
ਨਵੀਂ ਦਿੱਲੀ, 17 ਦਸੰਬਰ – ਹੁਣ ਡਾਇਬਟੀਜ਼ ਦੇ ਖਤਰੇ ਦਾ ਪਹਿਲਾਂ ਤੋਂ ਪਤਾ ਲਗਾਇਆ ਜਾ ਸਕੇਗਾ। ਇਸ ਨਾਲ ਇਸ ਬਿਮਾਰੀ ਦੀ ਰੋਕਥਾਮ ਦੇ ਨਾਲ-ਨਾਲ ਇਸ ਦੇ ਇਲਾਜ ਵਿਚ ਵੀ ਮਦਦ ਮਿਲੇਗੀ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਮਦਰਾਸ ਡਾਇਬੀਟੀਜ਼ ਰਿਸਰਚ ਫਾਊਂਡੇਸ਼ਨ (ਐੱਮਡੀਆਰਐੱਫ) ਦੇ ਸਹਿਯੋਗ ਨਾਲ ਚੇਨਈ ਵਿਖੇ ਦੇਸ਼ ਦਾ ਪਹਿਲਾ ਡਾਇਬੀਟੀਜ਼ ਬਾਇਓਬੈਂਕ ਸਥਾਪਤ ਕੀਤਾ ਹੈ। ਇਹ ਬਾਇਓਬੈਂਕ ਅਜਿਹੇ ਸਮੇਂ ਵਿੱਚ ਸਥਾਪਤ ਕੀਤਾ ਗਿਆ ਹੈ ਜਦੋਂ ਦੇਸ਼ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕ ਸ਼ੂਗਰ ਦੇ ਸ਼ਿਕਾਰ ਹੋ ਰਹੇ ਹਨ। ਅੰਦਾਜ਼ੇ ਮੁਤਾਬਕ ਭਾਰਤ ਵਿੱਚ 11 ਕਰੋੜ ਤੋਂ ਵੱਧ ਲੋਕ ਇਸ ਤੋਂ ਪੀੜਤ ਹਨ, ਜਦਕਿ 13 ਕਰੋੜ ਤੋਂ ਵੱਧ ਲੋਕਾਂ ਨੂੰ ਸ਼ੂਗਰ ਹੋਣ ਦਾ ਸ਼ੱਕ ਹੈ। ਡਾਇਬਟੀਜ਼ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।ਐੱਮਡੀਆਰਐੱਫ ਦੇ ਚੇਅਰਮੈਨ ਡਾ. ਵੀ ਮੋਹਨ ਨੇ ਕਿਹਾ, ਬਾਇਓਬੈਂਕ ਸ਼ੂਗਰ ਦੇ ਕਾਰਨਾਂ, ਭਾਰਤੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਡਾਇਬਟੀਜ਼ ਅਤੇ ਇਸ ਨਾਲ ਸਬੰਧਤ ਵਿਗਾੜਾਂ ਬਾਰੇ ਖੋਜ ਵਿਚ ਮਦਦ ਕਰੇਗਾ। ਇਸ ਬਾਇਓਬੈਂਕ ਵਿੱਚ ਦੋ ਅਧਿਐਨਾਂ ਨਾਲ ਸਬੰਧਤ ਖੂਨ ਦੇ ਨਮੂਨੇ ਸ਼ਾਮਲ ਹਨ। ਇਨ੍ਹਾਂ ਵਿਚ 2008 ਤੋਂ 2020 ਤੱਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਈ ਪੜਾਵਾਂ ਵਿੱਚ ਕਰਵਾਏ ਗਏ ਆਈਸੀਐੱਮਆਰ ਇੰਡੀਆ ਡਾਇਬੀਟੀਜ਼ ਅਤੇ ‘ਭਾਰਤ ਵਿਚ ਛੋਟੀ ਉਮਰ ਵਿਚ ਡਾਇਬੀਟੀਜ਼ ਵਾਲੇ ਲੋਕਾਂ ਦੀ ਰਜਿਸਟਰੀ’ ਸ਼ਾਮਲ ਹਨ।
ਮੋਹਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਵੱਖ-ਵੱਖ ਕਿਸਮਾਂ ਦੀ ਸ਼ੂਗਰ ਜਿਵੇਂ ਕਿ ਟਾਈਪ 1, ਟਾਈਪ 2 ਅਤੇ ਗਰਭਕਾਲੀ ਸ਼ੂਗਰ ਦੇ ਬਹੁਤ ਸਾਰੇ ਖੂਨ ਦੇ ਨਮੂਨੇ ਭਵਿੱਖ ਦੇ ਅਧਿਐਨ ਅਤੇ ਖੋਜ ਲਈ ਇਕੱਤਰ ਕੀਤੇ ਗਏ ਹਨ। ਬਾਇਓਬੈਂਕ ਸਥਾਪਤ ਕਰਨ ਦੀ ਪ੍ਰਕਿਰਿਆ ਲਗਪਗ ਦੋ ਸਾਲ ਪਹਿਲਾਂ ਸ਼ੁਰੂ ਹੋਈ ਸੀ। ਬਾਇਓਬੈਂਕ ਦੇ ਵੇਰਵੇ ਅਤੇ ਇਸ ਨੂੰ ਸਥਾਪਤ ਕਰਨ ਦੇ ਉਦੇਸ਼ ਬਾਰੇ ਪਿਛਲੇ ਹਫ਼ਤੇ ‘ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ’ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿਚ ਵਿਸਥਾਰ ਵਿੱਚ ਦੱਸਿਆ ਗਿਆ ਹੈ। ਦੁਨੀਆ ਦੇ ਵੱਖ-ਵੱਖ ਬਾਇਓਬੈਂਕਾਂ ਵਿੱਚੋਂ ਸਭ ਤੋਂ ਮਸ਼ਹੂਰ ਬਿ੍ਟੇਨ ਦਾ ਬਾਇਓਬੈਂਕ ਹੈ। ਇਸ ਵਿੱਚ ਪੰਜ ਲੱਖ ਲੋਕਾਂ ਦੇ ਜੈਨੇਟਿਕ, ਜੀਵਨ ਸ਼ੈਲੀ ਅਤੇ ਸਿਹਤ ਸਬੰਧੀ ਜਾਣਕਾਰੀ ਵਾਲਾ ਬਾਇਓਮੈਡੀਕਲ ਡੈਟਾ ਹੈ।
