ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਮੁੰਬਈ, 19 ਜਨਵਰੀ – ਮੁੰਬਈ ਪੁਲੀਸ ਨੇ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ, ਜੋ ਬੰਗਲਾਦੇਸ਼ੀ ਨਾਗਰਿਕ ਹੈ, ਇਸ ਗੱਲੋਂ ਅਣਜਾਣ ਸੀ ਕਿ ਉਹ ਬੌਲੀਵੁੱਡ ਅਦਾਕਾਰ ਦੇ ਘਰ ਵਿਚ ਦਾਖ਼ਲ ਹੋਇਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਚੋਰੀ ਕਰਨ ਦੇ ਇਰਾਦੇ ਨਾਲ ਘਰ ਵਿਚ ਵੜਿਆ ਸੀ। ਅਧਿਕਾਰੀ ਨੇ ਕਿਹਾ ਕਿ ਹਮਲਾਵਰ ਨੂੰ ਨਾਲ ਲੱਗਦੇ ਠਾਣੇ ਜ਼ਿਲ੍ਹੇ ਵਿਚ ਗੋਦਬਾਂਦਰ ਰੋਡ ਸਥਿਤ ਹੀਰਾਨੰਦਾਨੀ ਐਸਟੇਟ ਤੋਂ ਕਾਬੂ ਕੀਤਾ ਗਿਆ ਹੈ।

ਅਧਿਕਾਰੀ ਮੁਤਾਬਕ ਮੁਲਜ਼ਮ ਦਾ ਅਸਲ ਨਾਮ ਸ਼ਰੀਫੁੱਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ ਹੈ ਤੇ ਉਸ ਨੇ ਭਾਰਤ ਵਿਚ ਦਾਖ਼ਲ ਹੋਣ ਮਗਰੋਂ ਆਪਣਾ ਨਾਮ ਬਦਲ ਕੇ ਬਿਜੋਏ ਦਾਸ ਰੱਖ ਲਿਆ ਸੀ। ਮੁਲਜ਼ਮ ਜਿਸ ਦੀ ਉਮਰ 30 ਸਾਲ ਦੇ ਕਰੀਬ ਹੈ, ਬੰਗਲਾਦੇਸ਼ ਦੇ ਝਾਲੋਕਾਟੀ ਦਾ ਰਹਿਣ ਵਾਲਾ ਹੈ। ਉਹ ਪਿਛਲੇ ਪੰਜ ਮਹੀਨਿਆਂ ਤੋਂ ਮੁੰਬਈ ਵਿਚ ਰਹਿ ਰਿਹਾ ਸੀ ਤੇ ਨਿੱਕੇ ਮੋਟੇ ਕੰਮ ਕਰਦਾ ਸੀ। ਪੁਲੀਸ ਮੁਲਜ਼ਮ ਵੱਲੋਂ ਭਾਰਤ ’ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਲਈ ਵਰਤੇ ਦਸਤਾਵੇਜ਼ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸਾਂਝਾ ਕਰੋ

ਪੜ੍ਹੋ