ਰਾਜ-ਧਰਮ ‘ਤੇ
ਚਾਨਣਾ ਪਾਉਂਦਿਆਂ
ਗੁਰੂ ਜੀ ਉੱਚਰੇ:
ਪਿਆਰੇ ਭਗਤ-ਜਨੋ!
ਰਾਜੇ ਦਾ ਹੁੰਦਾ ਹੈ
ਇੱਕੋ ਹੀ ਧਰਮ
ਰਾਜ-ਧਰਮ
ਮਤਲਬ
ਸਮੂਹ ਪਰਜਾ ਦੀ
ਭਲਾਈ
ਤੇ
ਮੁਲਕ ਦਾ
ਚੌਤਰਫ਼ਾ ਵਿਕਾਸ
ਸਭ ਤੋਂ ਨਿਤਾਣੇ
ਸਭ ਤੋਂ ਗਰੀਬ
ਸਭ ਤੋਂ ਕਮਜ਼ੋਰ ਦੀ
ਚਿੰਤਾ
ਰਾਜਾ ਦੇ
ਧਰਮ ਦੇ
ਲੱਛਣ ਨੇ
ਕਰੁਣਾ
ਦਇਆ
ਸਹਿਣਸ਼ੀਲਤਾ
ਉਦਾਰਤਾ
ਰਾਜਾ ਹੁੰਦਾ ਹੈ
ਸਭ ਅਖੌਤੀ ਧਰਮਾਂ ਤੋਂ
ਉੱਪਰ
ਤੇ
ਸਭ ਕਰਮਕਾਂਡਾਂ ਤੋਂ
ਪਰ੍ਹੇ
ਰਾਜਾ ਹੁੰਦਾ ਹੈ
ਧਰਤੀ ‘ਤੇ
ਈਸ਼ਵਰ ਦਾ
ਦੂਤ
ਇਸ ਲਈ
ਉਸਦਾ ਆਚਰਣ
ਹੋਣਾ ਚਾਹੀਦੈ
ਈਸ਼ਵਰ ਵਰਗਾ
ਉਸਨੂੰ ਚਾਹੀਦੈ
ਸਭ ਨੂੰ
ਚਾਨਣ ਵੰਡਣਾ
ਸੂਰਜ ਦੀ ਤਰ੍ਹਾਂ
ਸਭਨਾਂ ‘ਤੇ
ਵਰ੍ਹਨਾ
ਇੱਕੋ ਜਿਹਾ
ਬੱਦਲ ਦੀ ਤਰ੍ਹਾਂ
ਸਭ ਨੂੰ
ਬਖ਼ਸ਼ਨਾ
ਪ੍ਰਾਣ-ਜੀਵਨ
ਹਵਾ ਦੀ ਤਰ੍ਹਾਂ
ਧਰਤੀ ਦੇ ਰਾਜਾ ਨੂੰ
ਹੋਣਾ ਚਾਹੀਦੈ
ਬਿਰਖ
ਨਦੀ
ਸਾਗਰ
ਧਰਤੀ ਦੀ ਤਰ੍ਹਾਂ
ਚਲਦੇ ਪ੍ਰਵਚਨ ਦੇ
ਵਿਚਕਾਰ ਹੀ
ਸ਼ੰਕਾ ਖੜ੍ਹਾ ਕਰ ਦਿੱਤਾ
ਉਸੇ ਭਗਤ ਨੇ:
ਗੁਰੂ ਜੀ!
ਇਹ ਤਾਂ ਤੁਸੀਂ
ਗਿਣਾ ਰਹੇ ਹੋ
ਲੱਛਣ
ਦਵਾਪਰ-ਪੂਰਵ
ਰਾਜਿਆਂ ਦੇ
ਅਜਿਹੇ ਰਾਜੇ ਤਾਂ
ਨਹੀਂ ਦਿਸਦੇ
ਅੱਜ-ਕੱਲ੍ਹ
ਅਮਰ-ਚਿੱਤਰਕਥਾ ਤੇ
ਇੰਦਰਜਾਲ-ਲਤੀਫ਼ਿਆਂ
ਅੰਦਰ ਵੀ
ਅਸੀਂ ਕੀ ਲੈਣੈ
ਜਾਣ ਕੇ
ਵੇਲਾ-ਵਿਹਾ ਚੁੱਕੇ
ਰਾਜਿਆਂ ਨੂੰ
ਇਹ ਤਾਂ
ਪਾਠ ਹੈ
ਨਖਿੱਧ-ਗਿਆਨ ਦੇ
ਪੁਰਾਣੇ ਪਾਠਕ੍ਰਮ ਦਾ
ਦਰਅਸਲ
ਰਾਜਾ ਦਾ ਧਰਮ ਹੁੰਦੈ
ਬਹੁਗਿਣਤੀ
ਪਰਜਾ ਦਾ ਧਰਮ
ਉਂਝ
ਅਸੂਲਨ
ਧਰਮ ਤਾਂ ਹੁੰਦੈ
ਇੱਕ ਸਾਧਨ
ਪਰਜਾ ਨੂੰ
ਫੁਸਲਾਉਣ ਦਾ
ਵਰਗਲਾਉਣ ਦਾ
ਰਾਜਾ
ਕਦੇ
ਹੋ ਹੀ ਨਹੀਂ ਸਕਦਾ
ਧਾਰਮਿਕ
ਰਾਜ ਭਾਗ ਦੇ
ਛਡਿਅੰਤਰ
ਛਲ-ਕਪਟ
ਝੂਠ-ਪ੍ਰਪੰਚ ‘ਚ
ਗਲ ਤੱਕ ਡੁੱਬਿਆ
ਰਾਜਾ
ਨਹੀਂ ਹੁੰਦਾ
ਧਰਮ ਦੇ ਯੋਗ
ਇਸਨੂੰ ਉਹ ਵੀ
ਭਲੀ-ਭਾਂਤ ਜਾਣਦਾ ਹੈ
ਇਸ ਲਈ
ਸਭ ਤੋਂ ਪਹਿਲਾਂ
ਉਹ
ਸਰੂਪ ਵਿਗਾੜਦਾ ਹੈ
ਧਰਮ ਦੇ
ਮੂਲ ਸੁਭਾਅ ਦਾ
ਤੇ
ਸਥਾਪਿਤ ਕਰਦਾ ਹੈ
ਵਿਗੜੇ ਧਰਮ ਨੂੰ
ਸਾਰਥਿਕ ਧਰਮ ਦੀ ਥਾਂ
ਇਸ ਪਵਿੱਤਰ ਕਾਰਜ ‘ਚ
ਰਾਜੇ ਦਾ
ਸਾਥ ਦਿੰਦੇ ਨੇ
ਕੁੱਲ ਧਰਮ-ਧੁਰੰਤਰ ਗੁਰੂ
ਤਰ੍ਹਾਂ-ਤਰ੍ਹਾਂ ਦੇ
ਲੋਭ-ਲਾਲਚ ‘ਚ ਆਕੇ
ਬਾਅਦ ‘ਚ
ਰਾਜਾ
ਸਾਥ ਦਿੰਦਾ ਹੈ
ਉਨ੍ਹਾਂ ਦਾ
ਸਿਆਸਤ ਦੀ
ਬਿਸਾਤ ‘ਤੇ
ਧਰਮ ਵੀ
ਇੱਕ ਮੋਹਰਾ ਹੈ
ਹੋਰਨਾਂ
ਮੋਹਰਿਆਂ ਵਾਂਗ
ਰਾਜਾ
ਜਦ ਵੀ
ਖੜ੍ਹਾ ਹੁੰਦਾ ਹੈ
ਅਖੌਤੀ ਧਰਮ ਦੇ
ਪੱਖ ‘ਚ
ਇਹ ਹੁੰਦਾ ਹੈ
ਉਸਦਾ
ਪੂੰਜੀ-ਨਿਵੇਸ਼
ਛਲਤੰਤਰ ਦਾ
ਤੀਜਾ ਗੁਰ!
ਰਾਜੇ ਲਈ
ਧਾਰਮਿਕ ਹੋਣਾ
ਬਿਲਕੁੱਲ ਅਸੰਭਵ
ਹੋਣ ਦੇ ਬਾਵਜ਼ੂਦ
ਰਾਜੇ ਨੂੰ ਚਾਹੀਦੈ
ਪੂਰਾ ਯਤਨ ਕਰਨਾ
ਧਾਰਮਿਕ
ਦਿਸਣ ਲਈ
ਪਰਜਾ ਦੇ ਸਾਹਮਣੇ
ਜਾਣਾ ਚਾਹੀਦੈ ਰਾਜੇ ਨੂੰ
ਮੁਸਕਰਾਉਂਦੇ ਹੋਏ
ਪਾਖੰਡ ਤੇ ਉਜੱਡਪੁਣੇ ‘ਤੇ
ਧਰਮ ਦਾ ਰੰਗ
ਚੜ੍ਹਾਉਂਦੇ ਹੋਏ
ਪਰਜਾ
ਭਰੋਸਾ ਕਰਦੀ ਹੈ
ਉਸ ‘ਤੇ
ਜਿਹੜਾ ਦਿਸਦਾ ਹੈ
ਵਾਰ-ਵਾਰ
ਅੱਖਾਂ ਅੱਗੇ
ਇਸ ਲਈ
ਰਾਜੇ ਨੂੰ ਚਾਹੀਦੈ
ਨਿਰੰਤਰ
ਦਿਸਦੇ ਰਹਿਣਾ
ਛੱਡਕੇ ਸਾਰੇ
ਤੰਤਰ
ਰਾਜੇ ਦਾ
ਮੂਲ-ਧਰਮ ਹੈ
ਸੱਤਾ
ਉਸਦੀ ਖ਼ਾਤਰ
ਜੇ ਰਾਜ ਤੱਕ
ਵੇਚਣਾ ਪਵੇ
ਧਰਮ ਨੂੰ
ਪਾਤਾਲ ‘ਚ
ਭੇਜਣਾ ਪਵੇ
ਇਖ਼ਲਾਕ ਨੂੰ
ਮੇਸਣਾ ਪਵੇ
ਤਾਂ ਕੋਈ ਗੱਲ ਨਹੀਂ!
ਸੱਤਾ ਹੀ
ਸੱਚ ਹੈ
ਤੇ
ਜੋ ਸੱਚ ਹੈ
ਉਹੀ ਈਸ਼ਵਰ ਹੈ
ਤੇ ਉਹੀ ਹੈ
ਸਨਾਤਨ ਧਰਮ
ਰਾਜੇ ਦਾ…
ਵਾਕ ਪੂਰਾ ਹੋਣ ਤੋਂ
ਪਹਿਲਾਂ ਹੀ
ਗੁਰੂ ਜੀ
ਡਿੱਗ ਪਏ ਸਪਾਟ
ਚੇਲ਼ੇ ਦੇ
ਚਰਨਾਂ ‘ਚ..
ਅੱਗੇ ਦੀ ਕਥਾ ਤੋਂ
ਤੁਸੀਂ ਸਭ ਜਾਣੂੰ ਹੀ ਹੋ
——-*——-
–#ਹੂਬ ਨਾਥ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005