
ਮੈਲਬਰਨ, 22 ਜਨਵਰੀ – ਦੂਜਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨੇ ਅੱਜ ਇੱਥੇ ਆਸਟਰੇਲੀਅਨ ਓਪਨ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਟੌਮੀ ਪਾਲ ਨੂੰ ਹਰਾ ਕੇ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ। ਜਰਮਨ ਖਿਡਾਰੀ ਨੇ ਅਮਰੀਕਾ ਦੇ ਟੌਮੀ ਖ਼ਿਲਾਫ਼ 3 ਘੰਟੇ 28 ਮਿੰਟਾਂ ਵਿੱਚ 7-6, 7-6, 2-6, 6-1 ਨਾਲ ਜਿੱਤ ਹਾਸਲ ਕੀਤੀ।
ਇਸ ਦੌਰਾਨ ਮੈਚ ਦੇ ਦੂਜੇ ਸੈੱਟ ਵਿੱਚ ਜਦੋਂ ਜ਼ਵੇਰੇਵ 4-2 ਨਾਲ ਪਿੱਛੇ ਚੱਲ ਰਿਹਾ ਸੀ ਤਾਂ ਚੇਅਰ ਅੰਪਾਇਰ ਨੇ ਕੋਰਟ ਵਿੱਚ ਚਿੱੜੀ ਦਾ ਖੰਭ ਡਿੱਗਣ ਕਾਰਨ ਉਸ ਵੱਲੋਂ ਹਾਸਲ ਕੀਤੇ ਗਏ ਅੰਕ ਦਾ ਰੀਪਲੇਅ ਦਿਖਾਉਣ ਨੂੰ ਕਿਹਾ। ਰੀਪਲੇਅ ਕਾਰਨ ਮੈਚ ਵਿੱਚ ਆਈ ਰੁਕਾਵਟ ਕਾਰਨ ਜ਼ਵੇਰੇਵ ਗੁੱਸੇ ਵਿੱਚ ਵੀ ਨਜ਼ਰ ਆਇਆ। ਇਸੇ ਤਰ੍ਹਾਂ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਆਰਿਆਨਾ ਸਬਾਲੇਂਕਾ ਅੱਜ ਇੱਥੇ ਪਹਿਲਾ ਸੈੱਟ ਹਾਰਨ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਜੇ ਉਹ ਇਹ ਖਿਤਾਬ ਜਿੱਤਦੀ ਹੈ ਤਾਂ ਇਹ ਉਸ ਦਾ ਲਗਾਤਾਰ ਤੀਜਾ ਖਿਤਾਬ ਹੋਵੇਗਾ। ਉਸ ਨੇ ਕੁਆਰਟਰ ਫਾਈਨਲ ਵਿੱਚ ਅਨਾਸਤਾਸੀਆ ਪਾਵਲੂਚੇਂਕੋਵਾ ਨੂੰ 2-6, 6-2, 6-3 ਨਾਲ ਹਰਾਇਆ।
ਮੈਲਬਰਨ:
ਰੋਹਨ ਬੋਪੰਨਾ ਅਤੇ ਸ਼ੁਆਈ ਜ਼ਾਂਗ ਦੀ ਮਿਕਸਡ ਜੋੜੀ ਆਸਟਰੇਲੀਅਨ ਓਪਨ ਦੇ ਆਖਰੀ ਅੱਠ ਦੇ ਮੁਕਾਬਲੇ ਵਿੱਚ ਅੱਜ ਇੱਥੇ ਸਥਾਨਕ ਵਾਈਲਡ ਕਾਰਡ ਜੌਨ ਪੀਅਰਸ ਅਤੇ ਓਲੀਵੀਆ ਗੈਡੇਕੀ ਦੀ ਜੋੜੀ ਖ਼ਿਲਾਫ਼ ਸੁਪਰ ਟਾਈ-ਬ੍ਰੇਕ ਵਿੱਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ।