
ਮੈਲਬਰਨ, 17 ਜਨਵਰੀ – ਪੰਜ ਵਾਰ ਦੀ ਗਰੈਂਡਸਲੇਮ ਚੈਂਪੀਅਨ ਇਗਾ ਸਵਿਆਤੇਕ ਨੇ ਆਸਟਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਰੈਬੇਕਾ ਸਰਾਮਵੋਕਾ ਨੂੰ 6-0, 6-2 ਨਾਲ ਹਰਾ ਦਿੱਤਾ। ਹੁਣ ਉਸ ਦਾ ਸਾਹਮਣਾ 2021 ਦੀ ਅਮਰੀਕੀ ਓਪਨ ਚੈਂਪੀਅਨ ਐੱਮਾ ਰਾਡੂਕਾਨੂ ਨਾਲ ਹੋਵੇਗਾ, ਜਿਸ ਨੇ ਅਮਾਂਡਾ ਐਨੀਸਿਮੋਵਾ ਨੂੰ 6-3, 7-5 ਨਾਲ ਹਰਾਇਆ।
ਉੱਧਰ, ਅਮਰੀਕੀ ਓਪਨ 2024 ਸੈਮੀ ਫਾਈਨਲ ਖੇਡਣ ਵਾਲੀ ਐੱਮਾ ਨਾਵਾਰੋ ਨੇ ਚੀਨ ਦੀ ਵਾਂਗ ਸ਼ਿਊ ਨੂੰ 6-3, 3-6, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਤਿੰਨ ਵਾਰ ਗਰੈਂਡਸਲੇਮ ਉਪ ਜੇਤੂ ਰਹੀ ਓਂਸ ਜਬਾਊਰ ਨਾਲ ਹੋਵੇਗਾ ਜਿਸ ਨੇ ਦਮੇ ਦੀ ਪ੍ਰੇਸ਼ਾਨੀ ਦੇ ਬਾਵਜੂਦ ਕੈਮਿਲਾ ਓਸੋਰੀਓ ਨੂੰ 7-5, 6-3 ਨਾਲ ਹਰਾਇਆ। ਨੌਵੀਂ ਰੈਂਕਿੰਗ ਵਾਲੀ ਡਾਰੀਆ ਕਸਾਤਕਿਨਾ ਨੇ ਵਾਂਗ ਯਾਫਾਨ ਨੂੰ 6-2, 6-0 ਨਾਲ ਹਰਾਇਆ ਜਦਕਿ 24ਵੀਂ ਰੈਂਕਿੰਗ ਵਾਲੀ ਯੂਲੀਆ ਪੁਤਿਨਤਸੇਵਾ ਨੇ ਜ਼ਾਂਗ ਸ਼ੁਆਈ ਨੂੰ 6-2, 6-1 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਅਮਰੀਕੀ ਓਪਨ 2024 ਉਪ ਜੇਤੂ ਟੇਲਰ ਫਰਿਟਜ਼ ਨੇ ਕ੍ਰਿਸ਼ਟੀਅਨ ਗਾਰਿਨ ਨੂੰ 6-2, 6-1, 6-0 ਨਾਲ ਹਰਾ ਕੇ ਤੀਜੇ ਗੇੜ ’ਚ ਜਗ੍ਹਾ ਬਣਾਈ। ਹੁਣ ਉਸ ਦਾ ਸਾਹਮਣਾ 38 ਸਾਲਾ ਫਰਾਂਸ ਦੇ ਗਾਏਲ ਮੋਂਫਿਲਜ਼ ਨਾਲ ਹੋਵੇਗਾ।