ਨਵੇਂ ਬਾਇਓਮਾਰਕਰ ਦੀ ਪਛਾਣ ਆਸਾਨ ਹੋਵੇਗੀ
ਬਾਇਓਬੈਂਕ ਡਾਇਬੀਟੀਜ਼ ’ਤੇ ਖੋਜ ਕਰਨਾ ਅਤੇ ਨਵੇਂ ਬਾਇਓਮਾਰਕਰਾਂ ਦੀ ਪਛਾਣ ਕਰਨਾ ਆਸਾਨ ਬਣਾਵੇਗਾ। ਇਹ ਅਧਿਐਨਾਂ ਨੂੰ ਸਮੇਂ ਦੇ ਨਾਲ ਡਾਇਬੀਟੀਜ਼ ਦੀ ਤਰੱਕੀ ਅਤੇ ਇਸ ਦੀਆਂ ਪੇਚੀਦਗੀਆਂ ਨੂੰ ਟਰੈਕ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਨਾਲ ਬਿਹਤਰ ਪ੍ਰਬੰਧਨ ਅਤੇ ਰੋਕਥਾਮ ਦੀਆਂ ਰਣਨੀਤੀਆਂ ਬਣ ਸਕਦੀਆਂ ਹਨ। ਬਾਇਓਬੈਂਕ ਬਿਮਾਰੀ ਦੇ ਵਿਰੁੱਧ ਵਿਸ਼ਵ ਵਿਆਪੀ ਲੜਾਈ ਵਿੱਚ ਯੋਗਦਾਨ ਪਾਉਣ ਵਾਲੀ ਖੋਜ ਨੂੰ ਉਤਸ਼ਾਹਿਤ ਕਰਕੇ ਬਿਮਾਰੀ ਬਾਰੇ ਸਾਡੀ ਸਮਝ ਵਿੱਚ ਸੁਧਾਰ ਕਰੇਗਾ।
ਦੇਸ਼ ਵਿੱਚ 31.5 ਕਰੋੜ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ
ਆਈਸੀਐੱਮਆਰ ਇੰਡੀਆ ਡਾਇਬੀਟੀਜ਼ ਸਟੱਡੀ ਕੋਲ ਭਾਰਤ ਦੇ ਹਰ ਰਾਜ ਦੇ 1.2 ਲੱਖ ਲੋਕਾਂ ਦਾ ਡਾਟਾ ਹੈ। ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਵਿਚ 31.5 ਕਰੋੜ ਲੋਕ ਹਾਈ ਬਲੱਡ ਪ੍ਰੈਸ਼ਰ ਅਤੇ 35.1 ਕਰੋੜ ਲੋਕ ਮੋਟਾਪੇ ਤੋਂ ਪ੍ਰਭਾਵਿਤ ਹਨ। ਅਧਿਐਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਘੱਟ ਵਿਕਸਤ ਰਾਜਾਂ ਵਿੱਚ ਸ਼ੂਗਰ ਦਾ ਖ਼ਤਰਾ ਵੱਧ ਰਿਹਾ ਹੈ। 10 ਫੀਸਦੀ ਤੋਂ ਵੀ ਘੱਟ ਭਾਰਤੀ ਸਰੀਰਕ ਗਤੀਵਿਧੀਆਂ ਰਾਹੀਂ ਆਪਣੇ ਸਰੀਰ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ਼ 43.2 ਫ਼ੀਸਦੀ ਲੋਕਾਂ ਨੇ ਹੀ ਸ਼ੂਗਰ ਬਾਰੇ ਸੁਣਿਆ ਹੈ। ਡਾਇਬਟੀਜ਼ ਬਾਰੇ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਅਧਿਐਨ “ਸ਼ੁਰੂਆਤ ਸਮੇਂ ਭਾਰਤ ਵਿੱਚ ਡਾਇਬੀਟੀਜ਼ ਵਾਲੇ ਲੋਕਾਂ ਦੀ ਰਜਿਸਟਰੀ” ਵਿੱਚ ਦੇਸ਼ ਭਰ ਵਿੱਚ ਅੱਠ ਖੇਤਰੀ ਕੈਂਸਰ ਕੇਂਦਰਾਂ (ਆਰਸੀਸੀ) ਨਾਲ ਜੁੜੇ 205 ਕੇਂਦਰਾਂ ਵਿੱਚੋਂ 5,546 ਭਾਗੀਦਾਰ (49.5 ਪ੍ਰਤੀਸ਼ਤ ਪੁਰਸ਼, 50.5 ਪ੍ਰਤੀਸ਼ਤ ਔਰਤਾਂ) ਸ਼ਾਮਲ ਸਨ। ਇਸ ਅਧਿਐਨ ਵਿੱਚ ਟਾਈਪ 1 ਅਤੇ ਟਾਈਪ 2 ਸ਼ੂਗਰ ਵਧੇਰੇ ਆਮ ਪਾਈ ਗਈ। ਇਹ ਅਧਿਐਨ 2006 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਅਜੇ ਵੀ ਜਾਰੀ ਹੈ।