
ਪਿਛਲੇ ਦਿਨੀਂ ਰਾਹੋਂ ਰੋਡ ਲੁਧਿਆਣਾ ਦੇ ਪਿੰਡ ਰੌੜ ਦੇ ਗੁਰੂਦੁਆਰਾ ਸਾਹਿਬ ਵਿੱਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਰੌੜ ਦੇ ਸੱਦੇ ਉੱਤੇ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਦੇ ਸਹਿਯੋਗ ਨਾਲ ਸਫ਼ਰ ਏ ਸ਼ਹਾਦਤ ਵਿਸ਼ੇ ਤੇ ਧਾਰਮਿਕ ਕਵੀ ਦਰਵਾਰ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਉੱਭਰ ਰਹੇ ਕਲਮਕਾਰਾਂ ਨੇ ਇਕੱਤਰ ਹੋ ਕੇ ਇਨ੍ਹਾਂ ਦਿਨਾਂ ਵਿੱਚ ਚੱਲ ਰਹੇ ਸ਼ਹੀਦੀ ਦਿਹਾੜਿਆਂ ਦੇ ਸਬੰਧੀ ਆਪਣੀਆਂ ਰਚਨਾਵਾਂ ਸਾਂਝੀਆਂ ਕਰਕੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਧਾਰਮਿਕ ਕਵੀ ਦਰਬਾਰ ਵਿੱਚ ਜਿੱਥੇ ਇਲਾਕੇ ਦੇ ਨਵੇਂ ਲੇਖਕਾਂ ਨੇ ਭਾਗ ਲਿਆ ਉੱਥੇ ਬਹੁਪੱਖੀ ਸ਼ਖ਼ਸੀਅਤ ਤੇ ਚਰਚਿੱਤ ਲੇਖਕ ਸੁਖਵਿੰਦਰ ਅਨਹਦ ਸਮੇਤ ਬਿੱਲਾ ਮੱਤੇਵਾੜੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਟਲੀ ਵੱਸਦੇ ਪੰਜਾਬੀ ਲੇਖਕ ਦਲਜਿੰਦਰ ਸਿੰਘ ਰਹਿਲ ਵਲੋਂ ਇਸ ਕਵੀ ਦਰਬਾਰ ਵਿੱਚ ਆਨਲਾਇਨ ਹਾਜ਼ਰੀ ਲਗਵਾਈ ਗਈ। ਹਰਦੀਪ ਸਿੰਘ ਮੰਗਲੀ ਦੁਆਰਾ ਸੰਚਾਲਨ ਕੀਤੇ ਇਸ ਸਮਾਗਮ ਦਾ ਅਰੰਭ ਪ੍ਰਧਾਨ ਡਾ ਕੇਸਰ ਸਿੰਘ ਵਲੋਂ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕੀਤਾ ਗਿਆ। ਜਿਸ ਤੋਂ ਬਾਅਦ ਕਰਮਵਾਰ ਬਲਜਿੰਦਰ ਸਿੰਘ ਮੰਗਲੀ, ਕੇਸਰ ਸਿੰਘ ਰਾਣਾ , ਸੁਖਵਿੰਦਰ ਅਨਹਦ, ਬਿੱਲਾ ਮੱਤੇਵਾੜੀਆ , ਬਲਕਾਰ ਸਿੰਘ ਰੌੜ , ਸ਼ਮਸ਼ੇਰ ਸਿੰਘ ਵਿੱਕੀ ਬੂਥਗੜ੍ਹ , ਜੱਸ ਪੱਕੇਵਾਲਾ, ਹਰਪਾਲ ਸਿੰਘ ਰਠੌਰ ,ਸੁਨੀਲ ਮਹਿਰਾ ,ਹਰਦੀਪ ਸਿੰਘ ਮੰਗਲੀ ਦੁਆਰਾ ਵਿਸ਼ੇ ਨਾਲ ਸਬੰਧਿਤ ਰਚਨਾਵਾਂ, ਗੀਤ ਅਤੇ ਵਿਚਾਰ ਸਾਂਝੇ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਕਵੀ ਦਰਵਾਰ ਵਿੱਚ ਸਰਪੰਚ ਤਰਸੇਮ ਸਿੰਘ ਪਿੰਡ ਰੌੜ, ਸੁਖਵੀਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ, ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਅੰਤ ਵਿੱਚ ਦਲਜਿੰਦਰ ਸਿੰਘ ਰਹਿਲ ਵਲੋਂ ਸਭ ਦਾ ਧੰਨਵਾਦ ਕਰਦਿਆਂ ਇਲਾਕੇ ਵਿਚ ਸ਼ਬਦ ਸਭਿਆਚਾਰ ਦੇ ਪ੍ਰਚਾਰ ਤੇ ਪਸਾਰ ਲਈ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ।