
ਤੁਰਕੀ, 10 ਜਨਵਰੀ – ਤੁਰਕੀ ਦੇ ਅਲੱਗ ਪਛਾਣ ਵਾਲੇ ਨਿਸ਼ਾਨੇਬਾਜ਼ ਯੂਸਫ਼ ਡਿਕੇਕ ਨੇ ਪੈਰਿਸ ਓਲੰਪਿਕ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਿਮਸਾਲ ਕਾਇਮ ਕੀਤੀ ਹੈ ਅਤੇ ਉਹ ਹੋਰਨਾਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਉਸ ਦੇ ਖੇਡਣ ਦਾ ਸਟਾਈਲ ਵੱਖਰਾ ਹੈ। ਉਸ ਦੇ ‘ਸਵੈਗ’ ਦੀਆਂ ਘਰ-ਘਰ ਗੱਲਾਂ ਹੁੰਦੀਆਂ ਨੇ। ਇਕ ਹੱਥ ਜੇਬ ਵਿਚ ਪਾਏ, ਬਿਨਾਂ ਕਿਸੇ ਗੀਅਰ ਦੇ, ਬਿਨਾਂ ਵਿਸ਼ੇਸ ਲੈਂਜ਼ ਪਾਏ ਜਦੋਂ ਉਹ ਆਪਣਾ ਨਿਸ਼ਾਨਾ ਲਾਉਂਦਾ ਹੈ ਤਾਂ ਸਾਰੇ ਹੱਕੇ-ਬੱਕੇ ਰਹਿ ਜਾਂਦੇ ਹਨ। ਉਸ ਨੇੇ ਆਪਣੀ ਖੇਡ ਵਿਚ ਜੋ ਵੀ ਮੁਕਾਮ ਹਾਸਲ ਕੀਤਾ ਹੈ, ਦੀ ਸਫਲਤਾ ਪਿਛੇ ਉਸ ਦੀ ਲੰਬੇ ਸਮੇਂ ਦੀ ਮਿਹਨਤ ਬੋਲਦੀ ਹੈ। ਯੂਸਫ਼ ਡਿਕੇਕ ਦਾ ਜਨਮ 1 ਜਨਵਰੀ 1973 ਨੂੰ ਕਾਹਰਾਮਨਮਾਰਸ ਸੂਬੇ ਦੇ ਗੋਕਸਨ ਜ਼ਿਲ੍ਹੇ ਦੇ ਤਾਸੋਲੁਕ ਪਿੰਡ ਵਿਚ ਹੋਇਆ ਹੈ। ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਉਸ ਨੇ ਗੋਕਸੂਨ ਵਿਚ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ। ਉਸ ਨੇ 1994 ਵਿਚ ਅੰਕਾਰਾ ਦੇ ਜਂੈਡਰਮੈਰੀ ਦੇ ਮਿਲਟਰੀ ਸਕੂਲ ਵਿਚ ਦਾਖ਼ਲਾ ਲਿਆ। ਉਸ ਨੇ ਸਾਰਜੈਂਟ ਦੇ ਰੈਂਕ ਨਾਲ ਗਰੈਜੂਏਸ਼ਨ ਪੂਰੀ ਕੀਤੀ।ਫਿਰ ਇਸਤਾਂਬਲ ਵਿਚ ਇਕ ਸਾਲ ਸੇਵਾ ਕੀਤੀ ਅਤੇ ਫਿਰ ਤੁਰਕੀ ਜੈਂਡਰਮੈਰੀ ਦੇ ਸਪੋਰਟਸ ਕਲੱਬ, ਅੰਕਾਰਾ ਵਿਚ ਜੈਂਡਰਮਾ ਗੁਕੂੁ ਵਿਚ ਨਿਯੁਕਤ ਕੀਤਾ ਗਿਆ। ਉਸ ਨੂੰ ਆਪਣੀ ਖੇਡ ਵਿਚ ਨਿਪੁੰਨਤਾ ਹਾਸਲ ਕਰਨ ਲਈ ਲੰਮੇ ਸਮੇਂ ਤੱਕ ਸੰਘਰਸ਼ ਕਰਨਾ ਪਿਆ।
ਤੁਰਕੀ ਲਈ ਪਹਿਲਾ ਤਗ਼ਮਾ ਜਿੱਤਿਆ
