ਜਕਾਰਤਾ, 24 ਜਨਵਰੀ – ਇੱਥੇ ਅੱਜ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਭਾਰਤ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈੱਟੀ ਨੂੰ ਪੁਰਸ਼ ਡਬਲਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ੈ ਨੂੰ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੇ 21-16, 12-21, 23-21 ਨਾਲ ਹਰਾਇਆ। ਇਸੇ ਤਰ੍ਹਾਂ ਸਾਤਵਿਕ-ਚਿਰਾਗ ਦੀ ਜੋੜੀ ਨੂੰ ਥਾਈਲੈਂਡ ਦੀ ਕਿਟੀਨੁਪੋਂਗ ਕੇਡਰੇਨ ਅਤੇ ਡੇਚਾਪੋਲ ਪੁਆਵਰਾਨੁਕਰੋਹ ਦੀ ਜੋੜੀ ਨੇ 22-20, 23-21 ਨਾਲ ਹਰਾਇਆ। ਇਸ ਤੋਂ ਪਹਿਲਾਂ ਧਰੁਵ ਕਪਿਲਾ ਅਤੇ ਤਨੀਸ਼ਾ ਕਰੈਸਟੋ ਦੀ ਮਿਕਸਡ ਡਬਲਜ਼ ਜੋੜੀ ਨੂੰ ਵੀ ਦੂਜੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲੀਡ ਲੈਣ ਦੇ ਬਾਵਜੂਦ ਭਾਰਤੀ ਜੋੜੀ ਮਲੇਸ਼ਿਆਈ ਜੋੜੀ ਪੈਂਗ ਰੋਨ ਹੂ ਅਤੇ ਸੁ ਯਿਨ ਚੇਂਗ ਤੋਂ 21-18, 15-21, 19-21 ਨਾਲ ਹਾਰ ਗਈ। ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸੇਨ ਨੇ ਮੈਚ ਵਿੱਚ ਖਰਾਬ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ ਗੁਆ ਬੈਠਾ।