
ਜਸਵੰਤ ਗਿੱਲ ਸਮਾਲਸਰ ਦੀ ਕਵਿਤਾ ਉਹ ਕਵਿਤਾ ਨਹੀਂ ਜੋ ਸਿਰਫ ਰੋਮਾਂਸਵਾਦੀ ਹੋਵੇ ਜਾਂ ਕੁਦਰਤ ਦੀਆਂ ਗੱਲਾਂ ਕਰੇ। ਉਹ ਗੱਲ ਕਰਦਾ ਹੈ ਮਨੁੱਖ ਦੇ ਹੱਕਾਂ ਦੀ। ਇਸਕਾਵ ਸੰਗ੍ਰਹਿ ਦੀ ਪਹਿਲੀ ਕਵਿਤਾ ਮੇਰੀ ਕਵਿਤਾ ਵਿੱਚ ਹੀ ਉਹ ਕਹਿੰਦਾ ਹੈ
ਜੇ ਤੁਸੀਂ ਕਵਿਤਾ ਨੂੰ
ਸਿਰਫ ਸਵਾਦ ਲਈ ਪੜ੍ਹਦੇ ਹੋ
ਤਾਂ ਮੇਰੀ ਕਵਿਤਾ
ਤੁਹਾਡੇ ਸਵਾਦ ਨੂੰ
ਕਿਰਕਿਰਾ ਕਰ ਸਕਦੀ ਐ
ਉਸ ਦੀਆਂ ਕਵਿਤਾਵਾਂ ਵਿੱਚ ਪਾਸ਼ ਦੀ ਝਲਕ ਪੈਂਦੀ ਹੈ। ਜਦੋਂ ਉਹ ਕਵਿਤਾ ਦੀ ਤਾਕਤ ਦੀ ਗੱਲ ਕਰਦਾ ਹੈ ਤਾਂ ਉਸਦੇ ਤਰਕ ਬੜੇ ਤਾਕਤਵਰ ਹਨ। ਉਹ ਕਹਿੰਦਾ ਹੈ ਕਿ ਬੇਸ਼ੱਕ ਕਵਿਤਾ ਮਸਲੇ ਦਾ ਹੱਲ ਨਾ ਹੋਵੇ ਪਰ ਉਹ ਤੁਹਾਡੇ ਮਸਲੇ ਨੂੰ ਲੋਕਾਂ ਲਈ ਮਸਲਾ ਬਣਾ ਸਕਦੀ ਹੈ।
ਉਸ ਦੀ ਕਵਿਤਾ ਵਿੱਚ ਕਿਰਤੀਆਂ ਦਾ ਦਰਦ ਹੈ। ਲੁੱਟ ਖਸੁੱਟ ਪ੍ਰਤੀ ਵਿਦਰੋਹ ਹੈ। ਉਸ ਦੀ ਕਵਿਤਾ ਇੱਕ ਆਮ ਮਨੁੱਖ ਦੀ ਜ਼ੁਬਾਨ ਬਣਦੀ ਹੈ ਜੋ ਤਰ੍ਹਾਂ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਦਾ ਸ਼ਿਕਾਰ ਹੈ। ਫਿਰ ਇਹ ਲੁੱਟ ਸਰਕਾਰਾਂ ਵੱਲੋਂ ਹੋਵੇ ਜਾਂ ਕਾਰਪੋਰੇਟੀ ਘਰਾਣਿਆਂ ਵੱਲੋਂ।
ਜਸਵੰਤ ਗਿੱਲ ਸਮਾਲਸਰ ਜੀ ਮੁਹੱਬਤ ਦੀ ਗੱਲ ਕਰਦਾ ਹੈ ਉੱਥੇ ਵੀ ਉਹ ਆਜ਼ਾਦੀ ਦਾ ਹੋਕਾ ਦਿੰਦਾ ਹੈ।
ਮੇਰੀ ਫਿਤਰਤ ਨਹੀਂ ਹੈ
ਉਡਦੇ ਪਰਿੰਦਿਆਂ ਨੂੰ
ਪਿੰਜਰੇ ਚ
ਕੈਦ ਕਰਨ ਦੀ
ਤੂੰ ਆਜ਼ਾਦ ਏਂ
ਇਹ ਧਰਤੀ
ਇਹ ਅਸਮਾਨ
ਸਭ ਤੇਰੇ ਨੇ
ਤੂੰ ਉਡਾਰੀ ਭਰ
ਤੇਰੇ ਪਰ ਕੱਟਾ
ਮੈਂ ਕੋਈ
ਸ਼ਿਕਾਰੀ ਨਹੀਂ।
