ਮੋਹਣਾ ਮੇਰੇ ਨਾਲ ਹੀ ਪੜਦਾ ਸੀ | ਉਹ ਸਾਡੇ ਤੋਂ ਅਗਲੀ ਗਲੀ ਵਿਚ ਰਹਿੰਦਾ ਸੀ | ਕਦੇ ਕਦੇ ਉਹ ਕਿਸੇ ਕਾਪੀ ਲੈਣ ਦੇ ਬਹਾਨੇ ਸਾਡੇ ਘਰ ਵੀ ਆ ਜਾਇਆ ਕਰਦਾ ਸੀ | ਮੇਰੀ ਮਾਂ ਨੂੰ ਇਹ ਗੱਲ ਭਾਉਂਦੀ ਨਹੀਂ ਸੀ | ਉਸ ਨੂੰ ਪਤਾ ਸੀ ਕਿ ਮੋਹਣੇ ਦਾ ਪਿਤਾ ਜੁਤੀਆਂ ਗੰਢਣ ਦਾ ਕੰਮ ਕਰਦਾ ਸੀ | ਮੇਰੇ ਪਿਤਾ ਜੀ ਸਕੂਲ ਵਿਚ ਹਿਸਾਬ ਮਾਸਟਰ ਸਨ | ਉਹ ਕੰਮਜ਼ੋਰ ਬੱਚਿਆਂ ਨੂੰ ਘਰ ਬੁਲਾ ਕੇ ਹਿਸਾਬ ਦੇ ਸਵਾਲਾਂ ਦੀਆਂ ਮੁਸ਼ਕਲਾਂ ਹੱਲ ਕਰਵਾ ਦਿੰਦੇ ਸਨ ਅਤੇ ਇਸ ਕੰਮ ਦਾ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਲੈਂਦੇ ਸਨ | ਇਸ ਤਰਾਂ ਉਹ ਗਰੀਬ ਤੇ ਹਿਸਾਬ ਵਿਚੋਂ ਕੰਮਜ਼ੋਰ ਬਚਿਆ ਦੀ ਮਦਦ ਕਰ ਦਿਆਂ ਕਰਦੇ ਸਨ | ਮੇਰੇ ਪਿਤਾ ਜੀ ਨੂੰ ਜਾਤ ਪਾਤ ਦਾ ਕੋਈ ਵਹਿਮ ਨਹੀਂ ਸੀ | ਉਹ ਜਾਣਦੇ ਸਨ ਕਿ ਆਰਥਿਕ ਤੌਰ ਤੇ ਕੰਮਜ਼ੋਰ ਬੱਚਿਆਂ ਨੂੰ ਅਧਿਆਪਕਾਂ ਵਲੋਂ ਮਿਲੇ ਘਰ ਦਾ ਕੰਮ ਕਰਨ ਲਈ ਸਮਾਂ ਘਟ ਮਿਲਦਾ ਹੈ ਕਿਓਂ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਘਰੇਲੂ ਕੰਮਾਂ ਵਿਚ ਵੀ ਮਦਦ ਕਰਨੀ ਪੈਂਦੀ ਹੈ |
ਇਸ ਲਈ ਉਹ ਪਿਛੇ ਰਹਿ ਜਾਂਦੇ ਹਨ ਅਤੇ ਉਹ ਉਨ੍ਹਾਂ ਦੀ ਸਹਾਇਤਾ ਕਰ ਦਿੰਦੇ ਸਨ ਤਾਂ ਜੋ ਪੜ੍ਹਾਈ ਵਿਚੋਂ ਪਛੜ ਨਾ ਜਾਣ | ਕਈ ਵਾਰ ਗਰੀਬ ਬੱਚਿਆਂ ਦੀ ਫੀਸ ਵੀ ਆਪਣੇ ਕੋਲੋਂ ਭਰ ਦਿੰਦੇ ਸਨ | ਇਸ ਤਰਾਂ ਮਦਦ ਕਰ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਸੀ | ਸਕੂਲ ਵਿਚ ਮੁੰਡੇ ਅਤੇ ਕੁੜੀਆਂ ਇਕੱਠੇ ਹੀ ਪੜਦੇ ਸਨ | ਮੋਹਣਾ ਮੇਰੀ ਜਮਾਤ ਵਿਚ ਹੀ ਸੀ | ਉਹ ਪੜ੍ਹਾਈ ਵਿਚ ਹੁਸ਼ਿਆਰ ਸੀ ਅਤੇ ਕਦੇ ਉਹ ਪਹਿਲੇ ਨੰਬਰ ਤੇ ਆਓਂਦਾ ਸੀ ਅਤੇ ਕਦੇ ਮੈਂ ਪਹਿਲੇ ਨੰਬਰ ਤੇ ਆਓਂਦੀ ਸੀ | ਦਸਵੀਂ ਦਾ ਨਤੀਜਾ ਆਇਆ ਤਾਂ ਉਹ ਸਕੂਲ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ ਅਤੇ ਮੈਂ ਦੂਸਰੇ ਨੰਬਰ ਤੇ ਆਈ ਸੀ | ਉਹ ਆਪਣੀ ਖੁਸ਼ੀ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਇਕ ਮਿਠਿਆਈ ਦਾ ਡੱਬਾ ਲੈ ਕੇ ਆਇਆ | ਉਸ ਨੇ ਡੱਬਾ ਪਿਤਾ ਜੀ ਨੂੰ ਦਿਤਾ |