ਪੈਰਿਸ ਉਲੰਪਿਕ 2024 ਵਿੱਚੋਂ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿਚ ਤੁਰਕੀ ਲਈ ਪਹਿਲਾ ਤਗ਼ਮਾ ਜਿੱਤਣ ਵਾਲੇ ਯੂਸਫ਼ ਦੀ ਚਾਰੇ ਪਾਸੇ ਚਰਚਾ ਚੱਲੀ ਸੀ। ਉਸ ਨੇ ਇਸ ਈਵੈਂਟ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਜਦੋਂ ਉਸ ਨੇ ਇਕ ਹੱਥ ਜੇਬ ਵਿਚ ਪਾਏ, ਬਿਨ੍ਹਾਂ ਕਿਸੇ ਗੀਅਰ ਦੇ, ਬਿਨਾਂ ਕਿਸੇ ਵਿਸ਼ੇਸ਼ ਲੈਂਜ਼ ਪਾਏ, ਆਪਣੇ ਰੋਜ਼ਮਰਾ ਦੇ ਚਸ਼ਮੇ ਨਾਲ ਤਗ਼ਮਾ ਜਿੱਤਣ ਦਾ ਆਪਣਾ ਰਾਹ ਪੂਰਾ ਕੀਤਾ ਤਾਂ ਮੈਦਾਨ ਵਿਚ ਚਾਰੇ ਪਾਸੇ ਤਾੜੀਆਂ ਦੀ ਗੜਗੜਾਹਟ ਨੇ ਉਸ ਦੇ ਮਨ ਨੂੰ ਵੱਡੀ ਤਸੱਲੀ ਦਿੱਤੀ।
ਯੂਸਫ਼ ਡਿਕੇਕ ਨੇ 2001 ਵਿਚ ਖੇਡ ਸ਼ੂਟਿੰਗ ਸ਼ੁਰੂ ਕੀਤੀ। ਉਦੋਂ ਤੋਂ ਹੀ ਡਿਕੇਕ ਮਿਲਟਰੀ ਰਾਸ਼ਟਰੀ ਟੀਮ ਦੇ ਨਾਲ-ਨਾਲ ਰਾਸ਼ਟਰੀ ਟੀਮ ਦੇ ਮੁਕਾਬਲੇ ਖੇਡਦਾ ਰਿਹਾ ਹੈ। ਉਸ ਨੇ ਗਾਜ਼ੀ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਤੇ ਖੇਡਾਂ ਵਿਚ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਉਹ ਪਿਸਟਲ ਮੁਕਾਬਲਿਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਰਾਸ਼ਟਰੀ ਰਿਕਾਰਡ ਹੋਲਡਰ ਹੈ ਅਤੇ ਕਈ ਵਾਰ ਤੁਰਕੀ ਚੈਪੀਂਅਨ ਬਣਿਆ ਹੈ।
ਦੋਹਰੇ ਗੋਲਡ ਮੈਡਲ
ਉਸ ਨੇ ਸੰਨ 2006 ਵਿਚ ਰੇੇਨਾ, ਨਾਰਵੇ ਵਿਚ ਕਰਵਾਈ ਗਈ ਸੀਆਈਐਸਐਸ. ਮਿਲਟਰੀ ਵਰਲਡ ਚੈਂਪੀਅਨਸ਼ਿਪ ਵਿਚ 25 ਮੀਟਰ ਸੈਂਟਰ ਫਾਇਰ ਪਿਸਟਲ ਈਵੈਂਟ ਵਿਚ 597 ਅੰਕ ਪ੍ਰਾਪਤ ਕਰ ਕੇ ਇਕ ਨਵਾਂ ਰਿਕਾਰਡ ਬਣਾਇਆ ਸੀ। ਉਸ ਨੇ ਸੰਨ 2012 ਨੂੰ ਬੈਂਕਾਕ (ਥਾਈਲੈਂਡ) ਵਿਚ ਕਰਵਾਏ ਗਏ ਆਈਐਸਐਸਐਫ. ਵਿਸ਼ਵ ਕੱਪ ਫਾਈਨਲ ਮੁਕਾਬਲੇ ਵਿਚ 10 ਮੀਟਰ ਪਿਸਟਲ ਵਿਚ ਕਾਂਸੀ ਦਾ ਤਗ਼ਮਾ ਜਿੱਤ ਕੇ ਨਾਮਣਾ ਖੱਟਿਆ ਸੀ। ਸਾਲ 2013 ਨੂੰ ਓਸੀਜੇਕ (ਕਰੋਸ਼ੀਆ) ਵਿਚ ਹੋਈ ਯੂਰਪੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ 25 ਮੀਟਰ ਸਟੈਂਡਰਡ ਪਿਸਟਲ ਅਤੇ 25 ਮੀਟਰ ਸੈਂਟਰ ਫਾਇਰ ਪਿਸਟਲ ਵਿਚ ਡਿਕੇਕ ਨੇ ਦੋਹਰੇ ਗੋਲਡ ਮੈਡਲ ਜਿੱਤੇ ਸਨ। 2021 ਦੀ ਯੂਰਪੀਅਨ ਸ਼ੂਟਿੰਗ ਚੈਂਪੀਅਨਸ਼ਿਪ (ਕਰੋਸ਼ੀਆ) ਵਿਚ ਉਸ ਨੇ ਆਪਣੇ ਸਾਥੀ ਖਿਡਾਰੀ ਸੇਰਦਾਰ ਡੇਮੀਰੇਲ ਅਤੇ ਇਸਮਾਈਲ ਕੇਲੇਸ ਨਾਲ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿਚ ਤੁਰਕੀ ਦੀ ਝੋਲੀ ਵਿਚ ਕਾਂਸੀ ਦਾ ਤਗ਼ਮਾ ਪਾਇਆ ਸੀ।
ਪੂਰੀ ਤਰ੍ਹਾਂ ਆਪਣੀ ਖੇਡ ਨੂੰ ਸਮਰਪਿਤ ਯੂਸਫ਼ ਕੋਲੋਂ ਭਵਿੱਖ ਵਿਚ ਉਸ ਦੇ ਦੇਸ਼ ਵਾਸੀ ਵੱਡੀਆਂ ਉਮੀਦਾਂ ਪਾਲੀ ਬੈਠੇ ਹਨ ਤੇ ਉਸ ਵਲੋਂ ਕੀਤੀ ਜਾ ਰਹੀ ਖੇਡ ਪ੍ਰਤੀ ਮਿਹਨਤ ਨੂੰ ਵੇਖ ਕੇ ਲੱਗਦਾ ਕਿ ਉਹ ਹੋਰ ਪ੍ਰਾਪਤੀਆਂ ਪ੍ਰਾਪਤ ਕਰੇਗਾ।
ਤਗ਼ਮੇ ਜਿੱਤਣ ਦਾ ਰਿਕਾਰਡ
ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਪੈਰਿਸ ਓਲੰਪਿਕ ਵਿਚੋਂ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿਚ ਤੁਰਕੀ ਲਈ ਪਹਿਲਾ ਤਗ਼ਮਾ ਜਿੱਤਣ ਵਾਲੇ ਯੂਸਫ਼ ਡਿਕੇਕ ਨੇ 35 ਸਾਲ ਦੀ ਉਮਰ ਵਿਚ ਪਹਿਲੀ ਵਾਰ 2008 ਵਿਚ ਬੀਜਿੰਗ ਓਲੰਪਿਕ ਵਿਚ ਭਾਗ ਲਿਆ ਸੀ। ਉਹ ਰੀਓ 2016 ਤੇ ਟੋਕੀਓ 2020 ਦੀਆਂ ਓਲੰਪਿਕ ਵੀ ਖੇਡਿਆ ਹੈ। ਪੈਰਿਸ 2024 ਦੀਆਂ ਓਲੰਪਿਕ ਵਿਚ ਡਿਕੇਕ ਨੇ ਸਾਥੀ ਖਿਡਾਰੀ ਸ਼ੇਵਲ ਇਲਾਇਦਾ ਤਰਗਨ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵਂੈਟ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਤੁਰਕੀ ਨੂੰ ਜੇਤੂ ਮੰਚ ’ਤੇ ਚੜ੍ਹਾਇਆ ਸੀ। ਉਹ ਫਾਈਨਲ ਵਿਚ ਸਰਬੀਆ ਟੀਮ ਜ਼ੇਰਾਨਾ ਅਰੁਨੋਵਿਕ ਅਤੇ ਦਾਮੀਰ ਮਿਕੇਕ ਤੋਂ ਹਾਰ ਗਿਆ ਸੀ। ਜੇਕਰ ਯੂਸਫ਼ ਡਿਕੇਕ ਦੇ ਵਿਅਕਤੀਗਤ ਤਗ਼ਮਿਆਂ ਦੀ ਗੱਲ ਕਰੀਏ ਤਾਂ ਉਹ 16 ਗੋਲਡ, 15 ਚਾਂਦੀ, 3 ਕਾਂਸੀ ਸਮੇਤ ਕੁੱਲ 35 ਤਗ਼ਮੇ ਜਿੱਤ ਚੁੱਕਾ ਹੈ।