਰ ਚੁਣੇ ਗਏ ਸਨ। ਪ੍ਰਧਾਨ ਚੁਣੇ ਜਾਣ ਦੇ ਕੁਝ ਚਿਰ ਬਾਅਦ ਸੰਜੇ ਸਿੰਘ ਨੇ ਬਿ੍ਰਜ ਭੂਸ਼ਣ ਦੀ ਕੋਠੀ ਪੁੱਜ ਕੇ ਉਸ ਨੂੰ ਹਾਰ ਪਾਇਆ ਤੇ ਫੋਟੋ ਖਿਚਵਾਈ।