ਉਨ੍ਹਾਂ ਕੋਲ ਹੋਰ ਬੱਚੇ ਬੈਠੇ ਸਵਾਲ ਕੱਢ ਰਹੇ ਸਨ ਉਨ੍ਹਾਂ ਨੇ ਮੋਹਣੇ ਦੀ ਖੁਸ਼ੀ ਸਭ ਨਾਲ ਸਾਂਝੀ ਕੀਤੀ ਅਤੇ ਸਭ ਨੂੰ ਮਿਠਿਆਈ ਖਾਣ ਲਈ ਦਿਤੀ | ਮੈਂ ਵੀ ਮਿਠਿਆਈ ਲੈ ਕੇ ਖਾ ਲਈ ਅਤੇ ਉਸ ਨੂੰ ਵਧਾਈ ਦਿਤੀ | ਮੇਰੀ ਮਾਂ ਨੇ ਮਿਠਿਆਈ ਨਾ ਫੜੀ ਅਤੇ ਉਸ ਨੂੰ ਵਧਾਈ ਦੇ ਦਿਤੀ | ਮੇਰੇ ਮਿਠਿਆਈ ਖਾ ਲੈਣ ਕਾਰਨ ਮੇਰੀ ਮਾਂ ਨੇ ਗੁਸਾ ਕੀਤਾ ਕਿ ਤੂੰ ਨੀਵੀਂ ਜਾਤ ਵਲੋਂ ਮਿਲੀ ਮਿਠਿਆਈ ਕਿਓਂ ਖਾਧੀ ਹੈ | ਮੇਰੇ ਪਿਤਾ ਜੀ ਨੂੰ ਉਨ੍ਹਾਂ ਨੇ ਕੁਝ ਨਾ ਕਿਹਾ | ਜਦੋਂ ਪੜ੍ਹਨ ਵਾਲੇ ਬਚੇ ਚਲੇ ਗਏ ਤਾਂ ਮੋਹਣੇ ਨੇ ਮੇਰੇ ਪਿਤਾ ਜੀ ਨਾਲ ਸਲਾਹ ਕੀਤੀ ਕਿ ਅਗੇ ਮੈਂ ਕਿਹੜੀ ਪੜ੍ਹਾਈ ਕਰਾਂ ਅਤੇ ਕਿਹੜੇ ਕਾਲਿਜ ਵਿਚ ਦਾਖਲ ਹੋਵਾਂ |
ਜਦੋਂ ਪਿਤਾ ਜੀ ਨੇ ਉਸ ਨੂੰ ਅਗਲੇਰੀ ਪੜ੍ਹਾਈ ਦੇ ਖਰਚੇ ਬਾਰੇ ਦੱਸਿਆ ਤਾਂ ਮੋਹਣਾ ਕਹਿਣ ਲੱਗਾ ਕਿ ਖਰਚੇ ਬਾਰੇ ਕੋਈ ਫਿਕਰ ਨਹੀਂ ਕਿਓਂਕਿ ਮੇਰੇ ਮਾਮਿਆਂ ਨੇ ਮੇਰੇ ਉਪਰ ਖਰਚ ਕਰਨਾ ਹੈ | ਉਨ੍ਹਾਂ ਕੋਲ ਜ਼ਮੀਨ ਹੈ ਅਤੇ ਉਹ ਵਾਹੀ ਕਰਦੇ ਹਨ | ਮੇਰੀ ਅਗਲੇਰੀ ਪੜ੍ਹਾਈ ਦਾ ਖਰਚ ਉਹ ਕਰਨਗੇ | ਮੇਰੇ ਪਿਤਾ ਜੀ ਨੇ ਉਸ ਨੂੰ ਅਗੇ ਕਾਲਿਜ ਵਿਚ ਦਾਖਲ ਹੋ ਮੇਹਨਤ ਕਰਨ ਲਈ ਸਲਾਹ ਦਿਤੀ | ਮੈਂ ਵੀ ਅਗਲੇਰੀ ਪੜ੍ਹਾਈ ਕਾਲਿਜ ਵਿਚ ਕਰਨੀ ਸੀ | ਅਸੀਂ ਇਕੋ ਕਾਲਿਜ ਵਿਚ ਦਾਖਲ ਹੋ ਗਏ | ਕਾਲਿਜ ਅੰਦਰ ਉਹ ਮੇਰਾ ਪੂਰਾ ਧਿਆਨ ਰੱਖਦਾ ਸੀ | ਅਸੀਂ ਇਕੱਠੇ ਹੀ ਕਾਲਿਜ ਜਾਂਦੇ ਸੀ ਅਤੇ ਇਕੱਠੇ ਹੀ ਮੁੜਦੇ ਸੀ | ਕਦੇ ਕਦੇ ਉਹ ਸਾਡੇ ਘਰ ਉਹ ਪੜ੍ਹਾਈ ਸਬੰਧੀ ਕੋਈ ਮੁਸ਼ਕਿਲ ਲੈ ਕੇ ਮੇਰੇ ਡੈਡੀ ਕੋਲ ਆ ਜਾਂਦਾ ਸੀ | ਸਾਡਾ ਮੇਲ ਜੋਲ ਵੱਧ ਰਿਹਾ ਸੀ | ਸਾਨੂੰ ਇਹ ਪਤਾ ਨਾ ਲੱਗਾ ਕਦੋਂ ਸਾਡੀਆਂ ਅੱਖਾਂ ਚਾਰ ਹੋ ਗਈਆਂ |
