
ਵਾਸ਼ਿੰਗਟਨ, 2 ਦਸੰਬਰ – ਮਾਹਵਾਰੀ ਤੋਂ ਬਾਅਦ ਮਹਿਲਾਵਾਂ ’ਚ ਹਾਰਮੋਨਲ ਬਦਲਾਅ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਿਸਣ ਲੱਗਦੀਆਂ ਹਨ। ਇਨ੍ਹਾਂ ’ਚੋਂ ਵੱਧ ਗਰਮੀ ਦਾ ਅਹਿਸਾਸ ਹੋਣਾ, ਰਾਤ ਨੂੰ ਪਸੀਨਾ ਆਉਣਾ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਬਚਣ ਲਈ ਕਈ ਮਹਿਲਾਵਾਂ ਹਾਰਮੋਨ ਰਿਪਲੇਸਮੈਂਟ ਥੈਰੇਪੀ ਕਰਵਾਉਂਦੀਆਂ ਹਨ। ਇਨ੍ਹਾਂ ’ਚ ਆਮ ਤੌਰ ’ਤੇ ਟਿਬੋਲੋਨ ਤੇ ਐਸਟ੍ਰੋਜਨ-ਪ੍ਰੋਜੈਸਟੋਜ਼ਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਕ ਖੋਜ ’ਚ ਕਿਹਾ ਗਿਆ ਹੈ ਕਿ ਹਾਰਮੋਨ ਥੈਰੇਪੀ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨਾਲ ਦਿਲ ਦੀਆਂ ਬਿਮਾਰੀਆਂ ਤੇ ਖ਼ੂਨ ਦੇ ਕਲੌਟ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ। ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਐਸਟ੍ਰੋਜਨ ਤੇ ਪ੍ਰੋਜੈਸਟੋਜ਼ਨ ਵਾਲੀਆਂ ਗੋਲ਼ੀਆਂ ਦਿਲ ਦੀਆਂ ਬਿਮਾਰੀਆਂ ਤੇ ਖ਼ੂਨ ਦੇ ਧੱਕੇ ਦੇ ਉੱਚ ਖ਼ਤਰੇ ਨਾਲ ਜੁੜੀਆਂ ਹੋਈਆਂ ਹਨ। ਉਥੇ ਹੀ, ਟਿਬੋਲੋਨ ਦਿਲ ਤੇ ਸਟਰੋਕ ਸਮੇਤ ਦਿਲ ਸਬੰਧੀ ਹੋਰਨਾਂ ਬਿਮਾਰੀਆਂ ਦੇ ਵਧਦੇ ਖ਼ਤਰੇ ਨਾਲ ਜੁੜੀ ਹੈ।
ਹਾਲਾਂਕਿ ਇਸ ਵਿਚ ਖ਼ੂਨ ਦੇ ਕਲੌਟ ਜੰਮਣ ਦੀ ਸਮੱਸਿਆ ਨਹੀਂ ਦੇਖੀ ਗਈ। ਇਹ ਦਵਾਈਆਂ ਭਾਰਤ ’ਚ ਵੀ ਮਿਲ ਜਾਂਦੀਆਂ ਹਨ। ਇਹ ਖੋਜ ਬ੍ਰਿਟਿਸ਼ ਮੈਡੀਕਲ ਜਰਨਲ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸਦੇ ਲਈ ਖੋਜੀਆਂ ਨੇ ਪਹਿਲਾਂ ਤੋਂ ਪ੍ਰਕਾਸ਼ਿਤ 138 ਅਧਿਐਨਾਂ ਨੂੰ ਦੇਖਿਆ, ਜਿਨ੍ਹਾਂ ’ਚ 2007 ਤੇ 2020 ਵਿਚਾਲੇ ਸਵੀਡਨ ’ਚ 50-58 ਸਾਲ ਦੀ ਉਮਰ ਦੀਆਂ ਲਗਪਗ 9.2 ਲੱਖ ਮਹਿਲਾਵਾਂ ਸ਼ਾਮਲ ਸਨ। ਟਿਬੋਲੋਨ ਤੇ ਐਸਟ੍ਰੋਜਨ-ਪ੍ਰੋਜੈਸਟੋਜ਼ਨ ਗੋਲ਼ੀਆਂ ਉਨ੍ਹਾਂ ਅੱਠ ਤਰ੍ਹਾਂ ਦੇ ਹਾਰਮੋਨ ਰਿਪਲੇਸਮੈਂਟ ਥੈਰੇਪੀ ’ਚ ਸ਼ਾਮਲ ਸਨ, ਜੋ ਮਹਿਲਾਵਾਂ ਨੂੰ ਸਭ ਤੋਂ ਵੱਧ ਦਿੱਤੀਆਂ ਗਈਆਂ ਸਨ। ਦੋ ਸਾਲਾਂ ’ਚ ਦਿਲ ਸਬੰਧੀ ਘਟਨਾਵਾਂ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਵਰਗੇ ਹੋਰਨਾਂ ਪੱਖਾਂ ਨੂੰ ਟਰੈਕ ਕਰਨ ਲਈ ਰਾਸ਼ਟਰਪੀ ਰਜਿਸਟ੍ਰੀ ਡਾਟਾ ਦੀ ਵਰਤੋਂ ਕੀਤੀ ਗਈ। ਦੋ ਸਾਲਾਂ ਦੇ ਸਮੇਂ ’ਚ 9,19,614 ਮਹਿਲਾਵਾਂ ’ਚੋਂ 24,100 ’ਚ ਦਿਲ ਸਬੰਧੀ ਸਮੱਸਿਆਵਾਂ ਦਰਜ ਕੀਤੀਆਂ ਗਈਆਂ। ਖੋਜੀਆਂ ਨੇ ਕਿਹਾ ਕਿ ਐਸਟ੍ਰੋਜਨ ਤੇ ਪ੍ਰੋਜੈਸਟੋਜ਼ਨ ਜਾਂ ਟਿਬੋਲੋਨ ਵਾਲੀਆਂ ਗੋਲ਼ੀਆਂ ਲੈਣ ਨਾਲ ਇਸਕੇਮਿਕ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਵਿਚ ਖ਼ੂਨ ਦੀਆਂ ਨਾੜੀਆਂ ਦੇ ਸੁੰਗੜਨ ਕਾਰਨ ਦਿਲ ਨੂੰ ਖ਼ੂਨ ਦੀ ਸਪਲਾਈ ਘੱਟ ਹੋ ਜਾਂਦੀ ਹੈ।