
ਪੰਜਾਬੀਆਂ ਨੂੰ ਸੰਸਾਰ ਦੇ ਮਿਹਨਤੀ ਕਿਸਾਨ ਅਤੇ ਜਵਾਨ ਸਮਝਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਉਹ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣ ਵਿਚ ਵਿਸ਼ਵਾਸ ਰੱਖਦੇ ਸਨ। ਪਰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਕਿ ਉਹ ਹੌਲੀ-ਹੌਲੀ ਇਨ੍ਹਾਂ ਗੁਣਾਂ ਨੂੰ ਤਿਆਗ ਕੇ ਕਿਸੇ ਹੋਰ ਹੀ ਰਾਹ ਵੱਲ ਤੁਰ ਰਹੇ ਹਨ। ਪੰਜਾਬ ਵਿਚ ਭ੍ਰਿਸ਼ਟਾਚਾਰ, ਮਿਲਾਵਟ ਅਤੇ ਬੇਈਮਾਨੀ ਪੈਰ ਪਸਾਰ ਰਹੇ ਹਨ। ਦੁੱਧ, ਲੱਸੀ ਪੀਣ ਵਾਲੇ ਨਸ਼ਿਆਂ ਵੱਲ ਮੁੱਖ ਮੋੜ ਰਹੇ ਹਨ। ਹੁਣ ਜਿਹੜੀ ਨਵੀਂ ਬਿਮਾਰੀ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ, ਉਸ ਵਿਚ ਵੀ ਪੰਜਾਬੀ ਮੋਹਰੀ ਹੋ ਰਹੇ ਹਨ। ਇਸ ਨਵੀਂ ਬਿਮਾਰੀ ਜਿਸ ਨੂੰ ਸਾਈਬਰ ਕਰਾਈਮ ਆਖਿਆ ਜਾਂਦਾ ਹੈ, ਪੰਜਾਬ ਵਿਚ ਵੀ ਪੈਰ ਪਸਾਰ ਰਹੀ ਹੈ। ਮੈਨੂੰ ਇਹ ਲਿਖਣ ਲਈ ਮਜਬੂਰ ਇਸ ਕਰਕੇ ਹੋਣਾ ਪਿਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਸਾਡੇ ਗੁਆਂਢੀ ਪਰਿਵਾਰ ਨੂੰ 17 ਲੱਖ ਦਾ ਚੂਨਾ ਲੱਗਿਆ ਹੈ। ਉਨ੍ਹਾਂ ਦਾ ਬੇਟਾ ਕੈਨੇਡਾ ਵਿਚ ਹੈ। ਉਸ ਦਿਨ ਮਾਂ ਘਰ ਇਕੱਲੀ ਹੀ ਸੀ। ਉਹ ਪੜ੍ਹੀ-ਲਿਖੀ ਅਤੇ ਅਧਿਆਪਕ ਹੈ। ਬੇਟੇ ਦੀ ਆਵਾਜ਼ ਬਣਾ ਕੇ ਕਿਸੇ ਨੇ ਉਸ ਨੂੰ ਫੋਨ ਕੀਤਾ ਤੇ ਆਪਣੀ ਬੁਰੀ ਹਾਲਤ ਬਿਆਨ ਕਰਦੇ ਹੋਏ ਜਲਦੀ ਪੈਸੇ ਭੇਜਣ ਦੀ ਬੇਨਤੀ ਕੀਤੀ। ਇੱਥੋਂ ਤੱਕ ਆਖਿਆ ਕਿ ਜੇਕਰ ਅੱਜ ਪੈਸੇ ਨਾ ਪਹੁੰਚੇ ਤਾਂ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ। ਆਪਣਾ ਬੈਂਕ ਅਤੇ ਖਾਤਾ ਵੀ ਦੱਸ ਦਿੱਤਾ ਜਿੱਥੇ ਪੈਸੇ ਭੇਜਣੇ ਸਨ। ਮਾਂ ਵਿਚਾਰੀ ਘਬਰਾ ਗਈ। ਬੈਂਕ ਵਿਚ ਜਾ ਕੇ ਆਪਣੀਆਂ ਐੱਫਡੀਆਂ ਤੁੜਵਾਈਆਂ ਤੇ ਬਿਨਾਂ ਸੋਚੇ-ਸਮਝੇ ਪੈਸੇ ਭੇਜ ਦਿੱਤੇ। ਰਾਤ ਨੂੰ ਬੇਟੇ ਦਾ ਫੋਨ ਆਇਆ ਤਾਂ ਮਾਂ ਨੇ ਪੁੱਛਿਆ, ‘‘ਬੇਟਾ ਕੀ ਪੈਸੇ ਮਿਲ ਗਏ ਤੇ ਤੇਰੀ ਮੁਸੀਬਤ ਟਲ ਗਈ ਹੈ?’’ ਬੇਟਾ ਹੈਰਾਨ ਸੀ ਤੇ ਉਸ ਨੇ ਪੁੱਛਿਆ, ‘‘ਕਿਹੜੀ ਮੁਸੀਬਤ ਤੇ ਕਿਹੜੇ ਪੈਸੇ?”