ਅਸੀਂ ਕੋਈ ਨਾ ਕੋਈ ਬਹਾਨਾ ਕਰ ਕਾਲਿਜ ਵਿਚ ਵਧੇਰੇ ਸਮਾਂ ਇਕੱਠਾ ਬਿਤਾਉਣ ਲੱਗ ਪਏ | ਜਦੋਂ ਕਾਲਿਜ ਦੀ ਪੜ੍ਹਾਈ ਖਤਮ ਹੋਣ ਵਾਲੀ ਸੀ ਤਾਂ ਉਸ ਨੇ ਮੇਰੇ ਲਈ ਅਥਾਹ ਪਿਆਰ ਜਤਾਇਆ ਅਤੇ ਮੇਰੇ ਨਾਲ ਸੱਤ ਜਨਮਾਂ ਦਾ ਰਿਸ਼ਤਾ ਨਿਭਾਉਣ ਦਾ ਵਾਅਦਾ ਕੀਤਾ | ਮੈਨੂੰ ਵੀ ਸਮਝ ਨਾ ਲੱਗੀ ਕਦੋਂ ਮੈਂ ਉਸ ਨੂੰ ਹਾਂ ਕਰ ਬੈਠੀ ਅਤੇ ਮਾਪਿਆਂ ਤੋਂ ਮਨਜ਼ੂਰੀ ਲੈਣ ਦਾ ਵਾਅਦਾ ਕਰ ਲਿਆ | ਉਸ ਨੇ ਮੇਰੇ ਨਾਲ ਇਹ ਵਾਅਦਾ ਕਰ ਲਿਆ ਕਿ ਜ਼ਿੰਦਗੀ ਦੇ ਕਿਸੇ ਵੀ ਮੌੜ ਉਪਰ ਪਿਛੇ ਮੁੜ ਕੇ ਦੇਖੇਂਗੀ | ਮੈਂ ਤੇਰੇ ਇੰਤਜ਼ਾਰ ਵਿਚ ਹਾਜ਼ਰ ਮਿਲਾਂਗਾ |
ਜਦੋਂ ਮੈਂ ਕਾਲਿਜ ਦੀ ਪੜ੍ਹਾਈ ਖਤਮ ਕਰ ਮਾਪਿਆਂ ਨਾਲ ਵਿਆਹ ਸਬੰਧੀ ਆਪਣੇ ਵਿਚਾਰ ਦੱਸੇ ਤਾਂ ਉਨ੍ਹਾਂ ਨੇ ਸਮਾਜ ਵਿਚ ਅਤੇ ਰਿਸ਼ਤੇਦਾਰੀ ਵਿਚ ਹੋਣ ਵਾਲੀ ਹਾਲਤ ਪ੍ਰਤੀ ਚਾਨਣ ਕੀਤਾ ਤਾਂ ਮੈਂ ਝਿਜਕ ਗਈ | ਆਪਣੇ ਮਾਂ-ਬਾਪ ਦੀ ਖੁਸ਼ੀ ਲਈ ਮੈਂ ਆਪਣੀ ਹਾਰ ਮੰਨ ਕੇ ਉਨ੍ਹਾਂ ਦੀ ਮਰਜ਼ੀ ਅਨੂਸਾਰ ਵਿਆਹ ਕਰਵਾਉਣ ਲਈ ਤਿਆਰ ਹੋ ਗਈ | ਮੇਰੇ ਬਾਪ ਦੀ ਸਕੂਲ ਵਿਚ ਸੇਵਾ ਨਵਿਰਤੀ ਹੋ ਗਈ | ਉਨ੍ਹਾਂ ਨੂੰ ਇਸ ਸਮੇਂ ਕੁਝ ਰਕਮ ਇਕਠੀ ਮਿਲ ਗਈ ਅਤੇ ਉਹਨਾਂ ਦੀ ਪੈਨਸ਼ਨ ਵੀ ਲੱਗ ਗਈ | ਮਾਪਿਆਂ ਦੀ ਇੱਛਾ ਸੀ ਕਿ ਇਕਠੀ ਮਿਲੀ ਰਕਮ ਨਾਲ ਮੇਰਾ ਵਿਆਹ ਕਰ ਦਿੱਤਾ ਜਾਵੇ | ਉਨ੍ਹਾਂ ਨੇ ਮੁੰਡੇ ਦੀ ਭਾਲ ਸ਼ੁਰੂ ਕਰ ਦਿਤੀ | ਸਮੇਂ ਸਮੇਂ ਤੇ ਮੇਰੇ ਪਿਤਾ ਜੀ ਨੇ ਆਪਣੀ ਬੱਚਤ ਨਾਲ ਕਿਤਾਬਾਂ ਖਰੀਦ ਕੇ ਇਕ ਲਾਇਬਰੇਰੀ ਬਣਾਈ ਹੋਈ ਸੀ ਜਿਸ ਵਿਚ ਬਹੁਤ ਸਾਰੀਆਂ ਕਿਤਾਬਾਂ ਹੋ ਗਈਆਂ ਸਨ |ਮੈਂ ਆਪਣੀ ਘਰ ਦੀ ਉਸ ਲਾਇਬਰੇਰੀ ਵਿਚੋਂ ਕਿਤਾਬਾਂ ਲੈ ਕੇ ਪੜ੍ਹਨ ਵਿਚ ਮਗਨ ਹੋ ਗਈ | ਮਾਪਿਆਂ ਅਨੁਸਾਰ ਵਿਚੋਲੇ ਰਾਹੀਂ ਮੁੰਡੇ ਦਾ ਪਤਾ ਲੱਗਾ |
ਵਿਚੋਲੇ ਰਾਹੀਂ ਸਾਰੇ ਕਾਰ ਵਿਹਾਰ ਕਰ ਵਿਆਹ ਮਿਥ ਲਿਆ ਗਿਆ | ਵਿਆਹ ਵਾਲਾ ਦਿਨ ਆ ਗਿਆ | ਸਾਰੀਆਂ ਤਿਆਰੀਆਂ ਹੋ ਚੁਕੀਆਂ ਸਨ | ਜੰਞ ਆ ਗਈ ਆਓ ਭਗਤ ਕੀਤੀ ਗਈ | ਮੈਂ ਤਿਆਰ ਹੋ ਕੇ ਬੈਠੀ ਹੋਈ ਸੀ ਅਨੰਦ ਕਾਰਜ ਲਈ ਗੁਰਦਵਾਰੇ ਜਾਣਾ ਸੀ | ਵਿਚੋਲਾ ਮੇਰੇ ਬਾਪ ਨੂੰ ਕਹਿਣ ਲੱਗਾ ਕਿ ਲੜਕੇ ਵਾਲੇ ਦਾਜ ਵਿਚ ਕਾਰ ਮੰਗਦੇ ਹਨ | ਮੇਰੇ ਪਿਤਾ ਜੀ ਨੇ ਕਿਹਾ ਕਿ ਮੇਰੇ ਕੋਲ ਕਾਰ ਦੀ ਸਮਰਥਾ ਨਹੀਂ ਹੈ | ਜੇ ਉਨ੍ਹਾਂ ਦੀ ਇਹ ਮੰਗ ਸੀ ਤਾਂ ਪਹਿਲਾਂ ਦੱਸਦੇ ਅਸੀਂ ਰਿਸ਼ਤਾ ਕਰਨ ਵੇਲੇ ਸੋਚ ਵਿਚਾਰ ਕਰ ਰਿਸ਼ਤਾ ਕਰਦੇ | ਪਹਿਲਾਂ ਤਾਂ ਆਖਦੇ ਸੀ ਕਿ ਅਸੀਂ ਦਾਜ ਨਹੀਂ ਲੈਣਾ ਜੋ ਲੜਕੀ ਵਾਲਿਆਂ ਦੀ ਸਮਰਥਾ ਹੈ ਆਪਣੀ ਲੜਕੀ ਨੂੰ ਦੇਣ ਜਾਂ ਨਾ ਦੇਣ ਸਾਡੀ ਕੋਈ ਮੰਗ ਨਹੀਂ ਹੈ |
ਸਾਡੇ ਵਲੋਂ ਲੜਕੀ ਨੂੰ ਤਿੰਨਾਂ ਕਪੜਿਆਂ ਵਿਚ ਤੌਰ ਦੇਣ | ਹੁਣ ਉਹ ਪੈਰ ਤੇ ਕਾਰ ਮੰਗ ਰਹੇ ਹਨ | ਵਿਚੋਲਾ ਮੇਰੇ ਪਿਤਾ ਨੂੰ ਨਾਲ ਲੈ ਕੇ ਲੜਕੇ ਦੇ ਪਿਤਾ ਨਾਲ ਗੱਲ ਕਰਨ ਲਈ ਗਏ | ਲੜਕੇ ਨੇ ਸਾਫ ਇਨਕਾਰ ਕਰ ਦਿਤਾ ਕੇ ਕਾਰ ਮਿਲੇਗੀ ਤਾਂ ਹੀ ਅਨੰਦ ਕਾਰਜ ਹੋਵੇਗਾ ਨਹੀਂ ਤਾਂ ਅਸੀਂ ਬਰਾਤ ਨੂੰ ਵਾਪਸ ਲੈ ਜਾਵਾਂਗੇ | ਪਿਤਾ ਜੀ ਨੇ ਆਪਣੀ ਪੱਗ ਉਨ੍ਹਾਂ ਦੇ ਪੈਰਾਂ ਤੇ ਰੱਖੀ ਕਿ ਅਜਿਹਾ ਨਾ ਕਰੋ ਸਾਡੀ ਇੱਜਤ ਮਿੱਟੀ ਵਿਚ ਰੁਲ ਜਾਵੇਗੀ | ਉਹ ਤਾਂ ਪੱਥਰ ਦਿਲ ਨਿਕਲੇ ਉਨ੍ਹਾਂ ਉਪਰ ਕੋਈ ਅਸਰ ਨਾ ਹੋਇਆ |
ਜਦੋਂ ਮੇਰੀ ਮਾਂ ਨੇ ਮੈਨੂੰ ਦੱਸਿਆ | ਮੈਨੂੰ ਗੁਸਾ ਆ ਗਿਆ ਮੈਂ ਆਪਣੀ ਮਾਂ ਨੂੰ ਕਿਹਾ ਕਿ ਉਹ ਕੀ ਰਿਸ਼ਤਾ ਤੋੜਨਗੇ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗੀ | ਮੈਂ ਇਹ ਵੀ ਸੋਚ ਰਹੀ ਸੀ ਜੇ ਕਰ ਬਰਾਤ ਖਾਲੀ ਹੀ ਵਾਪਸ ਜਾਵੇਗੀ ਤਾਂ ਕਿ ਮੁੰਡੇ ਵਾਲਿਆਂ ਦੀ ਬੇਜ਼ਤੀ ਨਹੀਂ ਹੋਵੇਗੀ | ਮੇਰੇ ਪਿਤਾ ਜੀ ਤੇ ਹੋਰ ਰਿਸ਼ਤੇਦਾਰ ਮੈਨੂੰ ਸਮਝਾਉਣ ਲੱਗੇ ਕਿ ਜਦੋਂ ਇਕ ਵਾਰ ਬਰਾਤ ਮੁੜ ਜਾਵੇ ਤਾਂ ਦੂਸਰੀ ਵਾਰ ਰਿਸ਼ਤਾ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ | ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਲੜਕੀ ਦੇ ਜਨਮ ਸਮੇਂ ਕਿਓਂ ਦੁੱਖ ਮਨਾਇਆ ਜਾਂਦਾ ਹੈ | ਕੁੜੀਆਂ ਦਾ ਭਵਿੱਖ ਅਨਿਸਚਿਤ ਹੁੰਦਾ ਹੈ | ਭਾਵੇਂ ਲੜਕੀ ਨੂੰ ਪੜ੍ਹਾ ਲਿਆ ਜਾਵੇ ਦਾਜ ਦਾ ਖਰਚ ਅਤੇ ਲੜਕੀ ਦੇ ਸਹੁਰਿਆਂ ਵਲੋਂ ਕੀਤਾ ਵਰਤਾਓ ਤਾਂ ਮਾਪਿਆਂ ਨੂੰ ਡਰਾਉਂਦਾ ਹੀ ਰਹਿੰਦਾ ਹੈ | ਮੈਂ ਇਹ ਜਾਣਦੀ ਸੀ ਕਿ ਮੇਰੇ ਮਾਪਿਆਂ ਵਿਚ ਹੋਰ ਗੁੰਜਾਇਸ਼ ਨਹੀਂ ਸੀ |
ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਆਪਣੇ ਪਿਤਾ ਦੀ ਗੁਨਾਹਗਾਰ ਹਾਂ | ਮੇਰੇ ਕਾਰਨ ਹੀ ਮੇਰੇ ਬਾਪ ਨੂੰ ਝੁਕਣਾ ਪੈ ਰਿਹਾ ਹੈ | ਮੈਂ ਸੋਚਿਆਂ ਕਿ ਜਿਹੜੇ ਵਿਆਹ ਵੇਲੇ ਹੀ ਦਾਜ ਵਿਚ ਕਾਰ ਦੀ ਮੰਗ ਕਰ ਰਹੇ ਹਨ ਇਹ ਬਾਅਦ ਵਿਚ ਹੋਰ ਦਾਜ ਨਹੀਂ ਮੰਗਣਗੇ ਇਸ ਗੱਲ ਦੀ ਵੀ ਕੀ ਗਰੰਟੀ ਹੈ | ਮੇਰੇ ਸੁਪਨੇ ਇਹ ਕਿਵੇਂ ਪੂਰੇ ਕਰਨਗੇ | ਮੈਂ ਅਜਿਹੇ ਘਰ ਵਿਚ ਜਾ ਕੇ ਕਿਵੇਂ ਖੁਸ਼ ਰਹਿ ਸਕਦੀ ਹਾਂ | ਮੈਂ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਇਹਨਾਂ ਨੇ ਵਿਆਹ ਜਿਹੇ ਪਵਿੱਤਰ ਬੰਧਨ ਨੂੰ ਕਲੰਕਿਤ ਕਰਨ ਵਾਲਿਆਂ ਨਾਲ ਮੈਂ ਕੋਈ ਸਬੰਧ ਨਹੀਂ ਬਣਾਉਣਾ | ਜਿਹੜੇ ਅੱਜ ਹੀ ਮੇਰੇ ਬਾਪ ਦੀ ਇੱਜਤ ਨੂੰ ਰੋਲ ਰਹੇ ਹਨ ਉਨ੍ਹਾਂ ਨਾਲ ਬਣਾਏ ਹੋਏ ਰਿਸ਼ਤੇ ਕਿਵੇਂ ਨਿਭਾਏ ਜਾ ਸਕਣਗੇ | ਮੇਰੇ ਬਾਪ ਨੇ ਮੇਰੀਆਂ ਸਾਰੀਆਂ ਮੰਗਾਂ ਮੰਨੀਆਂ ਹਨ ਅਤੇ ਆਪਣੀ ਸਮਰਥਾ ਅਨੁਸਾਰ ਮੈਨੂੰ ਪੜ੍ਹਾਇਆ ਹੈ |
ਮੇਰੇ ਪੰਖਾਂ ਨੂੰ ਪਰਵਾਜ਼ ਦਿੱਤਾ ਹੈ | ਮੈਨੂੰ ਅਗਲੇਰੇ ਜੀਵਨ ਵਿਚ ਨਿਰਾਸ਼ ਦੇਖ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਣਗੇ | ਇਹ ਪੈਸੇ ਦੇ ਭੁੱਖੇ ਰਿਸ਼ਤੇਦਾਰ ਅਤੇ ਇਹ ਕਾਰ ਮੰਗਣ ਵਾਲੇ ਮੇਰੀਆਂ ਉਮੀਦਾਂ ਕਿਵੇਂ ਪੂਰੀਆਂ ਕਰਨਗੇ | ਇਸ ਲਾਲਚੀ ਲੜਕੇ ਨਾਲ ਵਿਆਹ ਕਰਵਾ ਕੇ ਮੇਰੇ ਸੁਪਨਿਆਂ ਦੇ ਫੁੱਲ ਖਿੜਣਗੇ ਇਸ ਦੀ ਆਸ ਨਹੀਂ ਕੀਤੀ ਜਾ ਸਕਦੀ | ਮੈਂ ਆਪਣੇ ਮਾਪਿਆਂ ਨੂੰ ਕੋਲ ਬਿਠਾ ਕੇ ਇਹ ਦੱਸ ਦਿਤਾ ਕਿ ਮੈਂ ਹੋਰ ਪੜ੍ਹਾਂਗੀ ਅਤੇ ਅਜਿਹੇ ਦਾਜ ਦੇ ਲੋਭੀਆਂ ਨੂੰ ਅਤੇ ਸਮਾਜ ਦੇ ਦੁਸ਼ਮਣਾਂ ਨੂੰ ਸਬਕ ਸਿਖਾਵਾਂਗੀ |
