
ਮਨਜੀਤ ਸਿੰਘ ਅਤੇ ਕੁਲਬੀਰ ਕੌਰ ਵਿਆਹ ਦੇ ਬੰਧਨ ਵਿਚ ਬੱਝ ਚੁਕੇ ਸਨ | ਇਹ ਜੋੜੀ ਹਾਣ ਪ੍ਰਵਾਣ ਦੀ ਸੀ ਬਹੁਤ ਫੱਬਦੀ ਸੀ |ਜੇ ਕਰ ਕੁਲਬੀਰ ਸੁਰਾਹੀਦਾਰ ਗਰਦਨ ਵਾਲੀ ਗੋਰੀ ਚਿੱਟੀ ਸੀ ਅਤੇ ਨਸ਼ੀਲੇ ਨੈਣਾ ਵਾਲੀ ਸੀ ਤਾਂ ਮਨਜੀਤ ਵੀ ਸਿਹਤ ਪੱਖੋਂ ਨਰੋਇਆ ਸੀ ਉਸ ਦਾ ਸਰੀਰ ਵੀ ਸੋਹਣੀ ਦਿੱਖ ਵਾਲਾ ਸੀ | ਜਦੋਂ ਇਕੱਠੇ ਕਦੇ ਤੁਰੇ ਜਾਂਦੇ ਹੁੰਦੇ ਲੋਕ ਖੜ ਖੜ ਦੇਖਦੇ ਕਿ ਵਾਹਿਗੁਰੂ ਨੇ ਦੋਵਾਂ ਨੂੰ ਇਕ ਦੂਜੇ ਲਈ ਹੀ ਬਣਾਇਆ ਹੋਵੇਗਾ | ਉਨ੍ਹਾਂ ਦਾ ਖੇਤੀ ਬਾੜੀ ਦਾ ਕੰਮ ਸੀ | ਦੋਵੇਂ ਪੜ੍ਹੇ ਲਿਖੇ ਹੋਣ ਕਾਰਨ ਖੇਤੀ ਵਿਗਿਆਨਿਕ ਢੰਗਾਂ ਨਾਲ ਕਰਦੇ ਸਨ ਅਤੇ ਆਰਗੈਨਿਕ ਫਸਲਾਂ ਵਲ ਧਿਆਨ ਸੀ ਅਤੇ ਸਬਜ਼ੀਆਂ ਨੂੰ ਵੀ ਵਿਗਿਆਨਿਕ ਢੰਗ ਨਾਲ ਆਰਗੈਨਿਕ ਤੌਰ ਤੇ ਹੀ ਪੈਦਾ ਕਰਦੇ ਸਨ | ਲੋਕ ਵੀ ਆਰਗੈਨਿਕ ਸਬਜ਼ੀਆਂ ਉਨ੍ਹਾਂ ਤੋਂ ਹੀ ਖਰੀਦਣਾ ਪਸੰਦ ਕਰਦੇ ਸਨ | ਚੰਗੀ ਖੁਸ਼ੀਆਂ ਭਰੀ ਜ਼ਿੰਦਗੀ ਚਲ ਰਹੀ ਸੀ ਉਨ੍ਹਾਂ ਦੀ ਅਤੇ ਉਨ੍ਹਾਂ ਉਪਰ ਵਾਹਿਗੁਰੂ ਦੀ ਵੀ ਪੂਰੀ ਮੇਹਰ ਸੀ | ਉਨ੍ਹਾਂ ਦੇ ਘਰ ਇਕ ਪੁੱਤਰ ਦੀ ਬਖ਼ਸ਼ਿਸ਼ ਹੋਈ ਤੇ ਉਸ ਦਾ ਨਾਂ ਸੁਖਪਾਲ ਰੱਖਿਆ ਗਿਆ ਅਤੇ ਪਿਆਰ ਨਾਲ ਉਹ ਸੁੱਖਾ ਹੀ ਕਹਿਣ ਲੱਗ ਪਏ | ਸਮੇਂ ਦੀ ਚਾਲ ਨਾਲ ਚਲਦੇ ਹੋਏ ਉਸ ਨੂੰ ਸਕੂਲ ਦਾਖਲ ਕਰਵਾਇਆ ਗਿਆ | ਪੜ੍ਹਾਈ ਵਿਚ ਚੰਗੀ ਦਿਲਚਸਪੀ ਲੈ ਰਿਹਾ ਸੀ | ਮਾਪੇ ਖੁਸ਼ ਸਨ | ਜਦੋਂ ਉਹ ਵੇਹਲੇ ਹੋ ਇਕੱਠੇ ਬੈਠਦੇ ਤਾਂ ਉਹ ਸੋਚਦੇ ਸੁੱਖਾ ਪੜ੍ਹਾਈ ਵਿਚ ਹੁਸ਼ਿਆਰ ਹੈ ਕਿਓਂ ਨਾ ਅਸੀਂ ਇਸ ਨੂੰ ਡਾਕਟਰ ਬਣਾਉਣ ਦਾ ਯਤਨ ਕਰੀਏ | ਉਹ ਤਾਂ ਹਾਲੇ ਚੌਥੀ ਜਮਾਤ ਵਿਚ ਹੀ ਸੀ ਅਤੇ ਮੰਜ਼ਿਲ ਬਹੁਤ ਦੂਰ ਸੀ | ਹੁਣ ਉਹਨਾਂ ਕੋਲ ਆਪਣਾ ਘਰ ਸੀ ਕੁਝ ਥੋੜਾ ਬਹੁਤ ਪੈਸਾ ਵੀ ਸੀ ਜੋ ਬੈਂਕ ਵਿਚ ਜਮਾਂ ਕਰਵਾਇਆ ਹੋਇਆ ਸੀ| ਮਨਜੀਤ ਦਾ ਦੱਸ ਲੱਖ ਦਾ ਬੀਮਾ ਵੀ ਕਰਵਾਇਆ ਹੋਇਆ ਸੀ |
ਪ੍ਰੰਤੂ ਜਿੰਦਗੀ ਫੁੱਲਾਂ ਦੀ ਸੇਜ ਨਹੀਂ ਹੁੰਦੀ ਹੈ | ਇਸ ਦੇ ਰਾਹ ਵਿਚ ਬਹੁਤ ਸਾਰੀਆਂ ਔਕੜਾਂ ਹਨ ਜਾਂ ਇਹ ਆਖਿਆ ਜਾ ਸਕਦਾ ਹੈ ਜਿਵੇਂ ਭੂਮੀ ਨੂੰ ਸਿੰਜਣ ਲਈ ਖਾਲ ਨੂੰ ਵਾਰ ਵਾਰ ਸਿਧਾ ਕਰਨਾ ਪੈਂਦਾ ਹੈ ਤਾਂ ਹੀ ਪਾਣੀ ਠੀਕ ਤਰਾਂ ਸਿੰਜਾਈ ਕਰ ਸਕਦਾ ਹੈ ਤੇ ਖੇਤੀ ਹਰੀ ਭਰੀ ਰਹਿ ਸਕਦੀ ਹੈ | ਇਸ ਤਰਾਂ ਜ਼ਿੰਦਗੀ ਦੇ ਰਸਤੇ ਵਿਚ ਬਹੁਤ ਸਾਰੇ ਮੋੜ ਆਓਂਦੇ ਹਨ | ਉਨ੍ਹਾਂ ਮੋੜਾਂ ਉਪਰ ਸਹੀ ਫੈਸਲੇ ਲੈ ਜ਼ਿੰਦਗੀ ਨੂੰ ਸੁਖਾਵੇਂ ਢੰਗ ਨਾਲ ਜੀਵਿਆ ਜਾ ਸਕਦਾ ਹੈ | ਮਨੁੱਖ ਦਾ ਸੁਭਾਅ ਹੈ ਕਿ ਜਿਤਨੀ ਦੇਰ ਘਰ ਦੇ ਅੰਦਰ ਕੋਈ ਰੁੱਖ ਹੁੰਦਾ ਹੈ ਅਸੀਂ ਉਸ ਦੀ ਛਾਂ ਨੂੰ ਮਾਣਦੇ ਰਹਿੰਦੇ ਹਾਂ ਅਤੇ ਜੇ ਕਰ ਉਹ ਰੁੱਖ ਕਿਸੇ ਕਾਰਨ ਵੀ ਘਰ ਵਿਚੋਂ ਹਟਾਉਣਾ ਪੈਂਦਾ ਹੈ ਜਾਂ ਅਚਾਨਕ ਮੀਂਹ ਤੂਫ਼ਾਨ ਆਦਿ ਕਾਰਨ ਰੁੱਖ ਪੁਟਿਆ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਉਸ ਰੁੱਖ ਦੀ ਕੀਮਤ ਸਮਝ ਆਓਂਦੀ ਹੈ ਕਿ ਜਦੋਂ ਇਹ ਰੁੱਖ ਸੀ ਉਸ ਦਾ ਸਾਨੂੰ ਕਿਤਨਾ ਸੁਖ ਸੀ ਅਤੇ ਹੁਣ ਉਸ ਦੇ ਪੁਟੇ ਜਾਣ ਕਾਰਨ ਅਸੀਂ ਉਸ ਰੁੱਖ ਦੇ ਸੁਖ ਤੋਂ ਵਿਰਵੇ ਹੋ ਗਏ ਹਾਂ | ਮਨਜੀਤ ਅਤੇ ਕੁਲਬੀਰ ਆਪਣੇ ਬੱਚੇ ਨਾਲ ਸੈਰ ਲਈ ਸ਼ਿਮਲੇ ਆਪਣੀ ਕਾਰ ਤੇ ਜਾ ਰਹੇ ਸਨ | ਰਸਤੇ ਵਿਚ ਇਕ ਕਾਰ ਦੂਜੇ ਪਾਸੇ ਤੋਂ ਤੇਜ਼ ਸਪੀਡ ਨਾਲ ਆ ਰਹੀ ਸੀ ਇਹਨਾਂ ਦੀ ਕਾਰ ਨਾਲ ਟਕਰਾ ਗਈ | ਦੁਰਘਟਨਾ ਇਤਨੀ ਭਿਆਨਕ ਸੀ ਕਿ ਸਾਹਮਣੇ ਤੋਂ ਆ ਰਹੀ ਕਾਰ ਦੇ ਡ੍ਰਾਈਵਰ ਦੀ ਦੁਰਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ |
ਮਨਜੀਤ ਸੜਕ ਦੇ ਵਿਚਾਲੇ ਡਿਗ ਪਿਆ ਉਸ ਦਾ ਸਿਰ ਸੜਕ ਤੇ ਵਜਿਆ ਤੇ ਉਹ ਬੇਹੋਸ਼ ਹੋ ਗਿਆ | ਕੁਲਬੀਰ ਤੇ ਸੁੱਖਾ ਸੜਕ ਦੇ ਕਿਨਾਰੇ ਵਲ ਡਿਗ ਪਏ | ਕੁਲਬੀਰ ਦੇ ਸਿਰ ਵਿਚ ਕੋਈ ਤਿੱਖੀ ਚੀਜ ਵੱਜ ਗਈ ਤੇ ਸੜਕ ਤੇ ਖੂਨ ਦਾ ਛੱਪੜ ਲੱਗ ਗਿਆ | ਸੁੱਖਾ ਕਚੇ ਥਾਂ ਉਪਰ ਡਿਗਿਆ | ਉਸ ਦੇ ਕੁਝ ਝਰੀਟਾਂ ਹੀ ਆਈਆਂ ਪ੍ਰੰਤੂ ਉਹ ਹੋਸ਼ ਵਿਚ ਹੀ ਸੀ | ਜਦੋਂ ਉਸ ਨੇ ਬਹੁਤ ਸਾਰਾ ਖੂਨ ਡਿਠਾ ਅਤੇ ਆਪਣੇ ਬਾਪ ਨੂੰ ਬੇਹੋਸ਼ ਦੇਖਿਆ ਉਹ ਘਬਰਾ ਗਿਆ | ਛੇਤੀ ਹੀ ਕੋਈ ਹੋਰ ਕਾਰ ਵਾਲਾ ਆਇਆ ਤੇ ਉਸ ਨੇ ਤਰਸ ਕਰ ਤੇ ਸੁੱਖੇ ਦੀ ਬੇਨਤੀ ਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਪੁਚਾਇਆ ਗਿਆ | ਛੇਤੀ ਹੀ ਨਰਸਾਂ ਨੇ ਤੇ ਡਾਕਟਰਾਂ ਨੇ ਸੰਭਾਲ ਸ਼ੁਰੂ ਕਰ ਦਿਤੀ | ਮਨਜੀਤ ਤਾਂ ਰਾਹ ਵਿਚ ਹੀ ਦਮ ਤੌੜ ਗਿਆ | ਕੁਲਬੀਰ ਦੇ ਜ਼ਖਮਾਂ ਤੇ ਟਾਂਕੇ ਲਾਏ ਗਏ ਖੂਨ ਬੰਦ ਕਰਨ ਦਾ ਯਤਨ ਕੀਤਾ ਗਿਆ ਪ੍ਰੰਤੂ ਖੂਨ ਇਤਨਾ ਵਹਿ ਗਿਆ ਕਿ ਡਾਕਟਰਾਂ ਦੀ ਕੋਸ਼ਿਸ਼ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ | ਸੁੱਖੇ ਤੋਂ ਪੁੱਛ ਗਿੱਛ ਕਰ ਪਿੰਡ ਸੁਨੇਹਾ ਭੇਜ ਦਿਤਾ ਗਿਆ | ਸੁੱਖੇ ਉਪਰ ਦੁਖਾਂ ਦਾ ਪਹਾੜ ਡਿਗ ਪਿਆ ਸੀ | ਉਸ ਦੀ ਦੁਨੀਆ ਹੀ ਸੁੰਨੀ ਹੋ ਗਈ ਸੀ | ਉਸ ਦੇ ਸਿਰ ਤੋਂ ਛਾਂ ਉਡ ਪੁਡ ਗਈ ਸੀ | ਉਸ ਨੂੰ ਮਾਪਿਆਂ ਦੇ ਹੁੰਦਿਆਂ ਦੁਨੀਆਦਾਰੀ ਵਲ ਕੋਈ ਧਿਆਨ ਹੀ ਨਹੀਂ ਸੀ ਹੁਣ ਉਸ ਨੂੰ ਸਮਝ ਆ ਰਹੀ ਸੀ ਕਿ ਮਾਪਿਆਂ ਦੀ ਜੀਵਨ ਅੰਦਰ ਕਿਤਨੀ ਲੋੜ ਹੁੰਦੀ ਹੈ | ਉਸ ਨੂੰ ਇਹ ਤਾਂ ਪਤਾ ਸੀ ਕਿ ਉਸ ਦੇ ਬਾਪ ਦਾ ਆਪਣੇ ਛੋਟੇ ਭਰਾ ਨਾਲ ਬੋਲ ਚਾਲ ਨਹੀਂ ਸੀ ਇਸ ਲਈ ਸੁੱਖਾ ਕਦੇ ਵੀ ਆਪਣੇ ਚਾਚੇ ਦੇ ਘਰ ਖੇਡਣ ਲਈ ਨਹੀਂ ਜਾਂਦਾ ਸੀ ਸਗੋਂ ਇਕ ਘਰ ਛੱਡ ਕੇ ਰਹਿੰਦੇ ਸਰਪੰਚ,ਜਿਸ ਨੂੰ ਉਹ ਤਾਇਆ ਆਖਦਾ ਸੀ , ਦੇ ਘਰ ਖੇਡਣ ਲਈ ਜਾਂਦਾ ਸੀ ਤੇ ਉਸ ਦੇ ਮੁੰਡੇ ਰਾਜੂ ਨਾਲ ਹੀ ਖੇਡਦਾ ਸੀ |
ਰਾਜੂ ਭਾਵੇਂ ਉਸ ਤੋਂ ਵੱਡਾ ਸੀ ਪਰ ਫੇਰ ਵੀ ਰਲ ਕੇ ਖੇਡਦੇ ਸਨ | ਸੁੱਖੇ ਨੇ ਡਾਕਟਰ ਨੂੰ ਦੱਸ ਦਿਤਾ ਸੀ ਕਿ ਪਿੰਡ ਸਰਪੰਚ ਦੇ ਘਰ ਸੁਨੇਹਾ ਭੇਜ ਦਿਤਾ ਜਾਵੇ | ਸਰਪੰਚ ਨੂੰ ਜਦੋਂ ਹੀ ਖਬਰ ਮਿਲੀ ਉਹ ਛੇਤੀ ਨਾਲ ਸੁੱਖੇ ਦੇ ਚਾਚੇ ਨੂੰ ਨਾਲ ਲੈ ਕੇ ਹਸਪਤਾਲ ਪੁੱਜ ਗਿਆ | ਸਵਾਰੀ ਦਾ ਪ੍ਰਬੰਧ ਉਹ ਕਰ ਕੇ ਹੀ ਆਇਆ ਸੀ ਉਨ੍ਹਾਂ ਨੇ ਹਸਪਤਾਲ ਵਿਚੋਂ ਮਨਜੀਤ ਤੇ ਕੁਲਬੀਰ ਦੀਆਂ ਲਾਸ਼ਾਂ ਲੈ ਕੇ ਪਿੰਡ ਜਾ ਕੇ ਅੰਤਮ ਰਸਮਾਂ ਨਿਭਾਈਆਂ | ਉਸ ਨੂੰ ਪਤਾ ਸੀ ਮਨਜੀਤ ਦਾ ਆਪਣੇ ਭਰਾ ਨਾਲ ਪਿਆਰ ਬਿਲਕੁਲ ਹੀ ਨਹੀਂ ਸੀ ਸਗੋਂ ਉਨ੍ਹਾਂ ਦਾ ਆਪਸ ਵਿਚ ਝਗੜਾ ਹੀ ਰਹਿੰਦਾ ਸੀ ਜੋ ਉਸ ਨੇ ਕਈ ਵਾਰ ਨਿਪਟਾਇਆ ਸੀ | ਸਾਂਝੀ ਜ਼ਮੀਨ ਦੀ ਵੰਡ ਵੇਲੇ ਤਾਂ ਕਾਫੀ ਝਗੜਾ ਹੋਇਆ ਸੀ ਜਿਸ ਦਾ ਨਿਪਟਾਰਾ ਕਚਹਿਰੀ ਵਿਚ ਜਾ ਕੇ ਹੋਇਆ ਸੀ | ਹੁਣ ਜਦੋਂ ਮਨਜੀਤ ਇਸ ਜਹਾਨ ਤੋਂ ਉਡਾਰੀ ਮਾਰ ਗਿਆ ਸੀ ਅਤੇ ਕੁਲਬੀਰ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ | ਚਾਚੇ ਦੇ ਅੰਦਰ ਸੁੱਖੇ ਦੇ ਲਈ ਪਿਆਰ ਜਾਗ ਪਿਆ ਸੀ | ਸਰਪੰਚ ਨੂੰ ਅਸਲੀਅਤ ਪਤਾ ਸੀ ਕਿ ਇਹ ਪਿਆਰ ਜ਼ਮੀਨ ਹੜੱਪਣ ਲਈ ਹੈ ਅਤੇ ਸਰਪੰਚ ਸੁੱਖੇ ਨੂੰ ਇਸ ਤੋਂ ਬਚਾਉਣਾ ਚਾਹੁੰਦਾ ਸੀ | ਬੀਮੇ ਦੀ ਰਕਮ ਵੀ ਮਿਲਣੀ ਸੀ ਉਸ ਰਕਮ ਤੇ ਰਿਸ਼ਤੇਦਾਰਾਂ ਦੀ ਅੱਖ ਸੀ | ਉਸ ਦੇ ਚਾਚੇ ਨੂੰ ਇਸ ਰਕਮ ਦੇ ਮਿਲਣ ਦਾ ਪਤਾ ਸੀ |
ਇਸ ਲਈ ਉਹ ਚਾਹੁੰਦਾ ਸੀ ਕਿ ਸੁੱਖੇ ਨੂੰ ਆਪਣੇ ਪਿਆਰ ਨਾਲ ਸਮਝਾ ਲਵੇ ਅਤੇ ਜ਼ਮੀਨ ਜੋ ਦੋ ਭਰਾਵਾਂ ਵਿਚ ਵੰਡੀ ਗਈ ਸੀ | ਚਾਰ ਕਿਲੇ ਸੁੱਖੇ ਦੇ ਨਾ ਹੋ ਜਾਣੀ ਸੀ | ਕਿਓਂ ਜੋ ਹਾਲੇ ਉਹ ਛੋਟਾ ਸੀ ਇਸ ਲਈ ਉਸ ਦਾ ਚਾਚਾ ਚਾਹੁੰਦਾ ਸੀ ਕਿ ਉਹ ਜ਼ਮੀਨ ਕਿਸੇ ਢੰਗ ਨਾਲ ਆਪਣੇ ਕੋਲ ਹੀ ਰੱਖ ਲਵੇ | ਇਸ ਲਈ ਵੀ ਉਹ ਸੁੱਖੇ ਨੂੰ ਆਪਣੇ ਨਾਲ ਹੀ ਰੱਖਣਾ ਚਾਹੁੰਦਾ ਸੀ | ਸੁੱਖੇ ਦੇ ਨਾਨਕੇ ਪਰਿਵਾਰ ਵਿਚ ਕੇਵਲ ਇਕ ਮਾਮਾ ਸੀ ਜਿਸ ਨੂੰ ਨਸ਼ਿਆਂ ਤੋਂ ਵੇਹਲ ਨਹੀਂ ਸੀ | ਉਹ ਆਪਣੇ ਘਰ ਦੇ ਸਾਰੇ ਭਾਂਡੇ ਤਕ ਵੇਚ ਚੁਕਾ ਸੀ | ਸੁੱਖੇ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਅਤੇ ਮਾਮਾ ਕਦੇ ਵੀ ਉਸ ਦੀ ਮਾਂ ਦੇ ਕੋਲ ਕਦੇ ਉਹ ਆਇਆ ਹੀ ਨਹੀਂ ਸੀ ਤੇ ਮਾਂ ਵੀ ਉਸ ਨਾਲ ਕੋਈ ਵਰਤ ਵਰਤਾਰਾ ਨਹੀਂ ਰੱਖਦੀ ਸੀ | ਹੁਣ ਜਦੋਂ ਮਾਪਿਆਂ ਨੇ ਇਸ ਜਹਾਨ ਨੂੰ ਛੱਡ ਦਿਤਾ ਸੀ ਮਾਮਾ ਵੀ ਭਾਣਜੇ ਤੇ ਹੱਕ ਜਤਾਉਂਦਾ ਸੀ ਉਸ ਨੂੰ ਪਤਾ ਸੀ ਕਿ ਇਥੋਂ ਉਸ ਦੀ ਨਸ਼ੇ ਦੀ ਪੂਰਤੀ ਸੌਖੀ ਹੋ ਸਕਦੀ ਸੀ | ਸੁੱਖੇ ਦੇ ਚਾਚੇ ਨੂੰ ਮਾਮੇ ਦੀ ਨਸ਼ੇ ਦੀ ਆਦਤ ਦਾ ਪਤਾ ਸੀ | ਉਸ ਨੇ ਸੁੱਖੇ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ ਕਿ ਤੇਰੇ ਹਿਸੇ ਦਾ ਸਾਰਾ ਕੁਝ ਇਹ ਨਸ਼ਿਆਂ ਵਿਚ ਖਤਮ ਕਰ ਦੇਵੇਗਾ | ਪ੍ਰੰਤੂ ਸੁੱਖੇ ਨੂੰ ਪਿੰਡ ਵਿਚੋਂ ਇਹ ਦੱਸ ਦਿਤਾ ਗਿਆ ਸੀ ਕਿ ਤੇਰੇ ਬਾਪ ਦਾ ਤੇਰਾ ਚਾਚੇ ਨਾਲ ਜ਼ਮੀਨ ਦੀ ਵੰਡ ਤੇ ਝਗੜਾ ਹੋ ਗਿਆ ਸੀ ਇਕ ਦੂਜੇ ਦੇ ਸਟਾਂ ਵੀ ਲਗੀਆਂ ਸਨ ਤੇ ਪੰਚਾਇਤ ਨੇ ਸਮਝੌਤਾ ਕਰਵਾਇਆ ਸੀ | ਉਸ ਤੋਂ ਬਾਅਦ ਦੋਵਾਂ ਦਾ ਆਪਿਸ ਵਿਚ ਬੋਲ ਬੁਲਾਰਾ ਵੀ ਬੰਦ ਸੀ | ਇਹ ਸਾਰਾ ਕੁਝ ਜਾਣ ਲੈਣ ਤੋਂ ਬਾਅਦ ਸੁੱਖੇ ਨੇ ਸਰਪੰਚ ਨੂੰ ਆਪਣਾ ਵਾਰਿਸ ਚੁਣ ਲਿਆ ਸੀ | ਸਰਪੰਚ ਦੇ ਸੁੱਖੇ ਦੇ ਬਾਪ ਨਾਲ ਯਰਾਨੇ ਦਾ ਸੁੱਖੇ ਨੂੰ ਭਲੀ ਭਾਂਤ ਪਤਾ ਸੀ | ਅਕਸਰ ਸਰਪੰਚ ਸੁੱਖੇ ਦੇ ਬਾਪ ਨਾਲ ਹੀ ਰਿਹਾ ਕਰਦਾ ਸੀ ਅਤੇ ਲੋੜ ਸਮੇਂ ਆੜ੍ਹਤੀਏ ਕੋਲ ਵੀ ਇਕੱਠੇ ਜਾਂਦੇ ਸੀ | ਉਨ੍ਹਾਂ ਦਾ ਲੈਣ ਦੇਣ ਵੀ ਚਲਦਾ ਹੀ ਰਹਿੰਦਾ ਸੀ | ਰਸਤਿਆਂ ਦਾ ਕੰਮ ਮਨੁੱਖ ਨੂੰ ਆਪਣੀ ਮੰਜ਼ਿਲ ਤਕ ਪੁੱਜਦਾ ਕਰਨਾ ਹੁੰਦਾ ਹੈ |