ਧਾਰਮਿਕ ਸ਼ੋਸ਼ਣ ਵਿਰੁੱਧ ਵੀ ਉਹ ਆਵਾਜ਼ ਉਠਾਉਂਦਾ ਹੈ। “ਨਾਨਕ ਤੇ ਗੋਬਿੰਦ” ਕਵਿਤਾ ਵਿੱਚ ਉਹ ਸਿੱਖ ਧਰਮ ਵਿੱਚ ਆਈਆਂ ਕੁਰੀਤੀਆਂ ਤੇ ਕਰਮਕਾਂਡਾਂ ਬਾਰੇ ਆਵਾਜ਼ ਬੁਲੰਦ ਕਰਦਾ ਹੈ। ਉਹ ਇਸ ਗੱਲ ਨੂੰ ਸਮਝਦਾ ਹੈ ਕਿ ਜਦੋਂ ਵੀ ਹੱਕ ਸੱਚ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਡਰਾਵੇ ਦਿੱਤੇ ਜਾਣਗੇ। ਪਰ ਇਸ ਡਰ ਤੋਂ ਆਵਾਜ਼ ਬੁਲੰਦ ਨਾ ਕੀਤੀ ਜਾਵੇ ਇਹ ਉਸ ਨੂੰ ਮਨਜ਼ੂਰ ਨਹੀਂ। ਉਹ ਹਰ ਤਰ੍ਹਾਂ ਦੀ ਬੇਇਨਸਾਫੀ ਦੇ ਖਿਲਾਫ ਖੁੱਲ ਕੇ ਬੋਲਦਾ ਹੈ।
ਮੁਹੱਬਤ ਵਿੱਚ ਮਹਿਸੂਸ ਕੀਤੇ ਜਾਣ ਵਾਲੇ ਨਿੱਕੇ ਨਿੱਕੇ ਖਦਸ਼ਿਆਂ ਨੂੰ ਉਸਨੇ ਕਵਿਤਾ ਵਿੱਚ ਪਰੋਇਆ ਹੈ।
“ਬੰਦਿਸ਼ਾਂ” ਕਵਿਤਾ ਵਿੱਚ ਇਸ ਬਾਰੇ ਬੜੀ ਖੂਬਸੂਰਤੀ ਨਾਲ ਗੱਲ ਕੀਤੀ ਗਈ ਹੈ। ਮਰਦ ਦੀ ਮਾਨਸਿਕਤਾ ਦੀ ਗੱਲ ਕਰਦਿਆਂ ਉਹ ਲਿਖਦਾ ਹੈ।
ਉਹ ਅਕਸਰ
ਸੋਹਣੀ, ਸ਼ਿੰਗਾਰੀ ਹੋਈ
ਜਿਲਦ ਵਾਲੀ
ਕਿਤਾਬ ਹੀ ਲੱਭਦਾ
ਕਿਉਂਕਿ ਉਸ ਨੂੰ
ਉਹ ਕਿਤਾਬ
ਪੜ੍ਨ ਨਾਲੋਂ
ਘਰ ਦੇ ਸ਼ੋਅ ਕੇਸ ਚ ਪਈ ਜਿਆਦਾ ਜਚਦੀ ਹੈ।
ਇਸੇ ਕਵਿਤਾ ਦੇ ਦੂਜੇ ਭਾਗ ਵਿੱਚ ਕਵੀ ਲਿਖਦਾ ਹੈ
ਉਹ ਸੋਚਦਾ
ਜਿਲਦ ਪੁਰਾਣੀ ਹੋਣ ਨਾਲ
ਕਿਤਾਬ ਰੱਦੀ ਹੋ ਜਾਂਦੀ
ਪੜ੍ਹਨ ਯੋਗ ਨਹੀਂ ਰਹਿੰਦੀ
ਉਸਨੂੰ ਇਹ ਵੀ ਪਤਾ
ਪੁਰਾਣੀ ਜਿਲਦ ਦੀ
ਕਿਤਾਬ ਅੰਦਰ ਲਿਖੇ ਹੋਏ ਅਹਿਸਾਸ ਨਹੀਂ ਮਰਦੇ
ਸ਼ਬਦ ਨਹੀਂ ਬਦਲਤੇ
ਉਹ ਉਹੀ ਰਹਿੰਦੇ ਹਨ
ਜੋ ਕਦੇ ਉਸਨੇ ਪੜੇ ਸਨ
ਸਾਡੇ ਸਮਾਜਿਕ ਵਰਤਾਰਿਆਂ ਬਾਰੇ ਉਹ ਤਿੱਖਾ ਵਿਅੰਗ ਕਸਦਾ ਹੈ। “ਅਸ਼ਲੀਲਤਾ” ਕਵਿਤਾ ਇਸਦੀ ਖੂਬਸੂਰਤ ਉਦਾਹਰਣ ਹੈ।