ਇਹ ਮੇਰੀ ਜੰਗ ਹੀ ਨਹੀਂ ਹੋਵੇਗੀ | ਇਹ ਤਾਂ ਹਰ ਉਸ ਲੜਕੀ ਦੀ ਜੰਗ ਹੋਵੇਗੀ ਜਿਸ ਨੂੰ ਇਹੋ ਜਿਹੇ ਦਾਜ ਦੇ ਲਾਲਚੀ ਲੋਕਾਂ ਤੋਂ ਡਰ ਕੇ ਕੁੱਖ ਵਿਚ ਹੀ ਖਤਮ ਕਰਨਾ ਚਾਹੁੰਦੇ ਹਨ | ਮੈਂ ਹਰ ਯਤਨ ਕਰਾਂਗੀ ਕਿ ਸਮਾਜ ਦੇ ਹਰ ਹਨੇਰੇ ਕੋਨੇ ਵਿਚ ਚਾਨਣ ਕਰ ਸਕਾਂ ਤਾਂ ਜੋ ਹਰ ਲੜਕੀ ਦਾ ਭਵਿੱਖ ਉਜਲਾ ਹੋ ਸਕੇ | ਸੱਚ ਦੀ ਰੋਸ਼ਨੀ ਦਾ ਛਿੱਟਾ ਹਰ ਪਾਸੇ ਦੇਵਾਂਗੀ | ਤੁਸੀਂ ਇਸ ਲਾਲਚੀ ਟੱਬਰ ਨੂੰ ਵਾਪਿਸ ਭੇਜ ਦਿਓ | ਜੇ ਕਰ ਤੁਸੀਂ ਠੀਕ ਸਮਝਦੇ ਹੋ ਤਾਂ ਮੈਂ ਆਪ ਹੀ ਇਨ੍ਹਾਂ ਦੇ ਕੰਨ ਖੋਲ ਸਕਦੀ ਹਾਂ | ਤੁਸੀਂ ਮੈਨੂੰ ਹੌਸਲਾਂ ਦਿਤਾ ਹੈ ਮੈਂ ਬੁਰਾਈ ਦੇ ਖਿਲਾਫ ਡੱਟ ਕੇ ਖਲੋ ਸਕਦੀ ਹਾਂ | ਮੇਰੀ ਪੜ੍ਹਾਈ ਮਾਪਿਆਂ ਦੀ ਮਜ਼ਬੂਰੀ ਕਾਰਨ ਅਧੂਰੀ ਰਹਿ ਚਲੀ ਸੀ |
ਮੈਂ ਆਪਣੇ ਮਾਪਿਆਂ ਤੋਂ ਅਸ਼ੀਰਵਾਦ ਲੈ ਅਗਲੇਰੀ ਪੜ੍ਹਾਈ ਕੀਤੀ | ਮੇਰੇ ਇਹਨਾਂ ਕਦਮਾਂ ਵਿਚ ਪਿਤਾ ਜੀ ਨੇ ਮੇਰਾ ਪੂਰਾ ਸਾਥ ਦਿਤਾ | ਜਦੋਂ ਕਦੇ ਵੀ ਮੇਰੇ ਕਦਮ ਡਗਮਗਾ ਜਾਂਦੇ ਜਾਂ ਹਿੰਮਤ ਜਵਾਬ ਦੇਣ ਲਗਦੀ ਤਾਂ ਮੇਰੇ ਪਿਤਾ ਦੇ ਹੋਏ ਅਪਮਾਨ ਦਾ ਬਦਲਾ ਲੈਣ ਦੀ ਇੱਛਾ ਮੈਨੂੰ ਨਵੀਂ ਊਰਜਾ ਪ੍ਰਦਾਨ ਕਰਦੀ | ਮੈਂ ਦੁਬਾਰਾ ਹਾਲਾਤ ਨਾਲ ਜੂਝਣਾ ਸ਼ੁਰੂ ਕਰ ਦਿੰਦੀ ਸਾਂ |ਮੇਰੇ ਪਿਤਾ ਜੀ ਨੇ ਮੈਨੂੰ ਸਹਾਰਾ ਤੱਕਣ ਦੀ ਆਦਤ ਨਹੀਂ ਪਾਈ ਸੀ | ਉਹ ਹਮੇਸ਼ਾ ਆਖਦੇ ਸਨ ਕਿ ਸਹਾਰੇ ਇਨਸਾਨ ਨੂੰ ਕੰਮਜ਼ੋਰ ਬਣਾ ਦਿਆ ਕਰਦੇ ਹਨ | ਸਹਾਰਾ ਲੱਭਣਾ ਬੁਜ਼ਦਿਲੀ ਹੁੰਦੀ ਹੈ | ਸੁਪਨਿਆਂ ਦੀ ਮੰਜ਼ਿਲ ਤਕ ਪੂਜਣ ਵਾਲੇ ਸਹਾਰੇ ਦੇ ਆਸਰੇ ਨਹੀਂ ਚਲਿਆ ਕਰਦੇ |
ਉਹ ਮੈਨੂੰ ਆਖਿਆ ਕਰਦੇ ਸਨ ਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਬੈਸਾਖੀਆਂ ਦੀ ਲੋੜ ਮਹਿਸੂਸ ਕਰੇ | ਤੂੰ ਆਪਣਾ ਸਹਾਰਾ ਆਪ ਹੀ ਬਣ | ਜੇ ਕਰ ਤੂੰ ਇਹ ਰਸਤਾ ਚੁਣ ਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੇਰਾ ਉਚਾ ਮੁਕਾਮ ਤੈਨੂੰ ਖੁਲੀਆਂ ਬਾਹਾਂ ਕਰ ਇੰਤਜ਼ਾਰ ਕਰ ਰਿਹਾ ਹੋਵੇਗਾ | ਪਿਤਾ ਜੀ ਦਾ ਸਾਥ ਪ੍ਰਾਪਤ ਕਰ ਮੈਂ ਆਪਣੀ ਮੰਜ਼ਿਲ ਵਲ ਸੇਧਤ ਹੋ ਜਾਂਦੀ ਸੀ | ਮੈਂ ਆਈ ਏ ਐਸ ਦੇ ਇਮਿਤਹਾਨ ਲਈ ਤਿਆਰੀ ਕੀਤੀ | ਇਮਤਿਹਾਨ ਦਿਤਾ ਅਤੇ ਪਹਿਲੀ ਵਾਰ ਵਿਚ ਹੀ ਚੰਗੇ ਰੈਂਕ ਨਾਲ ਪਾਸ ਕਰ ਲਿਆ | ਇੰਟਰਵਿਊ ਲਈ ਤਿਆਰੀ ਕੀਤੀ | ਪ੍ਰਮਾਤਮਾ ਦੀ ਮੇਹਰਬਾਨੀ ਸਦਕਾ ਅਤੇ ਮਾਪਿਆਂ ਦੀ ਹਲਾਸ਼ੇਰੀ ਨਾਲ ਸਫਲਤਾ ਮਿਲੀ | ਸਿਖਲਾਈ ਪ੍ਰਾਪਤ ਕਰ ਮੈਂ ਆਪਣੇ ਨਾਲ ਦੇ ਜ਼ਿਲੇ ਦੀ ਡਿਪਟੀ ਕਮਿਸ਼ਨਰ ਲਗ ਗਈ | ਸਾਰੇ ਪਾਸਿਓਂ ਵਧਾਈਆਂ ਮਿਲੀਆਂ | ਮਾਪਿਆਂ ਦਾ ਸਿਰ ਮਾਣ ਨਾਲ ਉਚਾ ਉਠਿਆ |
ਮੈਂ ਸਮਾਜ ਦੇ ਦੁਸ਼ਮਣਾਂ ਖਿਲਾਫ ਜੰਗ ਨੂੰ ਸ਼ੁਰੂ ਕਰ ਦਿਤਾ | ਮੈਂ ਹਰ ਉਹ ਸ਼ਰੀਫ ਚੇਹਰਾ ਬੇਨਕਾਬ ਕਰਨ ਦਾ ਯਤਨ ਕੀਤਾ ਜਿਸ ਚੇਹਰੇ ਦੇ ਪਿਛੇ ਇਕ ਅਤਿਅੰਤ ਘਿਨੌਣਾ ਚੇਹਰਾ ਛੁਪਿਆ ਹੋਇਆ ਸੀ | ਮੈਂ ਜਿਸ ਕੁਰਸੀ ਤੇ ਵੀ ਬੈਠੀ ਉਸ ਨਾਲ ਇਨਸਾਫ ਕੀਤਾ | ਗਰੀਬ ਅਤੇ ਲੋੜਵੰਦਾਂ ਦੀ ਹਰ ਮਦਦ ਕੀਤੀ | ਮੇਰਾ ਇਹ ਯਤਨ ਰਿਹਾ ਕਿ ਕਿਸੇ ਨਾਲ ਬੇਇਨਸਾਫ਼ੀ ਨਾ ਹੋ ਜਾਵੇ | ਮੈਂ ਪੱਖਪਾਤ ਵਾਲੀਆਂ ਸਿਫਾਰਸ਼ਾਂ ਸੁਣਨ ਤੋਂ ਕਿਨਾਰਾ ਕੀਤਾ | ਉੱਚ ਪੱਧਰੀ ਮੀਟਿੰਗਾਂ ਦੇ ਅੰਦਰ ਆਪਣਾ ਪੱਖ ਬਾ-ਖ਼ੂਬੀ ਰਖਿਆ | ਮੈਨੂੰ ਇਕ ਦਿਨ ਉੱਚ ਪੱਧਰ ਦੀ ਮੀਟਿੰਗ ਤੋਂ ਪਿੱਛੋਂ ਹਰਮੀਤ ਮਿਲਿਆ ਜਿਸ ਨੇ ਮੇਰੇ ਕੰਮ ਦੀ ਸ਼ਲਾਘਾ ਕੀਤੀ | ਅਸੀਂ ਅਕਸਰ ਮਿਲਦੇ ਰਹਿੰਦੇ ਸੀ | ਅਸੀਂ ਇਕ ਦੂਸਰੇ ਦੇ ਸੁਭਾਅ ਤੋਂ ਵਾਕਿਫ ਹੋ ਗਏ | ਇਕ ਦਿਨ ਹਰਮੀਤ ਨੇ ਮੇਰੇ ਕੋਲ ਵਿਆਹ ਬਾਰੇ ਗੱਲ ਕੀਤੀ | ਭਾਵੇਂ ਅਸੀਂ ਇਕ ਦੂਸਰੇ ਨੂੰ ਚੰਗੀ ਤਰਾਂ ਜਾਣ ਚੁਕੇ ਸੀ ਫਿਰ ਵੀ ਮੈਂ ਉਸ ਨੂੰ ਸਲਾਹ ਦਿਤੀ ਕਿ ਅਸੀਂ ਆਪਣੇ ਆਪਣੇ ਮਾਪਿਆਂ ਨੂੰ ਇਸ ਫੈਸਲੇ ਵਿਚ ਸ਼ਾਮਲ ਕਰੀਏ |
ਮੈਨੂੰ ਉਮੀਦ ਹੈ ਉਹ ਸਾਨੂੰ ਠੀਕ ਮਸ਼ਵਰਾ ਦੇਣਗੇ | ਇਹ ਸੁਣ ਹਰਮੀਤ ਖੁਸ਼ ਹੋਇਆ | ਅਸੀਂ ਪਹਿਲਾ ਆਪਣੇ ਆਪਣੇ ਪਰਿਵਾਰ ਵਿਚ ਦੱਸਿਆ ਤੇ ਦੋਹਾਂ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਦਿਤਾ | ਉਨ੍ਹਾਂ ਨੇ ਖੁਲ ਕੇ ਵਿਚਾਰਾਂ ਕੀਤੀਆਂ | ਸਾਰੇ ਪੱਖ ਵਿਚਾਰ ਲੈਣ ਤੋਂ ਬਾਅਦ ਸਾਡੀ ਮੰਗਣੀ ਕਰ ਦਿਤੀ ਗਈ ਅਤੇ ਫਿਰ ਸਾਦਾ ਵਿਆਹ ਕੀਤਾ ਗਿਆ | ਵਿਆਹ ਵਿਚ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ | ਸਮੇਂ ਦਾ ਪਹੀਆ ਅਗੇ ਵਲ ਵੱਧ ਰਿਹਾ ਸੀ | ਸਮਾਂ ਅਤੀਤ ਨੂੰ ਪਿੱਛੇ ਛੱਡ ਚੁਕਾ ਸੀ | ਅਸੀਂ ਆਪਣੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਸੀ | ਅਸੀਂ ਆਪਣੇ ਮਿਸ਼ਨ ਵਿਚ ਅਗੇ ਹੀ ਅਗੇ ਵੱਧ ਰਹੇ ਸੀ | ਸਮਾਂ ਆਪਣੀ ਰਫਤਾਰ ਨਾਲ ਅਗੇ ਵਲ ਵੱਧ ਰਿਹਾ ਸੀ |
ਵਾਹਿਗੁਰੂ ਨੇ ਸਾਡੇ ਘਰ ਦੋ ਬਚਿਆ ਦੀ ਦਾਤ ਬਖਸ਼ੀ | ਵਾਹਿਗੁਰੂ ਮੇਰੇ ਉਪਰ ਦਿਆਲ ਸੀ | ਵਾਹਿਗੁਰੂ ਨੇ ਮੇਰਾ ਦਾਮਨ ਖੁਸ਼ੀਆਂ ਨਾਲ ਭਰ ਦਿਤਾ ਸੀ | ਮੈਂ ਤੇ ਹਰਮੀਤ ਖੁਸ਼ੀ ਖੁਸ਼ੀ ਅਗੇ ਵਲ ਵੱਧ ਰਹੇ ਸੀ | ਬਚੇ ਵਡੇ ਹੋਣ ਲਗੇ | ਲੜਕੇ ਨੂੰ ਲੜਕਿਆਂ ਵਾਲੇ ਸਕੂਲ ਵਿਚ ਅਤੇ ਲੜਕੀ ਨੂੰ ਲੜਕੀਆਂ ਵਾਲੇ ਸਕੂਲ ਵਿਚ ਪਾਇਆ ਗਿਆ | ਦੋਵੇਂ ਪੜ੍ਹਾਈ ਵਿਚ ਹੁਸ਼ਿਆਰ ਨਿਕਲੇ | ਲੜਕੀ ਡਾਕਟਰ ਬਣਨਾ ਚਾਹੁੰਦੀ ਸੀ ਜਦੋਂ ਕਿ ਲੜਕੇ ਦੀ ਇੱਛਾ ਇੰਜਨੀਅਰ ਬਣਨ ਦੀ ਸੀ | ਪੜ੍ਹਾਈ ਠੀਕ ਚਲ ਰਹੀ ਸੀ | ਜਦੋਂ ਬੱਚਿਆਂ ਨੇ ਪੜ੍ਹਾਈ ਪੂਰੀ ਕਰ ਲਈ ਤਾਂ ਉਨ੍ਹਾਂ ਨੇ ਬਾਹਰਲੇ ਦੇਸ਼ ਜਾਣ ਦਾ ਮੰਨ ਬਣਾ ਲਿਆ ਅਤੇ ਉਚੇਰੀ ਪੜ੍ਹਾਈ ਪੂਰੀ ਕਰ ਵਾਪਿਸ ਭਾਰਤ ਆ ਕੇ ਕੌਮ ਦੀ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ | ਮੈਂ ਤੇ ਹਰਮੀਤ ਨੇ ਸਲਾਹ ਕਰ ਦੋਹਾਂ ਨੂੰ ਉਚੇਰੀ ਵਿਦਿਆ ਹਾਸਲ ਕਰਨ ਲਈ ਅਮਰੀਕਾ ਭੇਜ ਦਿਤਾ |
ਪੜ੍ਹਾਈ ਪੂਰੀ ਕਰ ਲੜਕੀ ਨੂੰ ਡਾਕਟਰ ਲੜਕੇ ਨਾਲ ਵਿਆਹ ਦਿਤਾ | ਉਨ੍ਹਾਂ ਦੋਹਾਂ ਨੇ ਆਪਣਾ ਅੱਖਾਂ ਦਾ ਹਸਪਤਾਲ ਖੋਲ ਲਿਆ ਅਤੇ ਲੋਕ ਸੇਵਾ ਕਰਨ ਲਗੇ | ਜੇ ਕਰ ਕਿਸੇ ਕੋਲ ਇਲਾਜ ਲਈ ਪੈਸੇ ਨਾ ਹੁੰਦੇ ਤਾਂ ਉਹ ਮੁਫ਼ਤ ਹੀ ਇਲਾਜ ਕਰ ਦਿੰਦੇ ਸਨ | ਲੜਕੇ ਨੇ ਲੁਧਿਆਣਾ ਵਿਖੇ ਇਕ ਚਲਦੀ ਫੈਕਟਰੀ ਖਰੀਦ ਲਈ ਉਸ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਨ ਲਗਾ | ਫੈਕਟਰੀ ਵਿਚ ਬਣਦਾ ਸਮਾਨ ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾਂਦਾ ਸੀ | ਉਸ ਦਾ ਕੰਮ ਚੰਗਾ ਚਲ ਪਿਆ | ਉਸ ਦੀ ਪਸੰਦ ਦੀ ਲੜਕੀ ਲੱਭ ਉਸ ਦਾ ਵਿਆਹ ਕਰ ਦਿਤਾ ਗਿਆ |