
14, ਜਨਵਰੀ – ਸਾਲ 2025 ਦੇ ਆਗਾਜ਼ ਨਾਲ ਇੱਕੀਵੀਂ ਸਦੀ ਆਪਣੇ ਪਹਿਲੀ ਚੌਥਾਈ ਦੇ ਆਖ਼ਰੀ ਸਾਲ ਵਿਚ ਦਾਖ਼ਲ ਹੋ ਚੁੱਕੀ ਹੈ| ਦੁਨੀਆ ਦੇ ਹਰ ਖੇਤਰ ਵਿਚ ਵਿਗਿਆਨ ਨੇ ਆਪਣੀ ਜਗ੍ਹਾ ਬਣਾ ਲਈ ਹੈ| ਖੇਡਾਂ ਦੇ ਖੇਤਰ ਵਿਚ ਖਿਡਾਰੀ ਵੀ ਵਿਗਿਆਨਿਕ ਯੁਗਤ ਨਾਲ ਭਰਪੂਰ ਹੋ ਕੇ ਨਿੱਤ ਨਵੇਂ ਰਿਕਾਰਡ ਸਿਰਜ ਰਹੇ ਨੇ| ਕਿਉਂਕਿ ਓਲੰਪਿਕ ਖੇਡਾਂ ਦੇ ਜਿੱਤ ਮੰਚ ’ਤੇ ਖੜ੍ਹੇ ਜੇਤੂ ਖਿਡਾਰੀ ਨੂੰ ਇਸ ਮੰਚ ਤੱਕ ਲੈ ਕੇ ਆਉਣ ਪਿੱਛੇ ਆਧੁਨਿਕ ਖੇਡ ਤਕਨਾਲੋਜੀ ਨੇ ਆਪਣਾ ਪੂਰਾ ਤਾਣ ਲਾ ਕੇ ਰੱਖਿਆ ਹੋਇਐ| ਖੇਡ ਮੁਕਾਬਲਿਆਂ ਵਿਚ ਨਿੱਤ ਨਵੇਂ ਬਣਦੇ ਤੇ ਪੁਰਾਣੇ ਟੁੱਟਦੇ ਰਿਕਾਰਡ ਦੇਖ ਦਰਸ਼ਕ ਤੇ ਖੇਡ ਮਾਹਿਰ ਖੇਡ ਖੇਤਰ ਦੀਆਂ ਸਾਇੰਸੀ ਜੁਗਤਾਂ ਦੇ ਵਾਰੇ ਜਾ ਰਹੇ ਨੇ| ਖੇਡਾਂ ਦੇ ਪਿੜ ’ਚ ਤਕਨਾਲੋਜੀ ਦੀ ਆਮਦ ਨਾਲ ਅਗਲੇ ਦਹਾਕਿਆਂ ਤੱਕ ਉਹ ਕੁਝ ਹੋਣ ਵਾਲਾ ਹੈ ਜਿਸ ਦਾ ਲੋਕਾਈ ਨੂੰ ਕਿਆਸ ਵੀ ਨਹੀਂ| ਵਿਗਿਆਨ ਵਿਸ਼ੇ ਨਾਲ ਸੰਬੰਧਿਤ ਅਮਰੀਕਾ ਦੇ ਰਸਾਲੇ ਓਮਨੀ ਵੱਲੋਂ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਅਗਲੇ 60-65 ਸਾਲਾਂ ਬਾਅਦ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਸਾਇੰਸ ਅਤੇ ਤਕਨਾਲੋਜੀ ਦੀ ਮਦਦ ਨਾਲ ਇਹੋ ਜਿਹੇ ਹਾਈਟੈੱਕ ਖੇਡ ਸਟੇਡੀਅਮ ਬਣਾਏ ਜਾਣਗੇ ਜਿਨ੍ਹਾਂ ਦੇ ਉਪਰਲੇ ਮੈਦਾਨ ਵਿਚ ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ, ਬੇਸਬਾਲ ਆਦਿ ਖੇਡਾਂ ਦੇ ਕੋਰਟ ਹੋਣਗੇ ਤੇ ਹੇਠਲੇ ਮੈਦਾਨ ਵਿਚ ਫੁੱਟਬਾਲ ਜਾਂ ਹਾਕੀ ਖੇਡੀ ਜਾਵੇਗੀ|
ਖੇਡ ਸਟੇਡੀਅਮ ਵਿਚ ਦਰਸ਼ਕਾਂ ਦੇ ਬੈਠਣ ਵਾਲੀ ਕੁਰਸੀ ਐਂਨੀ ਹਾਈਟੈੱਕ ਹੋਵੇਗੀ ਜਿਸ ਨੂੰ ਦਰਸ਼ਕ ਇਕ ਮੈਚ ਤੋਂ ਦੂਸਰੇ ਮੈਚ ਨੂੰ ਦੇਖਣ ਲਈ ਉਸ ’ਤੇ ਬੈਠਾ ਬੈਠਾ ਹੀ ਲਿਜਾ ਸਕੇਗਾ| ਭਲੇ ਵੇਲਿਆਂ ’ਚ ਖੇਡਾਂ ਵਿਚ ਜ਼ੋਰ ਭਾਰੂ ਸੀ| ਵੱਡ-ਵੱਡੇਰੇ ਦੱਸਦੇ ਨੇ ਵੀ ਕਈ ਭਲਵਾਨ ਉਦੋਂ ਕਈ ਮਣ ਭਾਰੇ ਚੱਕੀ ਦੇ ਪੌਡ ਦਾ ਬਾਲਾ ਕੱਢ ਦਿੰਦੇ ਸੀ| ਤੀਹ ਤੀਹ ਕਿਲੋ ਭਾਰੇ ਮੁਗਦਰ ਫੇਰਨੇ ਤੇ ਕਈ-ਕਈ ਹਜ਼ਾਰ ਡੰਡ ਪੇਲਣੇ ਖਿਡਾਰੀਆਂ ਤੇ ਭਲਵਾਨਾਂ ਦੀ ਵਰਜ਼ਿਸ਼ ਦਾ ਹਿੱਸਾ ਹੁੰਦਾ ਸੀ| ਉਨ੍ਹਾਂ ਖਿਡਾਰੀਆਂ ਦੀਆਂ ਖ਼ੁਰਾਕਾਂ ਵੀ ਬਹੁਤ ਸੀ| ਪਰ ਸਮੇਂ ਦੇ ਗੇੜ ਨਾਲ ਖੇਡਾਂ ਦੀ ਦੁਨੀਆ ਅਖਾੜਿਆਂ ’ਚੋਂ ਨਿਕਲ ,ਹਜ਼ਾਰਾਂ ਲੱਖਾਂ ਕੋਹਾਂ ਦਾ ਪੈਂਡਾ ਤੈਅ ਕਰ ਕੇ ਵਿਸ਼ਵ ਤੇ ਓਲੰਪਿਕ ਖੇਡਾਂ ਦੇ ਦੁਆਰ ’ਤੇ ਪਹੁੰਚ ਗਈ ਹੈ| ਇਸ ਪਿੜ ਵਿਚ ਪਹੁੰਚ ਕੇ ਖਿਡਾਰੀ ਜ਼ੋਰ ਦੇ ਨਾਲ-ਨਾਲ ਜੁਗਤ ਤੇ ਤਕਨਾਲੋਜੀ ਦੇ ਸਹਾਰੇ ਨਾਲ ਨਿੱਤ ਪੁਰਾਣੇ ਰਿਕਾਰਡ ਭੰਨ, ਨਵੇਂ ਸਿਰਜ ਰਹੇ ਨੇ| ਖਿਡਾਰੀਆਂ ਵੱਲੋਂ ਨਿੱਤ ਸਿਰਜੇ ਜਾ ਰਹੇ ਖੇਡ ਰਿਕਾਰਡਾਂ ਨੂੰ ਵੇਖ ਕੇ ਖੇਡ ਮਾਹਿਰ ਵੀ ਹੈਰਾਨ ਹਨ| ਹੁਣ ਖਿਡਾਰੀਆਂ ਨੂੰ ਤਗ਼ਮੇ ਜਿੱਤਣ ਲਈ ਗਰਾਊਂਡ ਹੀ ਨਹੀਂ, ਖੇਡ ਪ੍ਰਯੋਗਸ਼ਾਲਾ ਜਾਣ ਦੀ ਵੀ ਉਂਨੀ ਹੀ ਲੋੜ ਹੈ|
