
ਨਵੀਂ ਦਿੱਲੀ, 18 ਜਨਵਰੀ – ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਦੋ ਉਲੰਪਿਕ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੰੂ ਭਾਕਰ ਤੇ ਸ਼ਤਰੰਜ ਵਿਸ਼ਵ ਚੈਂਪੀਅਨ ਡੀ ਗੁਕੇਸ਼ ਸ਼ੁੱਕਰਵਾਰ ਕੌਮੀ ਖੇਡ ਪੁਰਸਕਾਰ ਸਮਾਰੋਹ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਜਦੋਂ ‘ਮੇਜਰ ਧਿਆਨ ਚੰਦ ਖੇਲ ਰਤਨ’ ਸਨਮਾਨ ਲੈਣ ਪੁੱਜੇ ਤਾਂ ਤਾੜੀਆਂ ਦੀ ਆਵਾਜ਼ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪੈਰਾਲੰਪਿਕ ਸੋਨ ਤਮਗਾ ਜੇਤੂ ਉੱਚੀ ਛਾਲ ਦੇ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਦੇਸ਼ ਦਾ ਸਭ ਤੋਂ ਉੱਚਾ ਖੇਲ ਰਤਨ ਸਨਮਾਨ ਪ੍ਰਦਾਨ ਕੀਤਾ ਗਿਆ।
ਹਰਮਨਪ੍ਰੀਤ ਟੋਕੀਓ ਤੇ ਪੈਰਿਸ ਉਲੰਪਿਕ ’ਚ ਕਾਂਸੀ ਤਮਗਾ ਜਿੱਤਣ ਵਾਲੀ ਹਾਕੀ ਟੀਮ ਦਾ ਮੈਂਬਰ ਸੀ। ਪੈਰਿਸ ਉਲੰਪਿਕ ’ਚ ਉਹ ਟੀਮ ਦਾ ਕਪਤਾਨ ਵੀ ਸੀ। ਦੂਜੇ ਪਾਸੇ ਖੱਬੇ ਪੈਰ ’ਚ ਨੁਕਸ ਦੇ ਨਾਲ ਪੈਦਾ ਹੋਏ ਪ੍ਰਵੀਨ ਨੇ ਟੋਕੀਓ ਪੈਰਾਲੰਪਿਕ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਪੈਰਿਸ ’ਚ ਉਸ ਨੂੰ ਸੋਨੇ ’ਚ ਬਦਲਿਆ। ਇਸ ਵਾਰ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ, ਜਿਨ੍ਹਾਂ ’ਚੋਂ 17 ਪੈਰਾ ਐਥਲੀਟ ਹਨ।