ਮਾਂ ਨੇ ਸਾਰੀ ਵਿਥਿਆ ਸੁਣਾਈ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਠੱਗੇ ਜਾ ਚੁੱਕੇ ਹਨ।ਕੁਝ ਦਿਨ ਪਹਿਲਾਂ ਮੇਰੇ ਨਾਲ ਵੀ ਕੁਝ ਅਜਿਹਾ ਹੋਇਆ ਸੀ। ਕਹਾਣੀ ਨਹੀਂ ਸਗੋਂ ਸੱਚੀ ਆਪ-ਬੀਤੀ ਹੈ। ਮੈਨੂੰ ਸਵੇਰੇ ਕੋਈ 10 ਕੁ ਵਜੇ ਫੋਨ ਆਇਆ। ਮੈਂ ਫੋਨ ਚੁੱਕਿਆ ਤੇ ਅੱਗੋਂ ਆਵਾਜ਼ ਆਈ, ਡਾ. ਰਣਜੀਤ ਸਿੰਘ ਜੀ ਬੋਲ ਰਹੇ ਹਨ। ਮੈਂ ਸੋਚਿਆ ਕਿ ਮੇਰਾ ਕੋਈ ਪਾਠਕ ਹੋਵੇਗਾ, ਦਿਨ ਵਿਚ ਅਜਿਹੇ ਕਈ ਫੋਨ ਆਉਂਦੇ ਹਨ। ਮੇਰੇ ਹਾਂ ਕਹਿਣ ਤੇ ਉਹ ਆਖਣ ਲੱਗਾ, ‘‘ਡਾ. ਸਾਹਿਬ, ਮੈਂ ਤੁਹਡਾ ਬਹੁਤ ਪੁਰਾਣਾ ਪਾਠਕ ਹਾਂ, ਵੈਸੇ ਤੁਹਾਡਾ ਬੇਟਾ ਕਿੱਥੇ ਕੰਮ ਕਰਦਾ ਹੈ’’। ਮੈਨੂੰ ਜਾਪਿਆ ਮੇਰਾ ਕੋਈ ਜਾਣੂ ਹੋਵੇਗਾ। ਇਸ ਕਰਕੇ ਮੈਥੋਂ ਦੱਸਿਆ ਗਿਆ। ਇੱਥੇ ਇਹ ਦੱਸਣਾ ਵੀ ਉੱਚਿਤ ਹੋਵੇਗਾ ਕਿ ਉਹ ਠੇਠ ਪੰਜਾਬੀ ਬੋਲ ਰਿਹਾ ਸੀ। ਉਸ ਅੱਗੋਂ ਦੱਸਿਆ ਕਿ ਮੈਂ ਦਿੱਲੀ ਪੁਲਿਸ ਤੋਂ ਬੋਲ ਰਿਹਾ ਹਾਂ। ਤੁਹਾਡਾ ਬੇਟਾ ਇਕ ਗੰਭੀਰ ਕੇਸ ਵਿਚ ਫਸ ਗਿਆ ਹੈ। ਜਦੋਂ ਮੈਂ ਪੁੱਛਿਆ ਕਿ ਕਿਹੜੇ ਕੇਸ ਵਿਚ ਫਸ ਗਿਆ ਤਾਂ ਉਸ ਆਖਿਆ, ਕਿ ਉਹ ਆਪਣੇ ਦਫ਼ਤਰ ਜਾ ਰਿਹਾ ਸੀ। ਰਾਹ ਵਿਚ ਕਿਸੇ ਨੇ ਉਸ ਤੋਂ ਲਿਫ਼ਟ ਮੰਗੀ ਤਾਂ ਤੁਹਾਡੇ ਬੇਟੇ ਨੇ ਆਪਣੀ ਗੱਡੀ ਵਿਚ ਬਿਠਾ ਲਿਆ।
ਅਸੀਂ ਨਾਕੇ ’ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਬੰਦੇ ਕੋਲੋਂ ਨਸ਼ੇ ਦੀਆਂ ਪੁੜੀਆਂ ਮਿਲੀਆਂ। ਅਸੀਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪਰ ਕਿਉਂਕਿ ਉਹ ਤੁਹਾਡੇ ਬੇਟੇ ਦੀ ਗੱਡੀ ਵਿਚ ਸੀ, ਇਸ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰਨਾ ਪਿਆ। ਮੈਂ ਤੁਹਾਨੂੰ ਇਸ ਕਰਕੇ ਫੋਨ ਕੀਤਾ ਕਿ ਤੁਸੀਂ ਸ਼ਰੀਫ਼ ਆਦਮੀ ਹੋ। ਸਮਾਜ ਵਿਚ ਤੁਹਾਡੀ ਇੱਜ਼ਤ ਹੈ ਤੇ ਤੁਹਾਡਾ ਬੇਟਾ ਵੀ ਚੰਗੇ ਅਹੁਦੇ ਉੱਤੇ ਹੈ। ਜੇਕਰ ਉਸ ਨੂੰ ਸਜ਼ਾ ਹੋ ਗਈ ਤਾਂ ਜ਼ਿੰਦਗੀ ਬਰਬਾਦ ਹੋ ਜਾਵੇਗੀ। ਮੈਂ ਆਖਿਆਂ ਕਿ ਬੇਟੇ ਨਾਲ ਮੇਰੀ ਗੱਲ ਕਰਵਾਓ।” ਉਸ ਨੇ ਆਖਿਆ, ‘‘ਲਓ ਕਰੋ।’’ ਫੋਨ ’ਤੇ ਕੋਈ ਰੋਂਦਾ ਹੋਇਆ ਆਖ ਰਿਹਾ ਸੀ, ‘‘ਡੈਡੀ, ਮੈਨੂੰ ਬਚਾ ਲਵੋ ਤੇ ਉੱਚੀ-ਉੱਚੀ ਰੋਣ ਲੱਗ ਪਿਆ। ਮੈਂ ਉਸ ਨੂੰ ਤਸੱਲੀ ਦਿੱਤੀ ਕਿ ਤੂੰ ਫ਼ਿਕਰ ਨਾ ਕਰ, ਤੈਨੂੰ ਕੁਝ ਨਹੀਂ ਹੋਣ ਦਿੰਦਾ।” ਮੈਂ ਫੋਨ ਕਰਨ ਵਾਲੇ ਨੂੰ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ। ਉਹ ਆਖਣ ਲੱਗਾ ਕਿ ਸਾਡਾ ਸਾਹਿਬ ਪਰੇ ਖੜ੍ਹਾ ਹੈ। ਮੈਂ ਉਸ ਨਾਲ ਗੱਲ ਕਰਦਾਂ ਪਰ ਤੁਸੀਂ ਫੋਨ ਬੰਦ ਨਹੀਂ ਕਰਨਾ। ਦੋ ਕੁ ਮਿੰਟ ਪਿੱਛੋਂ ਮੁੜ ਆਖਣ ਲੱਗਾ ਕਿ ਮੈਂ ਸਾਹਿਬ ਨੂੰ ਬੜੀ ਮੁਸ਼ਕਲ ਨਾਲ ਮਨਾਇਆ ਹੈ। ਚਾਰ ਲੱਖ ਮੰਗ ਰਿਹਾ ਹੈ। ਮੈਂ ਆਖਿਆ, ‘‘ਮੇਰੇ ਕੋਲ ਇੰਨੇ ਪੈਸੇ ਤਾਂ ਨਹੀਂ ਹਨ।’’
ਉਹ ਕਹਿੰਦਾ, ‘‘ਤੁਸੀਂ ਕੀ ਦੇਵੋਗੇ।’’ ਮੈਂ ਆਖਿਆ ਕਿ ਮੈਂ ਤਾਂ ਦੋ ਲੱਖ ਹੀ ਦੇ ਸਕਦਾ ਹਾਂ। ਉਸ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਦਾ ਹਾਂ। ਥੋੜੀ ਦੇਰ ਪਿੱਛੋਂ ਆਖਣ ਲੱਗਾ, ‘‘ਮੈਂ ਬੜੀ ਮੁਸ਼ਕਲ ਨਾਲ ਮਨਾਇਆ ਹੈ। ਤੁਸੀਂ ਇੰਜ ਕਰੋ, ਮੈਂ ਤੁਹਾਨੂੰ ਬੈਂਕ ਤੇ ਖਾਤਾ ਨੰਬਰ ਦੱਸਦਾ ਹਾਂ, ਹੁਣੇ ਪੈਸੇ ਭੇਜ ਦਿਉ ਪਰ ਫੋਨ ਬੰਦ ਨਹੀਂ ਕਰਨਾ। ਤੁਸੀਂ ਫੋਨ ਬੰਦ ਕਰ ਦਿੱਤਾ ਤਾਂ ਸਾਹਿਬ ਨੇ ਚਾਲਾਨ ਕਰ ਦੇਣਾ ਹੈ, ਫਿਰ ਮੈਂ ਕੁਝ ਨਹੀਂ ਕਰ ਸਕਾਂਗਾ।’’ ਉਸ ਨੇ ਦਵਾਰਕਾ ਦੇ ਇਕ ਬੈਂਕ ਦਾ ਨੰਬਰ ਲਿਖਵਾਇਆ ਤੇ ਖਾਤਾਧਾਰਕ ਕੋਈ ਔਰਤ ਸੀ। ਖ਼ੁਸ਼ਕਿਸਮਤੀ ਸਮਝੋ ਕਿ ਮੈਨੂੰ ਮੋਬਾਈਲ ਰਾਹੀਂ ਪੈਸੇ ਭੇਜਣੇ ਨਹੀਂ ਆਉਂਦੇ ਸੀ। ਮੈਂ ਆਖਿਆ ਕਿ ਕੁਝ ਸਮਾਂ ਲੱਗੇਗਾ। ਮੈਂ ਆਪਣੇ ਬੈਂਕ ਜਾ ਕੇ ਪੈਸੇ ਭੇਜਦਾ ਹਾਂ।” ਉਹ ਆਖਣ, ਲੱਗਾ ਇੰਨੀ ਦੇਰ ਸਾਹਿਬ ਨੇ ਉਡੀਕ ਨਹੀਂ ਕਰਨੀ, ਪੈਸੇ ਤਾਂ ਹੁਣੇ ਭੇਜੋ ਨਹੀਂ ਤਾਂ ਚਾਲਾਨ ਭਰਿਆ ਜਾਵੇਗਾ। ਮੈਂ ਬੇਨਤੀ ਕੀਤੀ ਕਿ ਮੈਨੂੰ ਫੋਨ ਰਾਹੀਂ ਪੈਸੇ ਭੇਜਣੇ ਨਹੀਂ ਆਉਂਦੇ, ਮੇਰੀ ਮਜਬੂਰੀ ਹੈ। ਉਹ ਆਖਣ ਲੱਗਾ ਕਿ ਗੁਆਂਢੀ ਰਾਹੀਂ ਭਿਜਵਾ ਦਿਉ। ਮੇਰੀ ਮਜਬੂਰੀ ਸੀ ਤੇ ਓਧਰ ਉਹ ਵੀ ਮੰਨ ਨਹੀਂ ਰਿਹਾ ਸੀ। ਇਸ ’ਤੇ ਮੈਨੂੰ ਸ਼ੱਕ ਹੋ ਗਿਆ ਤੇ ਮੈਂ ਆਖ ਬੈਠਾ ਕਿ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਮੈਨੂੰ ਤਾਂ ਫਰਾਡ ਲੱਗਦਾ ਹੈ।
ਇਹ ਸੁਣ ਕੇ ਉਸ ਨੇ ਫੋਨ ਬੰਦ ਕਰ ਦਿੱਤਾ। ਉਦੋਂ ਹੀ ਮੈਂ ਆਪਣੇ ਬੇਟੇ ਨੂੰ ਫੋਨ ਮਿਲਾਇਆ। ਜਦੋਂ ਉਸ ਨੇ ਦੱਸਿਆ ਕਿ ਉਹ ਤਾਂ ਆਪਣੇ ਦਫ਼ਤਰ ਵਿਚ ਹੈ ਤੇ ਅਜਿਹੀ ਕੋਈ ਘਟਨਾ ਨਹੀਂ ਹੋਈ ਤਾਂ ਮੈਂ ਸ਼ੁਕਰ ਕੀਤਾ ਕਿ ਮੈਂ ਆਪਣੇ-ਆਪ ਨੂੰ ਕੋਸਦਾ ਹੁੰਦਾ ਸਾਂ ਕਿ ਮੈਨੂੰ ਮੋਬਾਈਲ ਰਾਹੀਂ ਪੇਮੈਂਟ ਕਰਨੀ ਨਹੀਂ ਆਉਂਦੀ, ਸਿੱਖਣੀ ਚਾਹੀਦੀ ਹੈ ਪਰ ਉਸ ਦਿਨ ਇਹ ਨਾ ਆਉਣਾ ਮੇਰੇ ਲਈ ਵਰਦਾਨ ਬਣ ਕੇ ਆਇਆ। ਕੁਝ ਦਿਨ ਪਹਿਲਾਂ ਰਾਤ ਦੇ ਦਸ ਕੁ ਵਜੇ ਵ੍ਹਟਸਐਪ ’ਤੇ ਫੋਨ ਆਇਆ। ਮੇਰੇ ਹੈਲੋ ਆਖਣ ’ਤੇ ਉਹ ਬੋਲਿਆ, ‘‘ਮਾਮਾ ਜੀ, ਸਤਿ ਸ੍ਰੀ ਅਕਾਲ, ਕੈਨੇਡਾ ਤੋਂ ਬੋਲ ਰਿਹਾ ਹਾਂ। ਪਹਿਚਾਣਿਆ ਮੈਨੂੰ।’’ ਮੈਂ ਆਖਿਆ, ‘‘ਕੋਸ਼ਿਸ਼ ਕਰ ਰਿਹਾਂ ਪਰ ਯਾਦ ਨਹੀਂ ਆ ਰਿਹਾ’’। ਉਸ ਨੇ ਕਿਹਾ, ਕੋਸ਼ਿਸ਼ ਕਰੋ। ਮੇਰੀ ਇਕ ਦੂਰ ਦੀ ਭੈਣ ਦੇ ਬੱਚੇ ਉੱਥੇ ਰਹਿੰਦੇ ਹਨ। ਮੈਂ ਸੋਚਿਆ ਉਹੀ ਹੋਣਗੇ। ਮੈਂ ਪੁੱਛਿਆ ਕੀ ਕੁਲਵੰਤ ਬੋਲ ਰਿਹਾ ਏਂ। ਉਸ ਨੇ ਆਖਿਆ, ‘‘ਉਹ, ਮਾਮਾ ਜੀ ਤੁਸੀਂ ਪਛਾਣ ਹੀ ਲਿਆ। ਮੈਨੂੰ ਆਪ ਨੂੰ ਮਿਲਿਆਂ ਬਹੁਤ ਸਾਲ ਹੋ ਗਏ। ਇਸ ਉਮਰ ਵਿਚ ਕਿੱਥੇ ਯਾਦ ਰਹਿੰਦਾ ਹੈ।’’ ਉਹ ਪੁੱਛਣ ਲੱਗਾ, ‘‘ਹੋਰ, ਮਾਮਾ ਜੀ, ਮਾਮੀ ਜੀ ਠੀਕ ਹਨ।’’ ਮੈਂ ਕਿਹਾ ਕਿ ਬਿਲਕੁਲ ਠੀਕ ਹਾਂ। ਉਸ ਨੇ ਕਿਹਾ ਕਿ ਮਾਮਾ ਜੀ, ਮੇਰਾ ਇਕ ਕੰਮ ਕਰੋ। ਮੈਂ ਉਸ ਨੂੰ ਕਿਹਾ ਕਿ ਦੱਸ ਕੀ ਕਰਨਾ ਹੈ? ਉਸ ਨੇ ਕਿਹਾ ਕਿ ਮੈਂ ਤੁਹਾਨੂੰ ਕੁਝ ਪੈਸੇ ਭੇਜਣੇ ਹਨ। ਆਪਣਾ ਬੈਂਕ ਦਾ ਨੰਬਰ ਭੇਜੋ।
ਜਦ ਮੈਂ ਉਸ ਨੂੰ ਪੁੱਛਿਆ ਕਿ ਮੈਨੂੰ ਕਿਉਂ ਭੇਜਣੇ ਹਨ, ਆਪਣੇ ਘਰਦਿਆਂ ਨੂੰ ਭੇਜ ਤਾਂ ਉਹ ਕਹਿਣ ਲੱਗਾ,‘‘ ਨਹੀਂ, ਮੈਂ ਉਨ੍ਹਾਂ ਨੂੰ ਨਹੀਂ ਭੇਜਣੇ। ਮੈਂ ਅਗਲੇ ਮਹੀਨੇ ਆਉਣਾ ਹੈ ਤੇ ਤੁਹਾਡੇ ਤੋਂ ਲੈ ਲਵਾਂਗਾ।’’ ਮੈਂ ਉਸ ਨੂੰ ਕਿਹਾ ਕਿ ਨਹੀਂ ਬਈ, ਮੈਂ ਬੁੱਢੇ ਬਰੇ ਇਸ ਝੰਜਟ ’ਚ ਨਹੀਂ ਪੈਣਾ। ਨਾਲੇ ਮੈਨੂੰ ਹੁਣ ਖਾਤਾ ਨੰਬਰ ਵੀ ਜ਼ੁਬਾਨੀ ਯਾਦ ਨਹੀਂ ਹੈ। ਉਹ ਕਹਿਣ ਲੱਗਾ, ‘‘ਪਲੀਜ਼ ਮਾਮਾ ਜੀ, ਇੰਝਜ ਨਾ ਕਰੋ। ਮੈਨੂੰ ਤੁਹਾਡੇ ਨਾਲ ਬਹੁਤ ਲਗਾਅ ਹੈ।’’ ਮੈਂ ਉਸ ਨੂੰ ਕਿਹਾ ਕਿ ਮੇਰੀ ਮਜਬੂਰੀ ਹੈ। ਇਸ ਵੇਲੇ ਰਾਤ ਨੂੰ ਮੈਂ ਪਾਸਬੁੱਕ ਕਿੱਥੋਂ ਲੱਭਦਾ ਫਿਰਾਂਗਾ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ, ‘‘ਅੱਛਾ ਮਾਮਾ ਜੀ, ਮੈਨੂੰ ਤਾਂ ਤੁਹਾਡੇ ਤੋਂ ਬਹੁਤ ਉਮੀਦ ਸੀ।’’
ਮੈਂ ਉਸ ਨੂੰ ਦੱਸਿਆ, ‘‘ਮੇਰੀ ਮਜਬੂਰੀ ਹੈ ਬੇਟਾ। ਸਤਿ ਸ੍ਰੀ ਅਕਾਲ।’’ ਸ਼ਾਇਦ ਮੈਂ ਨੰਬਰ ਦੱਸ ਵੀ ਦਿੰਦਾ ਪਰ ਕੋਸ਼ਿਸ਼ ਕਰਨ ’ਤੇ ਵੀ ਮੈਨੂੰ ਆਪਣਾ ਖਾਤਾ ਨੰਬਰ ਯਾਦ ਨਹੀਂ ਰਹਿੰਦਾ ਕਿਉਂਕਿ ਹੁਣ ਕਾਫ਼ੀ ਲੰਬੇ ਨੰਬਰ ਹੋ ਗਏ ਹਨ। ਇੱਥੇ ਵੀ ਮੇਰੀ ਯਾਦਦਾਸ਼ਤ ਦੀ ਕਮਜ਼ੋਰੀ ਮੇਰੀ ਸਹਾਇਕ ਬਣੀ। ਪਰ ਪੰਜਾਬੀਆਂ ਦਾ ਇਸ ਪਾਸੇ ਤੁਰਨਾ ਬਹੁਤ ਹੀ ਬੁਰਾ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਭੈੜ ਹੋਵੇਗਾ ਜਿਸ ਨੂੰ ਸਾਡੀ ਨਵੀਂ ਪੀੜ੍ਹੀ ਨਹੀਂ ਅਪਣਾ ਰਹੀ। ਵਿਦੇਸ਼ ਤੋਂ ਨਿੱਤ ਖ਼ਬਰਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਪੰਜਾਬੀ ਮੁੰਡਿਆਂ ਤੇ ਕੁੜੀਆਂ ਵੱਲੋਂ ਨਸ਼ਾ ਤਸਕਰੀ, ਗੁੰਡਾਗਰਦੀ ਅਤੇ ਗ਼ਲਤ ਕੰਮ ਕਰਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਿੱਥੇ ਪੰਜਾਬੀ ਵਿਦੇਸ਼ਾਂ ਵਿਚ ਵਪਾਰ, ਖੇਤੀ, ਪੜ੍ਹਾਈ ਅਤੇ ਰਾਜਨੀਤੀ ਵਿਚ ਮੱਲਾਂ ਮਾਰ ਰਹੇ ਹਨ ਉੱਥੇ ਹੀ ਕੁਝ ਬੰਦਿਆਂ ਦੇ ਕਾਰਨਾਮੇ ਕੌਮ ਨੂੰ ਬਦਨਾਮ ਕਰਦੇ ਹਨ।