
ਨਾਗਪੁਰ, 2 ਜਨਵਰੀ – ਨਾਗਪੁਰ ’ਚ ਮੁਲਜ਼ਮ ਦਾ ਪਿਤਾ ਲੀਲਾਧਰ ਢਕੋਲੇ ਕੋਰੜੀ ਪਾਵਰ ਸਟੇਸ਼ਨ ਵਿਚ ਟੈਕਨੀਸ਼ੀਅਨ ਸੀ, ਜਦੋਂ ਕਿ ਮਾਂ ਅਰੁਣਾ ਢਕੋਲੇ ਸੰਗੀਤਾ ਵਿਦਿਆਲਿਆ ਵਿਚ ਅਧਿਆਪਕ ਸੀ। ਵਿਦਿਆਰਥੀ ਨੇ ਵਾਰ-ਵਾਰ ਫ਼ੇਲ ਹੋਣ ‘ਤੇ ਸਵਾਲ ਕੀਤੇ ਜਾਣ ‘ਤੇ ਅਪਣੇ ਮਾਤਾ-ਪਿਤਾ ਦਾ ਕਤਲ ਕਰ ਦਿਤਾ। ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਉਤਕਰਸ਼ ਢਕੋਲੇ (25) ਇੰਜੀਨੀਅਰਿੰਗ ਦੇ ਤੀਜੇ ਸਾਲ ‘ਚ ਹੈ।
ਉਹ ਪਿਛਲੇ ਦੋ ਸਾਲਾਂ ਤੋਂ ਫ਼ੇਲ ਹੋ ਰਿਹਾ ਸੀ। ਉਤਕਰਸ਼ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਇੰਜੀਨੀਅਰਿੰਗ ਛੱਡ ਕੇ ਕੁੱਝ ਹੋਰ ਕਰੇ। ਇਸ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ 26 ਦਸੰਬਰ ਨੂੰ ਅਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਸ਼ਾਮ ਨੂੰ ਜਦੋਂ ਉਸ ਦਾ ਪਿਤਾ ਘਰ ਪਰਤਿਆ ਤਾਂ ਉਸ ਨੇ ਉਸ ਦਾ ਵੀ ਚਾਕੂ ਮਾਰ ਕੇ ਕਤਲ ਕਰ ਦਿਤਾ। ਘਰ ’ਚੋਂ ਬਦਬੂ ਆਉਣ ‘ਤੇ ਗੁਆਂਢੀਆਂ ਨੇ 1 ਜਨਵਰੀ ਨੂੰ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕਤਲ ਕਰਨ ਤੋਂ ਬਾਅਦ ਭੈਣ ਨਾਲ ਚਾਚੇ ਦੇ ਘਰ ਗਿਆ। ਉਤਕਰਸ਼ ਨੇ ਚਾਚੇ ਨੂੰ ਦਸਿਆ ਕਿ ਮਾਤਾ-ਪਿਤਾ ਮੈਡੀਟੇਸ਼ਨ ਪ੍ਰੋਗਰਾਮ ਲਈ ਬੈਂਗਲੁਰੂ ਗਏ ਹੋਏ ਹਨ। ਭੈਣ ਨੂੰ ਵੀ ਕਤਲ ਬਾਰੇ ਪਤਾ ਨਹੀਂ ਸੀ। ਉਤਕਰਸ਼ ਵੀ ਉੱਥੇ ਹੀ ਰੁਕਿਆ, ਬਾਅਦ ‘ਚ ਪੁਲਿਸ ਨੇ ਉਸ ਨੂੰ ਉੱਥੋਂ ਹੀ ਗ੍ਰਿਫ਼ਤਾਰ ਕਰ ਲਿਆ।