ਬਰੇਲੀ, 15 ਜਨਵਰੀ – ਹਿਮਾਚਲ ਪ੍ਰਦੇਸ਼ ਦੇ ਮੁੱਕੇਬਾਜ਼ ਅਭਿਨਾਸ਼ ਜਾਮਵਾਲ ਨੇ ਪੁਰਸ਼ਾਂ ਦੀ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਵੈਲਟਰਵੇਟ (60 ਤੋਂ 65 ਕਿਲੋ) ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤ ਲਿਆ ਹੈ। ਇਸੇ ਤਰ੍ਹਾਂ ਸਰਵਿਸਿਜ਼ ਨੇ ਲਗਾਤਾਰ ਤੀਜੀ ਵਾਰ ਟੀਮ ਵਰਗ ਵਿੱਚ ਖਿਤਾਬ ਆਪਣੇ ਨਾਮ ਕੀਤਾ। ਮੌਜੂਦਾ ਚੈਂਪੀਅਨ ਸ਼ਿਵਾ ਥਾਪਾ ਅਤੇ ਸਾਬਕਾ ਯੁਵਾ ਵਿਸ਼ਵ ਚੈਂਪੀਅਨ ਵੰਸ਼ਜ ਕੁਮਾਰ ਨੂੰ ਹਰਾ ਚੁੱਕੇ ਜਾਮਵਾਲ ਨੇ ਫਾਈਨਲ ਵਿੱਚ ਰੇਲਵੇ ਦੇ ਅਮਿਤ ਨੂੰ ਹਰਾਇਆ। ਸਰਵਿਸਿਜ਼ ਦੇ ਸਚਿਨ ਸਿਵਾਚ ਨੇ ਲਾਈਟਵੇਟ (55 ਤੋਂ 60 ਕਿਲੋ) ਅਤੇ ਲਕਸ਼ੈ ਚਾਹਰ ਨੇ ਲਾਈਟ ਹੈਵੀਵੇਟ (75 ਤੋਂ 80 ਕਿਲੋ) ਵਰਗ ਵਿੱਚ ਸੋਨ ਤਗ਼ਮਾ ਜਿੱਤਿਆ।