ਇਹ ਵਕ਼ਤ ਹੈ
ਕਿਤਾਬਾਂ ਨੂੰ
ਜ਼ੁਬਾਨੀ-ਯਾਦ
ਕਰਨ ਦਾ
ਕਿਉਂਕਿ
ਕਦੇ ਵੀ
ਆ ਸਕਦਾ ਹੈ
ਹੁਕਮ
ਕਿਤਾਬਾਂ ਨੂੰ
ਸਾੜਨ ਦਾ
ਤਾਨਾਸ਼ਾਹ ਨੂੰ
ਪਤਾ ਹੈ
ਕਿ
ਭਵਿੱਖ ਸਾੜਨ ਲਈ
ਜਰੂਰੀ ਹੈ
ਕਿਤਾਬਾਂ ਨੂੰ ਸਾੜਨਾ
ਇਹ ਵਕ਼ਤ ਹੈ
ਗੀਤਾਂ ਨੂੰ
ਯਾਦ ਰੱਖਣ ਦਾ
ਤੇ
ਉਨ੍ਹਾਂ ਦੇ
ਸਮੂਹ-ਗਾਣ ਦਾ
ਕਿਉਂਕਿ
ਗੀਤ ਹੀ
ਉਹ ਆਵਾਜ਼ ਹੈ
ਜਿਸ ‘ਚ ਅਸੀਂ
ਦਿੰਦੇ ਹਾਂ ਹੋਕਾ
ਭਵਿੱਖ ਦੇ ਹਾਣ ਦਾ
ਤਾਨਾਸ਼ਾਹ ਨੂੰ
ਇਹ ਪਤਾ ਹੈ
ਇਸ ਕਰਕੇ
ਉਹ ਚਾਹੁੰਦਾ ਹੈ
ਖੁਰਚ ਦੇਣਾ
ਗੀਤਾਂ ਨੂੰ
ਸਾਡੀਆਂ
ਯਾਦਾਂ ‘ਚੋਂ
ਇਹ ਵਕ਼ਤ ਹੈ
ਪਿਆਰ ਕਰਨ ਦਾ
ਕਿਉਂਕਿ
ਪਿਆਰ ਕਰਨਾ
ਸਦਾ ਹੀ
ਰਿਹਾ ਹੈ
ਬਗ਼ਾਵਤ ਕਰਨਾ
ਰਵਾਇਤਾਂ ਦੇ ਖ਼ਿਲਾਫ਼
ਇਸ ਕਰਕੇ
ਹਰ ਤਾਨਾਸ਼ਾਹ
ਤਰਹਿੰਦਾ ਹੈ
ਪਿਆਰ ਤੋਂ
ਇਹ ਵਕ਼ਤ ਹੈ
ਖ਼ਬਰ ਨੂੰ
ਦੇਖਣ ਦਾ
ਪਰਖਣ ਦਾ
ਪਿਛਵਾੜੇ ਤੋਂ
ਨਾਕਿ ਅਗਾੜੇ ਤੋਂ
ਕਿਉਂਕਿ
ਤਾਨਾਸ਼ਾਹ ਹੁਣ
ਖ਼ਬਰਾਂ ‘ਤੇ ਪਾਬੰਦੀ
ਨਹੀਂ ਲਾਉਂਦਾ
ਸਗੋਂ
ਉਨ੍ਹਾਂ ‘ਚ
‘ਤੇਜ਼ਾਬ’
ਹੈ ਭਰਵਾਉਂਦਾ
ਇਹ ਵਕ਼ਤ ਹੈ
ਸੁਆਲਾਂ ਨੂੰ
ਬਚਾਉਣ ਦਾ
ਖੜ੍ਹੇ ਕਰਨ ਦਾ
ਤੇ ਉਨ੍ਹਾਂ ਨੂੰ
ਟੁਣਕਾਉਣ ਦਾ
ਕਿਉਂਕਿ
ਤਾਨਾਸ਼ਾਹ ਜਾਣਦਾ ਹੈ
ਕਿ ਇਹ ਸੁਆਲ
ਉਡਾ ਦੇਣਗੇ ਧੱਜੀਆਂ
ਉਸ ਦੇ ਕੁਫ਼ਰ ਦੀ
ਮਹਾਗਾਥਾ ਦੀਆਂ
ਇਹ ਵਕ਼ਤ ਹੈ
ਯੁੱਧ ਕਰਦੇ ਹੋਏ
ਯੁੱਧ ਸਿੱਖਣ ਦਾ
ਕਿਉਂਕਿ
ਤਾਨਾਸ਼ਾਹ ਜਾਣਦਾ ਹੈ
ਕਿ ਸੁਰੱਖਿਅਤ ਹੈ
ਉਹ ਉਦੋਂ ਤੱਕ
ਭਾਰੂ ਹੈ ਯੁੱਧ ‘ਤੇ
ਉਹ ਜਦੋਂ ਤੱਕ
…..*…..
—-#ਮਨੀਸ਼ ਆਜ਼ਾਦ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)