ਇਸੇ ਕਾਰਨ ਮਨੁੱਖ ਅਸਾਨ ਰਸਤਿਆਂ ਵਲ ਆਕਰਸ਼ਿਤ ਹੋ ਜਾਇਆ ਕਰਦਾ ਹੈ | ਇਹ ਸੰਭਵ ਨਹੀਂ ਹੈ ਮਨੁੱਖ ਅਤੇ ਰਸਤੇ ਨੂੰ ਅੱਡ ਅੱਡ ਕੀਤਾ ਜਾ ਸਕੇ | ਭਾਵੇਂ ਕੋਈ ਵੀ ਖੇਤਰ ਹੋਵੇ ਰਸਤੇ ਦੀ ਅਤੇ ਉਸਦੇ ਦਸੇਰੇ ਦੀ ਲੋੜ ਹੋਇਆ ਕਰਦੀ ਹੈ ਇਸੇ ਕਾਰਨ ਹੀ ਰਸਤਿਆਂ ਦੀ ਮਹੱਤਤਾ ਬਣੀ ਹੋਈ ਹੈ | ਸਿਆਣੇ ਆਖਦੇ ਹਨ ਕਿ ਨਵੀਆਂ ਰਾਹਾਂ ਤੇ ਚਲਣ ਵਾਲੇ ਆਪਣੀ ਜ਼ਿੰਦਗੀ ਵਿਚ ਹਾਰ ਨਹੀਂ ਮੰਨਦੇ |ਅਜਿਹੇ ਲੋਕ ਸਾਰੀ ਉਮਰ ਹੀ ਨਵਾਂ ਕੁਝ ਕਰਦੇ ਰਹਿੰਦੇ ਹਨ | ਇਹੋ ਜਿਹੇ ਲੋਕ ਹੀ ਆਮ ਜਨਤਾ ਲਈ ਰਾਹ ਦਸੇਰਾ ਬਣਦੇ ਰਹਿੰਦੇ ਹਨ | ਸੁੱਖੇ ਦਾ ਸਰਪੰਚ ਤਾਇਆ ਹੀ ਉਸ ਦਾ ਰਾਹ ਦਸੇਰਾ ਬਣਿਆ | ਸਰਪੰਚ ਲਈ ਸੁੱਖੇ ਦੀ ਸੁਰੱਖਿਆ ਅਤੇ ਉਸ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ ਇਕ ਚੁਣੌਤੀ ਬਣਿਆ ਹੋਇਆ ਸੀ | ਉਸ ਨੇ ਹੁਣ ਇਕ ਅਜਿਹੇ ਰਾਹ ਦੀ ਖੋਜ ਕਰ ਸੁੱਖੇ ਨੂੰ ਉਸ ਰਾਹ ਤੇ ਪਾਉਣਾ ਸੀ | ਉਸ ਨੇ ਆਪਣੇ ਯਾਰ ਦੀ ਘਾਟ ਨੂੰ ਸੁੱਖੇ ਲਈ ਪੂਰਾ ਕਰਨਾ ਸੀ ਅਤੇ ਆਪਣੇ ਭਰਾ ਜਿਹੇ ਦੋਸਤ ਦੇ ਸੁਪਨੇ ਪੂਰੇ ਕਰਨ ਲਈ ਯਤਨਸ਼ੀਲ ਹੋਣਾ ਸੀ | ਸਰਪੰਚ ਨੂੰ ਪਤਾ ਸੀ ਕਿ ਸੁੱਖੇ ਦਾ ਬਾਪ ਉਸ ਨੂੰ ਵਧੇਰੇ ਪੜ੍ਹਾਉਣਾ ਚਾਹੁੰਦਾ ਸੀ ਤਾਂ ਜੋ ਉਹ ਵੱਡਾ ਹੋ ਕੇ ਡਾਕਟਰ ਬਣ ਸਕੇ | ਸਰਪੰਚ ਨੂੰ ਮਨ ਅੰਦਰ ਇਹ ਵੀ ਡਰ ਸੀ ਕਿ ਸੁੱਖੇ ਦਾ ਚਾਚਾ ਲਾਲਚ ਵਸ ਸੁੱਖੇ ਦਾ ਨੁਕਸਾਨ ਵੀ ਕਰ ਸਕਦਾ ਹੈ |
ਇਸ ਲਈ ਸਰਪੰਚ ਨੇ ਬਿਨਾ ਕਿਸੇ ਨੂੰ ਖਬਰ ਕੀਤੇ ਸੁੱਖੇ ਨੂੰ ਸ਼ਹਿਰ ਦੇ ਹੋਸਟਲ ਵਿਚ ਰੱਖ ਕੇ ਪੜ੍ਹਾਉਣ ਦਾ ਫੈਸਲਾ ਕਰ ਲਿਆ | ਸਰਪੰਚ ਨੇ ਵਕੀਲ ਨਾਲ ਮਿਲ ਕੇ ਉਸ ਦੀ ਜ਼ਮੀਨ ਆਪਣੇ ਕੋਲ ਹੀ ਰੱਖ ਲਈ ਤੇ ਉਸ ਤੋਂ ਪ੍ਰਾਪਤ ਆਮਦਨ ਸੁੱਖੇ ਦੀ ਪੜ੍ਹਾਈ ਉਪਰ ਲਾਉਣ ਦਾ ਵਿਚਾਰ ਬਣਾ ਲਿਆ | ਬੀਮੇ ਦੀ ਪ੍ਰਾਪਤ ਰਾਸ਼ੀ ਵੀ ਵਕੀਲ ਦੀ ਸਹਾਇਤਾ ਨਾਲ ਇਕ ਬੈਂਕ ਵਿਚ ਰੱਖ ਦਿੱਤੀ ਤਾਂ ਜੋ ਸੁੱਖੇ ਨੂੰ ਵੱਡੇ ਹੋਣ ਤੇ ਪ੍ਰਾਪਤ ਹੋ ਸਕੇ | ਹਰ ਕਿਸਮ ਦੇ ਬੰਦੋਬਸਤ ਕਰਨ ਉਪਰੰਤ ਸੁੱਖੇ ਨੂੰ ਵੱਡੇ ਸ਼ਹਿਰ ਦੇ ਸਕੂਲ ਵਿਚ ਦਾਖਲ ਕਰਵਾ ਦਿਤਾ ਤੇ ਖਰਚ ਲਈ ਰਕਮ ਬੈਂਕ ਰਾਹੀਂ ਭੇਜਣ ਦਾ ਪ੍ਰਬੰਧ ਕਰ ਦਿਤਾ | ਸਰਪੰਚ ਖੇਤੀ ਤੋਂ ਪ੍ਰਾਪਤ ਆਮਦਨ ਬੈਂਕ ਵਿਚ ਜਮਾਂ ਕਰਵਾ ਦਿੰਦਾ ਸੀ ਅਤੇ ਬੈਂਕ ਸਕੂਲ ਨੂੰ ਤੇ ਹੋਸਟਲ ਨੂੰ ਸਮੇਂ ਸਿਰ ਭੇਜ ਦਿੰਦਾ ਸੀ | ਸੁੱਖੇ ਦੀ ਪੜ੍ਹਾਈ ਦਾ ਪ੍ਰਬੰਧ ਕਰ ਕੇ ਸੁਰਖਰੂ ਹੋ ਗਿਆ ਸੀ | ਕਦੇ ਕਦੇ ਸਰਪੰਚ ਸੁੱਖੇ ਕੋਲ ਗੇੜਾ ਮਾਰ ਕੇ ਉਸ ਦੀ ਪੜ੍ਹਾਈ ਤੇ ਹੋਰ ਲੋੜਾਂ ਦਾ ਪਤਾ ਲੈ ਆਇਆ ਕਰਦਾ ਸੀ | ਸਰਪੰਚ ਨੇ ਸੁੱਖੇ ਬਾਰੇ ਆਪਣੇ ਪਰਿਵਾਰ ਵਿਚ ਵੀ ਕਿਸੇ ਨੂੰ ਨਹੀਂ ਦੱਸਿਆ ਸੀ | ਕਿਓਂ ਜੋ ਉਸ ਨੂੰ ਸੁੱਖੇ ਦੇ ਚਾਚੇ ਤੋਂ ਸੁੱਖੇ ਨੂੰ ਕਿਸੇ ਕਿਸਮ ਦਾ ਨੁਕਸਾਨ ਕੀਤੇ ਜਾਣ ਦਾ ਭੈਅ ਸੀ |ਸੁੱਖਾ ਪੜ੍ਹਾਈ ਵਿਚ ਹੁਸ਼ਿਆਰ ਨਿਕਲਿਆ ਕਦੇ ਵੀ ਸਰਪੰਚ ਕਿਸੇ ਕਿਸਮ ਦਾ ਉਲਾਮ੍ਹਾ ਨਹੀਂ ਮਿਲਿਆ ਸੀ | ਸੁੱਖਾ ਦਸਵੀਂ ਵਿਚੋਂ ਪਹਿਲੀ ਪੁਜੀਸ਼ਨ ਲੈ ਕੇ ਪਾਸ ਹੋ ਗਿਆ ਸੀ | ਅਧਿਆਪਕਾਂ ਨੂੰ ਉਸ ਦੇ ਉਦੇਸ਼ ਦਾ ਇਲਮ ਸੀ ਇਸ ਲਈ ਉਨ੍ਹਾਂ ਨੇ ਉਸ ਨੂੰ ਆਪਣੇ ਹੀ ਸਕੂਲ ਵਿਚ +1ਮੈਡੀਕਲ ਦੀ ਪੜ੍ਹਾਈ ਵਿਚ ਦਾਖਲਾ ਦੇ ਦਿਤਾ |
ਸੁੱਖਾ ਪਹਿਲਾਂ ਨਾਲੋਂ ਵੀ ਵਧੇਰੇ ਮੇਹਨਤ ਕਰ ਰਿਹਾ ਸੀ | ਉਸ ਨੇ ਆਪਣੀ ਮੇਹਨਤ ਸਦਕਾ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਨਾਲ +2ਮੈਡੀਕਲ ਦਾ ਇਮਿਤਹਾਨ ਸਾਰੇ ਸਕੂਲ ਵਿਚ ਅਵਲ ਨੰਬਰ ਤੇ ਆ ਕੇ ਪਾਸ ਕਰ ਲਿਆ | ਸਰਪੰਚ ਨੂੰ ਜਦੋਂ ਪਤਾ ਲਗਾ ਉਸ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ| ਹੁਣ ਸੁੱਖੇ ਨੂੰ ਦੁਨੀਆਦਾਰੀ ਦੀ ਕੁਝ ਸਮਝ ਆ ਰਹੀ ਸੀ | ਜਦੋਂ ਸਰਪੰਚ ਮਿਲਦਾ ਸੀ ਉਹ ਉਸ ਨੂੰ ਕਦੇ ਕਦੇ ਘਰ ਦੇ ਹਾਲਤ ਬਾਰੇ ਦਸਦਾ ਰਹਿੰਦਾ ਸੀ |ਸਰਪੰਚ ਨੇ ਸੁੱਖੇ ਨੂੰ ਸਮਝ ਦਿਤਾ ਸੀ ਕਿ ਤੇਰਾ ਬਾਪ ਮਨਜੀਤ ਚਾਹੁੰਦਾ ਸੀ ਕਿ ਤੈਨੂੰ ਡਾਕਟਰ ਬਣਾਉਣਾ ਹੈ | ਇਹ ਗੱਲਾਂ ਸੁਣ ਲੈਣ ਤੋਂ ਬਾਅਦ ਉਹ ਹੋਰ ਵਧੇਰੇ ਮੇਹਨਤ ਕਰਨ ਲੱਗ ਪਿਆ ਸੀ | ਸੁੱਖੇ ਨੇ ਮੁਕਾਬਲੇ ਦਾ ਇਮਿਤਹਾਨ ਚੰਗੇ ਰੁਤਬੇ ਨਾਲ ਕਲੀਅਰ ਕਰ ਲਿਆ ਸੀ | ਸਰਪੰਚ ਨੇ ਉਸ ਨੂੰ ਡਾਕਟਰੀ ਦੇ ਕਾਲਜ ਵਿਚ ਦਾਖਲ ਕਰਵਾ ਦਿਤਾ ਸੀ | ਸਮੇਂ ਸਮੇਂ ਤੇ ਵਕੀਲ ਦੀ ਮਦਦ ਵੀ ਲੈ ਲਈ ਜਾਂਦੀ ਸੀ ਉਸ ਦੀ ਅਗਵਾਈ ਅਨੁਸਾਰ ਮੈਡੀਕਲ ਕਾਲਜ ਦੀ ਚੋਣ ਕੀਤੀ ਗਈ ਸੀ | ਖਰਚ ਦੀ ਕੋਈ ਚਿੰਤਾ ਨਹੀਂ ਸੀ | ਸਮੇਂ ਦੀ ਚਾਲ ਨਾਲ ਸੁੱਖਾ ਪੜ੍ਹਾਈ ਕਰਦਾ ਰਿਹਾ ਅਤੇ ਅਖੀਰ ਸੁੱਖੇ ਤੋਂ ਡਾਕਟਰ ਸੁਖਪਾਲ ਸਿੰਘ ਬਣ ਗਿਆ | ਹਾਲੇ ਉਸ ਨੇ ਐਮ ਬੀ ਬੀ ਐਸ ਹੀ ਪੂਰੀ ਕੀਤੀ ਸੀ | ਪੜ੍ਹਾਈ ਵਿਚ ਦਿਲਚਸਪੀ ਹੋਣ ਕਾਰਨ ਹਾਲੇ ਉਹ ਐਮ ਡੀ ਕਰਨ ਦੀ ਤਮੰਨਾ ਰੱਖਦਾ ਸੀ | ਉਸ ਨੇ ਸਰਪੰਚ ਨਾਲ ਜਾ ਕੇ ਵਕੀਲ ਨਾਲ ਸਲਾਹ ਕਰ ਐਮ ਡੀ ਲਈ ਦਾਖਲਾ ਲੈ ਲਿਆ | ਉਸ ਨੂੰ ਬੀਮੇ ਦੀ ਰਕਮ ਵੀ ਮਿਲਣ ਬਾਰੇ ਵਕੀਲ ਨੇ ਦੱਸ ਦਿਤਾ |