ਜੇ ਅਸੀਂ ਸੰਨ 1896 ਦੀਆਂ ਪਹਿਲੀਆਂ ਨਵੀਨ ਓਲੰਪਿਕ ਖੇਡਾਂ ਵਿਚ ਦੌੜੀ ਗਈ 100 ਮੀਟਰ ਦੀ ਦੌੜ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ 12:00 ਸਕਿੰਟਾਂ ਦਾ ਸੀ| ਪਰ ਹੁਣ ਇਹ 9:73 ਸਕਿੰਟਾਂ ’ਤੇ ਆ ਗਿਆ ਹੈ| ਉਦੋਂ ਦੌੜਾਕਾਂ ਦਾ ਸਮਾਂ ਰਿਕਾਰਡ ਕਰਨ ਲਈ ਦਸਤੀ ‘ਸਟੋਪ ਵਾਚ’ ਨਾਲ ਲਿਆ ਜਾਂਦਾ ਸੀ ਤੇ ਹੁਣ ਇਲੈਕਟ੍ਰਾਿਨਕ ਘੜੀ ਨਾਲ ਮਾਪਿਆ ਜਾਂਦੈ| ਦੌੜ ਦੀ ਸਮਾਪਤੀ ਵੇਲੇ ਦੌੜਾਕ ਦੀ ਹਰੇਕ ਹਰਕਤ ਨੂੰ ਸਕਿੰਟਾਂ ਵਿਚ ਕੈਦ ਕਰਨ ਵਾਲੇ ਫੋਟੋ ਫਨਿੰਸ਼ ਕੈਮਰੇ ਇਹ ਨਿਰਣਾ ਕਰ ਦਿੰਦੇ ਨੇ ਕਿ ਰੇਸ ਸਮਾਪਤੀ ਵੇਲੇ ਕਿਹੜਾ ਦੌੜਾਕ ਮੂਹਰੇ ਸੀ| ਦੌੜਾਕਾਂ ਦੀ ਖੇਡ ਕਿੱਟ ਲੈਕਰਾ ਕੱਪੜੇ ਦੀ ਬਣੀ ਹੁੰਦੀ ਹੈ ਜਿਹੜੀ ਉਸ ਦੇ ਸਰੀਰ ਨੂੰ ਪਸੀਨਾ ਨਹੀਂ ਆਉਣ ਦਿੰਦੀ | ਜਿਸ ਨੂੰ ਪਹਿਨ ਕੇ ਅਥਲੀਟ ਬਿਹਤਰ ਸਟ੍ਰੇਚ ਕਰਕੇ ਦੌੜ ਸਕਦੈ| ਇਹ ਸਭ ਤਕਨਾਲੋਜੀ ਨੇ ਹੀ ਸੰਭਵ ਕੀਤਾ ਹੈ| ਪੋਲ ਵਾਲਟ ਦਾ ਈਵੈਂਟ ਪਹਿਲਾਂ ਬਾਂਸ ਦੇ ਪੋਲ ਨਾਲ ਕੀਤਾ ਜਾਂਦਾ ਸੀ ਅਤੇ ਖਿਡਾਰੀ ਨਾ ਮਾਤਰ ਉੱਚਾਈ ਹੀ ਤੈਅ ਕਰ ਸਕਦਾ ਸੀ| ਪਰ ਹੁਣ ਨੱਬੇ ਡਿਗਰੀ ਤੱਕ ਮੁੜਨ ਵਾਲਾ ਫਾਈਬਰ ਗਲਾਸ ਪੋਲ ਆ ਗਿਆ ਹੈ ਜਿਸ ਦੀ ਬਦੌਲਤ ਖਿਡਾਰੀ ਕੋਠੇ ਜਿਡੀ ਉੱਚੀ ਛਾਲ ਮਾਰ ਨਵੇਂ ਕੀਰਤੀਮਾਨ ਸਥਾਪਿਤ ਕਰ ਜਿੱਤ ਰਹੇ ਨੇ|
ਖਿਡਾਰੀਆਂ ਦੀ ਖੇਡ ਟ੍ਰੇਨਿੰਗ ਵਿਚ ਵੀ ਤਕਨਾਲੋਜੀ ਅਤੇ ਵਿਗਿਆਨ ਨੇ ਕਈ ਨਵੇਂ ਸਿਖਲਾਈ ਢੰਗ ਈਜ਼ਾਦ ਕੀਤੇ ਜਿਵੇਂ ਵੇਟ ਟ੍ਰੇਨਿੰਗ , ਫਾਰਟਲੇਕ ਟ੍ਰੇਨਿੰਗ, ਇੰਟਰਵਲ ਟ੍ਰੇਨਿੰਗ, ਸਰਕਟ ਟ੍ਰੇਨਿੰਗ ਅਤੇ ਦੁਹਰਾਉ ਵਿਧੀ ਨੇ ਖਿਡਾਰੀਆਂ ਦੇ ਖੇਡ ਪੱਧਰ ਅਤੇ ਆਤਮ ਵਿਸ਼ਵਾਸ ਨੂੰ ਉੱਚਾ ਚੁੱਕਿਆ ਹੈ| ਵੱਖ-ਵੱਖ ਖੇਡਾਂ ਵਿਚ ਤਕਨੀਕ ਨਾਲ ਬਦਲੇ ਪੈਂਤੜੇ ਅਤੇ ਸਟਾਈਲ ਨੇ ਵੀ ਖਿਡਾਰੀਆਂ ਦੇ ਪ੍ਰਦਰਸ਼ਨ ਵਿਚ ਹੈਰਾਨੀਜਨਕ ਸੁਧਾਰ ਕੀਤਾ ਹੈ| ਆਰਥੋਡੋਕਸ ਸਟਾਈਲ ਵਿਚ ਸੁੱਟੇ ਗਏ ਗੋਲੇ ਦੀ ਦੂਰੀ ਨਾਮਾਤਰ ਸੀ ਪਰ ਪੈਰੀ ਓਬਰਾਈਨ ਤੇ ਮੁੜ ਡਿਸਕੋ ਪੁਟ ਵਿਧੀ ਨੇ ਗੋਲਾ ਸੁਟਾਵਿਆਂ ਦੇ ਪ੍ਰਦਰਸ਼ਨ ਨੂੰ ਜਾਦੂਮਈ ਤਰੀਕੇ ਨਾਲ ਸੁਧਾਰਿਆ| ਇਵੇਂ ਹੀ ਉੱਚੀ ਛਾਲ ਵਿਚ ਆਏ ਫਾਸਬਰੀ ਫਲਾਪ ਸਟਾਈਲ ਅਤੇ ਲੰਬੀ ਛਾਲ ਵਿਚ ਲੱਭੇ ਗਏ ਸਾਈਕਲਿਕ ਸਟਾਈਲ ਨੂੰ ਆਪਣਾ ਕੇ ਇਨ੍ਹਾਂ ਇਵੈਂਟਾਂ ਦੇ ਖਿਡਾਰੀਆਂ ਨੇ ਨਵੇਂ ਰਿਕਾਰਡ ਬਣਾਏ| ਅਥਲੀਟ ਮਾਈਕ ਪਾਵੇਲ ਵੱਲੋਂ ਬਣਾਇਆ 8.95 ਮੀਟਰ ਲੰਬੀ ਛਾਲ ਦਾ ਰਿਕਾਰਡ ਇਸੇ ਗੱਲ ਦੀ ਹਾਮੀ ਭਰਦਾ ਹੈ| ਭਾਰਤੀ ਸੁਟਾਵਾ ਨੀਰਜ ਚੋਪੜਾ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਆਪਣੇ ਈਵੈਂਟ ਜੈਵਲਿਨ ਥਰੋ ਨੂੰ ਤਕਨੀਕੀ ਜੁਗਤ ਨਾਲ 90 ਮੀਟਰ ਦੂਰ ਸੁੱਟ ਸਕਦਾ ਹੈ ਅਤੇ ਤਕਨੀਕ ਇਸ ਨੂੰ ਆਉਣ ਵਾਲੇ ਸਾਲਾਂ ਵਿਚ 100 ਮੀਟਰ ਪਾਰ ਵੀ ਲੈ ਜਾ ਸਕਦੀ ਹੈ |
ਇਹੋ ਜਿਹੀ ਤਕਨੀਕ ਵਾਲੀਆਂ ਮਸ਼ੀਨਾਂ ਹੁਣ ਟੈਨਿਸ ਅਤੇ ਹਾਕੀ ਖੇਡ ਵਿਚ ਵੀ ਆ ਗਈਆਂ ਨੇ ਜੋ ਹਾਕੀ ਖੇਡ ਦੇ ਖਿਡਾਰੀਆਂ ਨੂੰ ਦਾਅ ਪੇਚ ਸਿਖਾਉਣ ’ਚ ਮਦਦ ਕਰਦੀ ਹੈ ਅਤੇ ਟੈਨਿਸ ਖੇਡ ਵਿਚ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਖਿਡਾਰੀ ਨੂੰ ਸਰਵਿਸ ਕਰਦੀ ਹੈ| ਅਥਲੈਟਿਕ ਖੇਡ ਦੇ ਖਿਡਾਰੀ ਮਿੱਟੀ ਵਾਲੇ ਆਮ ਟਰੈਕ ਤੋਂ ਹੁਣ ਰਬੜ ਵਾਲੇ ਸਿੰਥੈਟਿਕ ਟਰੈਕ ਤੇ ਆ ਗਏ ਨੇ| ਜਿਥੇ ਉਹ ਕਾਗਜ਼ ਵਾਂਗ ਹੌਲੇ ਮੇਖਾਂ ਜੜ੍ਹੇ ਤਲਿਆਂ ਵਾਲੇ ਬੂਟ ਪਾ ਦੌੜਨ ਲੱਗੇ ਨੇ| ਕਿਹੜੀ ਖੇਡ ਲਈ ਕਿੰਨੀ ਖ਼ੁਰਾਕ ਦੀ ਜ਼ਰੂਰਤ ਹੈ| ਇਹ ਵੀ ਹੁਣ ਵਿਗਿਆਨਕ ਤਰੀਕੇ ਨਾਲ ਨਿਊਟਰੀਸ਼ੀਅਨ ਤੈਅ ਕਰਦਾ ਹੈ| ਖਿਡਾਰੀਆਂ ਲਈ ਹੁਣ ਇਹੋ ਜਿਹੀ ਘੜੀ ਉਪਲੱਬਧ ਹੈ ਜਿਸ ਨੂੰ ਪਹਿਨ ਕੇ ਖਿਡਾਰੀ ਨੂੰ ਉਸ ਦੇ ਦਿਲ ਦੀ ਗਤੀ ਦਾ ਪਤਾ ਲੱਗਦਾ ਰਹਿੰਦਾ ਹੈ ਤੇ ਅਭਿਆਸ ਦੌਰਾਨ ਉਹਨੇ ਕਿੰਨੀਆਂ ਕੈਲੋਰੀਜ਼ ਬਰਨ ਕੀਤੀਆਂ ਅਤੇ ਫਿੱਟ ਹੋਣ ਲਈ ਕਿੰਨੀਆ ਲੋੜੀਂਦੀਆਂ ਨੇ ਇਹ ਵੀ ਉਹ ਘੜੀ ਹੀ ਦੱਸਦੀ ਹੈ|
ਹੁਣ ਹਰ ਮੁਲਕ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਟੀਮਾਂ ਨਾਲ ਕੋਚ ਤੋਂ ਇਲਾਵਾ ਇਕ ਮਾਹਿਰ ਡਾਕਟਰ ਤੇ ਖੇਡ ਮਨੋਵਿਗਿਆਨੀ ਦੀਆਂ ਸੇਵਾਵਾਂ ਲੈਂਦੇ ਨੇ| ਮਨੋਵਿਗਿਆਨੀ ਖਿਡਾਰੀ ਦੇ ਖੇਡ ਦਬਾਅ ਨੂੰ ਵਿਗਿਆਨਿਕ ਜੁਗਤ ਰਾਹੀਂ ਘੱਟ ਕਰਦਾ ਹੈ ਤੇ ਡਾਕਟਰ ਖਿਡਾਰੀ ਨੂੰ ਮੁਕਾਬਲੇ ਦੌਰਾਨ ਆਈਆਂ ਸੱਟਾਂ ਤੋਂ ਜਲਦੀ ਉਭਰਨ ਤੇ ਉਸਦੀ ਸਰੀਰਕ ਯੋਗਤਾ ਵਧਾਉਣ ਲਈ ਵਿਗਿਆਨਕ ਤਰੀਕੇ ਨਾਲ ਤਿਆਰ ਕੀਤੇ ਟਾਨਿਕ ਦੇ ਕੇ ਮੁਕਾਬਲੇ ਲਈ ਮੁੜ ਤਿਆਰ ਕਰਦਾ ਹੈ ਜਦਕਿ ਕੋਚ ਨਵੇਂ-ਨਵੇਂ ਜੁਗਤੀ ਦਾਅ ਪੇਚ ਦੱਸ ਕੇ ਖਿਡਾਰੀ ਦੇ ਪ੍ਰਦਰਸ਼ਨ ਨੂੰ ਜਿੱਤ ਵੱਲ ਵਧਾਉਂਦਾ ਹੈ|