ਇਸ ਕਾਵਿ ਸੰਗ੍ਰਹਿ ਦੀ ਹਰ ਕਵਿਤਾ ਕਿਸੇ ਸਮਾਜਿਕ ਮਸਲੇ ਕਿਸੇ ਮਾਨਸਿਕ ਗੁੱਥੀ ਜਾਂ ਕਿਸੇ ਵਰਤਾਰੇ ਦੀ ਗੱਲ ਕਰਦੀ ਹੈ। ਜਸਵੰਤ ਗਿੱਲ ਸਮਾਲਸਰ ਦੀ ਇਹ ਕਾਵਿ ਪੁਸਤਕ ਹਰ ਉਸ ਰੰਗ ਨੂੰ ਸਮੋਏ ਹੋਏ ਹੈ ਜੋ ਕਵੀ ਨੂੰ ਆਲੇ ਦੁਆਲੇ ਵਿੱਚ ਨਜ਼ਰ ਆਉਂਦਾ ਹੈ।
ਕਵਿਤਾ ਵਿਚ ਸ਼ਬਦ ਬੜੀ ਖੂਬਸੂਰਤੀ ਨਾਲ ਪਰੋਏ ਹੋਏ ਹਨ। ਕਵੀ ਆਪਣੇ ਆਲੇ ਦੁਆਲੇ ਨੂੰ ਹਰ ਨਜ਼ਰੀਏ ਤੋਂ ਵੇਖਦਾ ਹੈ। ਉਹ ਇੱਕ ਪਾਸੜ ਬਿਆਨਬਾਜ਼ੀ ਨਹੀਂ ਕਰ ਰਿਹਾ। ਉਸ ਦੀ ਦ੍ਰਿਸ਼ਟੀ ਜਿੰਨੀ ਤੇਜ਼ ਹੈ ਉਨ੍ਹੀਂ ਬਰੀਕ ਵੀ ਹੈ। ਸਭ ਤੋਂ ਵੱਡਾ ਗੁਣ ਉਸ ਦੀ ਕਵਿਤਾ ਵਿੱਚ ਕਾਵਿਕਤਾ ਹੈ। ਖੁੱਲੀ ਕਵਿਤਾ ਪੜ੍ਹਦਿਆਂ ਕਈ ਵਾਰ ਕਵਿਤਾ ਵਾਰਤਕ ਮੁਖੀ ਲੱਗਦੀ ਹੈ ਪਰ ਇਸ ਕਾਵਿ ਸੰਗ੍ਰਹਿ ਦੀ ਕਵਿਤਾ ਯਕੀਨਨ ਕਵਿਤਾ ਹੈ।
ਕਵੀ ਨੇ ਬੜੇ ਗੰਭੀਰ ਮੁੱਦਿਆਂ ਨੂੰ ਬੜੇ ਹੀ ਸੋਹਜਮਹੀ ਢੰਗ ਨਾਲ ਛੋਹਿਆ ਹੈ। ਜਿਨਾਂ ਵਰਤਾਰਿਆਂ ਪ੍ਰਤੀ ਉਹ ਵਿਰੋਧ ਜਤਾਉਂਦਾ ਹੈ ਉੱਥੇ ਵੀ ਉਸਦੀ ਭਾਸ਼ਾ ਕਿਤੇ ਅੱਖਰਦੀ ਨਹੀਂ। ਕਵਿਤਾ ਦੀ ਇਹ ਖੂਬੀ ਹੋਣੀ ਚਾਹੀਦੀ ਹੈ ਕਿ ਉਹ ਮਨ ਨੂੰ ਹਲੂਣਾ ਦੇਵੇ ਤੇ ਇਹ ਗੁਣ ਇਸ ਕਾਵ ਸੰਗ੍ਰਹਿ ਦੀ ਹਰ ਕਵਿਤਾ ਵਿੱਚ ਹੈ।
ਮੈਂ ਜਸਵੰਤ ਗਿੱਲ ਸਮਾਲਸਰ ਜੀ ਨੂੰ ਇਸ ਕਾਵਿ ਸੰਗ੍ਰਹਿ ਲਈ ਮੁਬਾਰਕਬਾਦ ਦਿੰਦੀ ਹਾਂ। ਉਹਨਾਂ ਦੀ ਕਲਮ ਤੋਂ ਬਹੁਤ ਉਮੀਦਾਂ ਹਨ। ਅੱਜ ਦੇ ਮਾਹੌਲ ਵਿੱਚ ਅਜਿਹੇ ਕਵੀਆਂ ਤੇ ਉਨਾਂ ਦੀਆਂ ਕਵਿਤਾਵਾਂ ਦੀ ਬੜੀ ਜਰੂਰਤ ਹੈ।
ਹਰਪ੍ਰੀਤ ਕੌਰ ਸੰਧੂ