ਉਸ ਨੇ ਸਰਪੰਚ ਨਾਲ ਸਲਾਹ ਕਰ ਆਪਣੀ ਜ਼ਮੀਨ ਉਪਰ ਇਕ ਹਸਪਤਾਲ ਬਣਾਉਣ ਦੀ ਵਿਚਾਰ ਕੀਤੀ | ਸਰਪੰਚ ਨੇ ਚਾਚੇ ਦੀ ਦੁਸ਼ਮਣੀ ਬਾਰੇ ਯਾਦ ਕਰਵਾਇਆ | ਸੁੱਖੇ ਨੇ ਕਿਹਾ ਕਿ ਹੁਣ ਬਹੁਤ ਸਮਾਂ ਗੁਜ਼ਰ ਗਿਆ ਹੈ ਤੇ ਚਾਚੇ ਨੇ ਵੀ ਵਿਚਾਰ ਬਦਲ ਲਿਆ ਹੋਵੇਗਾ | ਸਰਪੰਚ ਨੇ ਸੁੱਖੇ ਨੂੰ ਸਾਵਧਾਨ ਰਹਿਣ ਲਈ ਆਖ ਹਸਪਤਾਲ ਦੇ ਪ੍ਰਾਜੈਕਟ ਲਈ ਹਾਂ ਕਰ ਦਿਤੀ | ਸੁੱਖੇ ਨੇ ਸਰਪੰਚ ਦੀ ਨਿਗਰਾਨੀ ਵਿਚ ਹਸਪਤਾਲ ਦੀ ਇਮਾਰਤ ਬਨਵਾਉਣੀ ਸ਼ੁਰੂ ਕਰ ਦਿਤੀ | ਸੁੱਖੇ ਦਾ ਵਿਚਾਰ ਸੀ ਜਦੋਂ ਤਕ ਉਹ ਐਮ ਡੀ ਕਰੇਗਾ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ | ਮੈਂ ਆ ਕੇ ਉਸ ਹਸਪਤਾਲ ਵਿਚ ਕੰਮ ਸ਼ੁਰੂ ਕਰ ਦੇਵਾਂਗਾ | ਸੁੱਖੇ ਨੇ ਹਸਪਤਾਲ ਦਾ ਨਾਂ ਮਨਜੀਤ-ਕੁਲਬੀਰ ਹਸਪਤਾਲ ਰਖਿਆ | ਉਸ ਦਾ ਉਦਘਾਟਨ ਉਸ ਨੇ ਪਿੰਡ ਦੇ ਸਰਪੰਚ ਤੋਂ ਕਰਵਾਇਆ ਗਿਆ | ਵਾਹਿਗੁਰੂ ਦੀ ਕਿਰਪਾ ਸਦਕਾ ਹਸਪਤਾਲ ਚੰਗਾ ਚਲ ਨਿਕਲਿਆ | ਮਰੀਜ਼ਾਂ ਦੀ ਭੀੜ ਬਣੀ ਰਹਿੰਦੀ ਸੀ | ਹੁਣ ਪਿੰਡ ਵਾਲੇ ਉਸ ਨੂੰ ਡਾਕਟਰ ਸੁਖਪਾਲ ਸਿੰਘ ਆਖਦੇ ਸਨ | ਸੁਖਪਾਲ ਦੀ ਮਸ਼ਹੂਰੀ ਦੂਰ ਦੂਰ ਤਕ ਫੈਲ ਗਈ | ਚਾਚੇ ਹਾਲੇ ਵੀ ਮੂੰਹ ਵੱਟੀ ਫਿਰਦਾ ਸੀ | ਇਕ ਵਾਰ ਸੁਖਪਾਲ ਦੀ ਚਾਚੀ ਨੂੰ ਉਲਟੀਆਂ ਲੱਗ ਗਈਆਂ | ਸ਼ਾਮ ਦਾ ਵੇਲਾ ਸੀ | ਉਲਟੀਆਂ ਰੁਕਣ ਵਿਚ ਨਹੀਂ ਆ ਰਹੀਆਂ ਸਨ |
ਸਰਪੰਚ ਨੂੰ ਪਤਾ ਲੱਗਾ ਉਹ ਪਤਾ ਲੈਣ ਲਈ ਆਇਆ |ਉਸ ਨੇ ਸਲਾਹ ਦਿਤੀ ਕਿ ਚੰਗਾ ਹੈ ਆਪਾਂ ਸੁਖਪਾਲ ਨੂੰ ਵਿਖਾ ਲਈਏ | ਚਾਚਾ ਇਸ ਲਈ ਤਿਆਰ ਨਹੀਂ ਸੀ | ਪਰ ਸਰਪੰਚ ਦੇ ਜ਼ੋਰ ਪਾਉਣ ਤੇ ਉਹ ਸੁਖਪਾਲ ਦੇ ਹਸਪਤਾਲ ਵਿਚ ਚਲੇ ਗਏ | ਚਾਚੇ ਨੂੰ ਦੇਖ ਤੇ ਚਾਚੀ ਦੀ ਹਾਲਤ ਦੇਖ ਸੁਖਪਾਲ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ | ਉਲਟੀਆਂ ਨੂੰ ਅਰਾਮ ਮਿਲਿਆ | ਜਦੋਂ ਉਲਟੀਆਂ ਰੁਕ ਗਈਆਂ ਤਾਂ ਚਾਚੀ ਨੂੰ ਨੀਂਦ ਆ ਗਈ | ਚਾਚੇ ਨੇ ਜਦੋਂ ਦੇਖਿਆ ਕੇ ਲਗਭਗ ਤਿੰਨ ਘੰਟੇ ਘਰੇ ਉਲਟੀਆਂ ਨਹੀਂ ਰੁਕ ਰਹੀਆਂ ਸਨ ਤੇ ਹੁਣ ਹਸਪਤਾਲ ਵਿਚ ਅੱਧੇ ਘੰਟੇ ਵਿਚ ਟਿਕ ਗਈ ਸੀ | ਉਸ ਨੇ ਸੁਖਪਾਲ ਨੂੰ ਵੇਹਲਾ ਦੇਖ ਉਸ ਕੋਲ ਚਲਾ ਗਿਆ | ਗੱਲਾਂ ਬਾਤਾਂ ਵਿਚ ਉਸ ਨੇ ਸੁਖਪਾਲ ਨੂੰ ਕਿਹਾ ਮੈਂ ਬਹੁਤ ਦੇਰ ਤੇਰੀ ਭਾਲ ਕੀਤੀ ਜਦੋਂ ਕੁਝ ਪਤਾ ਨਾ ਲਗਾ ਉਦਾਸ ਹੋ ਕੇ ਬੈਠ ਗਿਆ ਕਿ ਮੇਰੇ ਭਰਾ ਦੀ ਨਿਸ਼ਾਨੀ ਮੈਨੂੰ ਦਿਸਦੀ ਰਹਿ ਸਕਦੀ | ਉਸ ਨਾਲ ਮੇਲ ਮਿਲਾਪ ਰੱਖ ਸਕਦਾ | ਮੈਂ ਆਪਣੇ ਭਰਾ ਨਾਲ ਨਿਕੀ ਜਿਹੀ ਗੱਲ ਉਤੇ ਨਰਾਜ਼ ਹੋ ਚੰਗਾ ਨਹੀਂ ਕੀਤਾ ਇਸ ਗੱਲ ਦਾ ਮੈਨੂੰ ਪਛਤਾਵਾ ਹੋ ਰਿਹਾ ਹੈ ਭਾਵੇਂ ਮੇਰਾ ਪੁੱਤਰ ਵਕੀਲ ਬਣ ਸ਼ਹਿਰ ਵਿਚ ਵਕਾਲਤ ਕਰ ਰਿਹਾ ਹੈ ਪ੍ਰੰਤੂ ਜੇ ਅਸੀਂ ਦੋਵੇਂ ਭਰਾ ਝਗੜਾ ਨਾ ਕਰਦੇ ਤਾਂ ਤੁਸੀਂ ਦੋਵੇਂ ਭਰਾ ਇਕੱਠੇ ਹੀ ਪੜਦੇ ਰਹਿੰਦੇ ਤੇ ਉਹ ਵੀ ਇਕ ਡਾਕਟਰ ਬਣ ਜਾਂਦਾ ਜੋ ਮੇਰੀ ਇੱਛਾ ਸੀ ਪ੍ਰੰਤੂ ਸਾਡੇ ਦੋਵਾਂ ਭਰਾਵਾਂ ਦੇ ਮੂੰਹ ਅੱਡੋ ਅਡ ਹੋ ਜਾਨ ਕਾਰਣ ਆਪਾਂ ਇਕ ਦੂਸਰੇ ਤੋਂ ਦੂਰ ਰਹੇ ਜਿਸ ਦਾ ਮੈਨੂੰ ਪਛਤਾਵਾ ਹੈ |
ਹੁਣ ਤੂੰ ਡਾਕਟਰ ਬਣ ਮੇਰੇ ਭਰਾ ਦੀ ਯਾਦਗਾਰ ਉਨ੍ਹਾਂ ਦੇ ਨਾਂ ਤੇ ਹਸਪਤਾਲ ਖੋਲ ਇਕ ਵਧੀਆ ਕੰਮ ਕੀਤਾ ਹੈ | ਜਿਵੇਂ ਮੈਂ ਪਹਿਲਾਂ ਤੈਨੂੰ ਦੱਸਿਆ ਹੈ ਕਿ ਮੇਰਾ ਲੜਕਾ ਵਕੀਲ ਬਣ ਗਿਆ ਹੈ ਅਤੇ ਸ਼ਹਿਰ ਵਿਚ ਰਹਿ ਰਿਹਾ ਹੈ | ਮੇਰੇ ਤੋਂ ਵੀ ਹੁਣ ਜ਼ਮੀਨ ਤੇ ਕੰਮ ਨਹੀਂ ਹੁੰਦਾ | ਜੇ ਤੂੰ ਹਸਪਤਾਲ ਨੂੰ ਹੋਰ ਵੱਡਾ ਕਰਨਾ ਹੋਵੇ ਤਾਂ ਮੁੰਡੇ ਨਾਲ ਸਲਾਹ ਕਰ ਆਪਣੇ ਹਿਸੇ ਦੀ ਜ਼ਮੀਨ ਤੈਨੂੰ ਆਪਣੀ ਯਾਦਗਾਰ ਬਣਾਉਣ ਲਈ ਦੇ ਸਕਦਾ ਹਾਂ | ਸੁਖਪਾਲ ਸਿੰਘ ਨੇ ਕਿਹਾ ਕਿ ਤੁਸੀਂ ਸਲਾਹ ਕਰ ਮੈਨੂੰ ਦੱਸ ਦੇਣਾ | ਮੈਂ ਵੀ ਸੋਚ ਲਵਾਂਗਾ | ਚਾਚੀ ਚਾਰ ਦਿਨ ਹਸਪਤਾਲ ਵਿਚ ਰਹਿ ਠੀਕ ਹੋ ਗਈ | ਉਹ ਵੀ ਰਾਜ਼ੀ ਹੋ ਪੂਰੀ ਖੁਸ਼ ਸੀ | ਸੁਖਪਾਲ ਨੂੰ ਉਸ ਨੇ ਢੇਰ ਸਾਰੀਆਂ ਅਸੀਸਾਂ ਦਿਤੀਆਂ | ਸਰਪੰਚ ਦਾ ਵੀ ਚਾਚੇ ਨੇ ਧੰਨਵਾਦ ਕੀਤਾ ਕਿ ਤੁਸੀਂ ਸਾਨੂੰ ਵਿਛੜਿਆਂ ਨੂੰ ਮਿਲਾ ਦਿਤਾ ਹੈ | ਜਦੋਂ ਸਰਪੰਚ ਸੁਖਪਾਲ ਨੂੰ ਮਿਲਣ ਆਇਆ ਤਾਂ ਡਾਕਟਰ ਨੇ ਸਰਪੰਚ ਨੂੰ ਦੱਸਿਆ ਕਿ ਚਾਚਾ ਆਪਣੇ ਹਿਸੇ ਦੀ ਜ਼ਮੀਨ ਹਸਪਤਾਲ ਨੂੰ ਦੇਣ ਲਈ ਤਿਆਰ ਹੈ | ਤੁਹਾਡੀ ਕਿ ਰਾਏ ਹੈ | ਸਰਪੰਚ ਨੇ ਹਾਮੀ ਭਰ ਦਿਤੀ | ਉਧਰ ਜਦੋਂ ਡਾਕਟਰ ਦੇ ਚਾਚੇ ਦੀ ਆਪਣੇ ਲੜਕੇ ਨਾਲ ਗੱਲ ਹੋਈ ਉਸ ਨੇ ਆਪਣੀ ਯਾਦਗਾਰ ਬਣਾਉਣ ਬਾਰੇ ਆਪਣੀ ਜ਼ਮੀਨ ਹਸਪਤਾਲ ਲਈ ਦੇਣ ਬਾਰੇ ਵਿਚਾਰ ਕੀਤੀ ਤਾਂ ਉਸ ਨੇ ਵੀ ਹਾਮੀ ਭਰ ਦਿੱਤੀ | ਕੁਝ ਸਮੇਂ ਬਾਅਦ ਜ਼ਮੀਨ ਦੀ ਲਿਖ ਲਿਖਾਈ ਕਰ ਲਈ ਗਈ | ਡਾਕਟਰ ਨੇ ਉਸ ਥਾਂ ਉਪਰ ਨਵੀਂ ਉਸਾਰੀ ਸ਼ੁਰੂ ਕਰਵਾ ਦਿਤੀ | ਸਮੇਂ ਦੀ ਚਾਲ ਨਾਲ ਨਵੀ ਇਮਾਰਤ ਬਣ ਕੇ ਤਿਆਰ ਹੋ ਗਈ | ਉਸ ਦਾ ਉਦਘਾਟਨ ਵੀ ਸਰਪੰਚ ਤੋਂ ਕਰਵਾਇਆ ਗਿਆ | ਨਵੇਂ ਬਲਾਕ ਦਾ ਨਾਂ ਚਾਚੇ ਦੇ ਨਾਂ ਤੇ ਹਰਪਾਲ ਬਲਾਕ ਰਖਿਆ ਗਿਆ |

ਡਾਕਟਰ ਅਜੀਤ ਸਿੰਘ ਕੋਟਕਪੂਰਾ