
ਸਿਆਣੇ ਆਖਦੇ ਹਨ ਧੜੇਬੰਦੀ ਘਰ ਵਿੱਚ ਹੋਵੇ ਜਾਂ ਪਿੰਡ ਵਿੱਚ ਇਹ ਹਮੇਸ਼ਾ ਤਬਾਹੀ ਵੱਲ ਲੈ ਕੇ ਜਾਂਦੀ ਹੈ। ਸਿਆਸੀ ਧੜੇਬੰਦੀਆਂ ਨੇ ਜਿਹੜਾ ਨੁਕਸਾਨ ਪੰਜਾਬ ਦਾ ਕੀਤਾ ਤੇ ਭਵਿੱਖ ਵਿੱਚ ਕਰਨਾ ਉਹ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।ਇਸ ਸਮੇਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਅੰਦਰ ਧੜਿਆਂ ਦੀ ਭਰਮਾਰ ਵੱਧਦੀ ਜਾ ਰਹੀ ਹੈ। ਇਹਨਾਂ ਧੜਿਆਂ ਨੂੰ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਸਿਆਸੀ ਪਾਰਟੀਆਂ ਦੇ ਅੰਦਰ ਦਲ ਦਲ ਪੈਦਾ ਹੋ ਗਈ ਹੋਵੇ। ਇਹ ਦਲ ਦਲ ਪੰਜਾਬ ਨੂੰ ਕਿਸ ਰਸਤੇ ਵੱਲ ਧੂਹ ਕੇ ਲੈ ਕੇ ਜਾਵੇਗੀ, ਇਹ ਸਭ ਕੁਝ ਨਜ਼ਰ ਆਉਂਦਾ ਹੈ । ਪੰਜਾਬ ਵਿਰੋਧੀ ਸ਼ਕਤੀਆਂ ਦੇ ਲਈ ਇਹ ਦਲ ਦਲ ਤੇ ਭਰਾ ਮਾਰੂ ਜੰਗ ਬੜੀ ਰਾਸ ਆ ਰਹੀ ਹੈ। ਉਹਨਾਂ ਦੀ ਇਹੀ ਇੱਛਾ ਸੀ ਕਿ ਲੜਾਈ ਕੇਂਦਰ ਦੇ ਨਾਲ ਨਾ ਹੋਵੇ ਬਲਕਿ ਇਹਨਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ। ਕੇਂਦਰੀ ਸ਼ਕਤੀਆਂ ਨੇ ਬਾਂਦਰਾਂ ਵਿੱਚ ਭੇਲੀ ਸੁੱਟ ਦਿੱਤੀ ਹੈ, ਇਸ ਭੇਲੀ ਨੂੰ ਭੰਨਣ ਲਈ ਸਿਆਸੀ ਪਾਰਟੀਆਂ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੀਆਂ ਹਨ। ਉਹ ਆਪਣੇ ਸਿਆਸੀ ਵਿਰੋਧੀਆਂ ਦੀ ਕਿਰਦਾਰ ਕੁਸ਼ੀ ਕਰ ਰਹੀਆਂ ਹਨ । ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਨੇ ਤਾਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਨੇ ਤਾਂ ਪਿਛਲੇ ਸਮਿਆਂ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਜਿਹੜੀ ਕਿਰਦਾਰ ਕੁਸ਼ੀ ਕੀਤੀ ਹੈ, ਉਸ ਨੇ ਇਹ ਦੱਸ ਦਿੱਤਾ ਹੈ ਕਿ ਬਾਦਲਕਿਆਂ ਨੂੰ ਨਾ ਧਰਮ ਨਾਲ ਤੇ ਨਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ। ਉਹਨਾਂ ਨੇ ਤਾਂ ਸਿਆਸਤ ਅਤੇ ਧਰਮ ਨੂੰ ਵਪਾਰ ਬਣਾਇਆ ਹੋਇਆ ਹੈ ਤੇ ਹੁਣ ਉਹਨਾਂ ਦਾ ਵਪਾਰ ਹੱਥੋਂ ਨਿਕਲਦਾ ਜਾ ਰਿਹਾ ਹੈ, ਇਸੇ ਕਰਕੇ ਉਹ ਕੱਪੜਿਆਂ ਤੋਂ ਬਾਰੇ ਹੋ ਰਹੇ ਹਨ। ਮਾਘੀ ਦੇ ਦਿਹਾੜੇ ਉਤੇ ਕਈ ਹੋਰ ਨਵੀਆਂ ਸਿਆਸੀ ਪਾਰਟੀਆਂ ਨੇ ਜਨਮ ਲੈਣਾ ਹੈ। ਸੁਣਿਆ ਹੈ ਕਿ ਇੱਕ ਅਕਾਲੀ ਦਲ ਬਾਪੂ ਵੀ ਬਣ ਰਿਹਾ ਹੈ। ਇਸ ਤੋਂ ਪਹਿਲਾਂ ਹੀ ਡੇਢ ਦਰਜਨ ਤੋਂ ਉੱਤੇ ਸ਼੍ਰੋਮਣੀ ਅਕਾਲੀ ਦਲ ਹੈ, ਜੇ ਹੋਰ ਨਵਾਂ ਬਣ ਜਾਵੇਗਾ ਤਾਂ ਇਹ ਕੀ ਫੰਨੂ ਖੋ ਲੈਣਗੇ? ਜਿਵੇਂ ਪੰਜਾਬ ਵਿੱਚ ਉਨੇ ਪਿੰਡ ਨਹੀਂ ਜਿੰਨੇ ਡੇਰੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਉਨੇ ਸਕੂਲ ਨਹੀਂ, ਜਿੰਨੇ ਧਾਰਮਿਕ ਸੰਸਥਾਵਾਂ ਹਨ। ਇਹਨਾਂ ਗੁਰਦੁਆਰਿਆਂ ਵਿੱਚ ਪ੍ਰਧਾਨਗੀ ਹਥਿਆਉਣ ਲਈ ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਸਮਿਆਂ ਵਿੱਚ ਵਾਪਰੀਆਂ ਹਨ, ਉਹਨਾਂ ਨੇ ਦਰਸਾ ਦਿੱਤਾ ਹੈ ਕਿ ਅਸੀਂ ਅਤੀਤ ਤੋਂ ਕੁਝ ਵੀ ਨਹੀਂ ਸਿੱਖਿਆ। ਆਮ ਤੌਰ ਤੇ ਇਹ ਆਖਿਆ ਜਾਂਦਾ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਪਰ ਅਸੀਂ ਤਾਂ ਪੱਥਰਾਂ ਨੂੰ ਵੀ ਪਾਰ ਕਰਕੇ ਅੱਗੇ ਜਾ ਰਹੇ ਹਾਂ। ਕਾਂਗਰਸ ਅੰਦਰ ਵੀ ਇਸੇ ਤਰ੍ਹਾਂ ਦੀ ਧੜੇਬੰਦੀ ਚੱਲ ਰਹੀ ਹੈ, ਹਾਲਾਤ ਕੁੱਝ ਭਾਜਪਾ ਦੇ ਵੀ ਚੰਗੇ ਨਹੀਂ। ਪੰਜਾਬ ਅੰਦਰ ਭਾਜਪਾ ਨੇ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਆਗੂਆਂ ਨੂੰ ਪੰਜਾਬ ਦੇ ਉਹਨਾਂ ਟਕਸਾਲੀ ਭਾਜਪਾ ਵਰਕਰਾਂ ਉੱਪਰ ਬਿਠਾਇਆ ਹੈ, ਉਸਨੇ ਭਾਜਪਾ ਅੰਦਰ ਖਲਬਲੀ ਮਚਾ ਦਿੱਤੀ ਹੈ। ਉਹਨਾਂ ਟਕਸਾਲੀ ਭਾਜਪਾ ਆਗੂਆਂ ਨੇ ਪੰਜਾਬ ਅੰਦਰ ਇੱਕ ਨਵੀਂ ਖੇਡ ਸ਼ੁਰੂ ਕਰ ਦਿੱਤੀ ਹੈ। ਹੁਣ ਭਾਜਪਾ ਵੀ ਪੰਜਾਬ ਵਿੱਚੋਂ ਧੜੇਬੰਦੀ ਖਤਮ ਕਰਨਾ ਚਾਹੁੰਦੀ ਹੈ, ਉਹ ਕਿਸੇ ਜੱਟ ਸਿੱਖ ਬੇਦਾਗ ਆਗੂ ਦੀ ਤਲਾਸ਼ ਵਿੱਚ ਹੈ। ਹਾਲਤ ਖੱਬੇ ਪੱਖੀਆਂ ਦੀ ਵੀ ਕੋਈ ਚੰਗੀ ਨਹੀਂ, ਉਹ ਤਾਂ ਹੁਣ ਅੱਖ ਚ ਪਾਇਆ ਵੀ ਰੜਕਦੇ ਨਹੀਂ। ਉਹਨਾਂ ਦੀਆਂ ਸਾਹਿਤਕ ਜਥੇਬੰਦੀਆਂ ਵੀ ਕਿਤਾਬਾਂ ਰਿਲੀਜ਼ ਕਰਨ ਤੇ ਸਨਮਾਨ ਕਰਨ ਤੋਂ ਅੱਗੇ ਪੰਜਾਬ ਅੰਦਰ ਕੋਈ ਸਾਹਿਤਕ ਜਾਂ ਸੱਭਿਆਚਾਰਕ ਲਹਿਰ ਪੈਦਾ ਕਰਨ ਵਿੱਚ ਨਾਕਾਮ ਹਨ। ਸਿਹਤ ਤੇ ਸਿੱਖਿਆ ਵਪਾਰ ਦਾ ਸਾਧਨ ਬਣ ਗਿਆ ਹੈ। ਇਹਨਾਂ ਵਪਾਰੀਆਂ ਨੂੰ ਮਨੁੱਖਤਾ ਦੇ ਨਾਲ ਕੋਈ ਵੀ ਸਰੋਕਾਰ ਨਹੀਂ । ਇਹ ਤਾਂ ਆਪਣੀਆਂ ਤੰਜ਼ੋਰੀਆਂ ਭਰਦੇ ਹਨ। ਪੰਜਾਬ ਹਰਿਆਣਾ ਬਾਡਰਾਂ ਉੱਪਰ ਕਿਸਾਨ ਅੰਦੋਲਨ ਚੱਲਦਾ ਹੈ। ਇਸ ਤੋਂ ਬਿਨਾਂ ਪੰਜਾਬ ਵਿੱਚ ਥਾਂ ਥਾਂ ਉੱਤੇ ਧਰਨੇ ਚੱਲ ਰਹੇ ਹਨ। ਸੰਗਰੂਰ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੱਕਾ ਮੋਰਚਾ ਲਗਾਇਆ ਹੋਇਆ ਹੈ । ਪਿਛਲੇ ਸਮਿਆਂ ਵਿੱਚ ਪੰਜਾਬ ਸਰਕਾਰ ਨੇ ਆਪਣੇ ਵਿਰੋਧੀਆਂ ਨੂੰ ਖਦੇੜਨ ਲਈ ਹਰ ਤਰ੍ਹਾਂ ਦਾ ਹਰਬਾ ਵਰਤਿਆ ਹੈ। ਪੰਜਾਬ ਦੇ ਲੋਕਾਂ ਨੇ ਤਾਂ ਬਦਲਾਅ ਲਿਆਉਣ ਲਈ ਆਮ ਆਦਮੀ ਦੇ ਹੱਥ ਪੰਜਾਬ ਦੀ ਵਾਗਡੋਰ ਦਿੱਤੀ ਸੀ ਪਰ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਅਜਿਹਾ ਪੜ੍ਹਨੇ ਪਾਇਆ ਕਿ ਪੰਜਾਬ ਅੱਖਾਂ ਘਸੁੰਨ ਦੇ ਕੇ ਰੋ ਰਿਹਾ ਹੈ। ਸਿਆਸੀ ਪਾਰਟੀਆਂ ਦੀ ਦਲਦਲ ਨੇ ਪੰਜਾਬ ਨੂੰ ਅਜਿਹੇ ਮੋੜ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ, ਜਿਸ ਦੀਆਂ ਚਾਰੇ ਦਿਸ਼ਾਵਾਂ ਹਨੇਰ ਵੱਲ ਜਾ ਰਹੀਆਂ ਹਨ। ਪੰਜਾਬ ਨੂੰ ਹੁਣ ਕਿਸੇ ਉੱਪਰ ਇਤਵਾਰ ਹੀ ਨਹੀਂ ਰਿਹਾ ਤੇ ਪੰਜਾਬ ਦੇ ਲੋਕ ਕਰਨ ਤਾਂ ਕੀ ਕਰਨ ? ਇਹ ਉਹਨਾਂ ਲਈ ਵੱਡਾ ਸਵਾਲ ਬਣਿਆ ਹੋਇਆ ਹੈ। ਪੰਜਾਬ ਦੀਆਂ ਸੁਚੇਤ ਤੇ ਅਗਾਂਹਵਧੂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਦਲ ਦਲ ਦੇ ਵਿੱਚੋਂ ਕੋਈ ਕਮਲ ਦਾ ਫੁੱਲ ਉਗਾਉਣ। ਇਸ ਵਕਤ ਲੋੜ ਇਸੇ ਗੱਲ ਦੀ ਹੈ ਕਿ ਅਸੀਂ ਇਕ ਮੰਚ ਉੱਤੇ ਇਕੱਠੇ ਹੋਈਏ, ਆਪਣੀਆਂ ਹਉਮੈ ਪ੍ਰਧਾਨਗੀਆਂ ਤੇ ਜਰਨਲ ਸਕੱਤਰੀਆਂ ਨੂੰ ਲਾਂਭੇ ਰੱਖ ਕੇ ਪੰਜਾਬ ਦੀਆਂ ਬੁਨਿਆਦੀ ਸਮੱਸਿਆ ਨੂੰ ਉਭਾਰੀਏ । ਜੇ ਪੰਜਾਬ ਨਾ ਇਸ ਵਕਤ ਵੀ ਸਮਝਿਆ ਤਾਂ ਗੱਲ ਹੱਥੋਂ ਤਿਲਕ ਕੇ ਅਜਿਹੇ ਖਤਾਨ ਵਿੱਚ ਡਿੱਗੇਗੀ ਜਿੱਥੋਂ ਨਿਕਲਣਾ ਮੁਸ਼ਕਲ ਹੋਵੇਗਾ।
ਬੁੱਧ ਸਿੰਘ ਨੀਲੋਂ
9464370823