
ਚੰਡੀਗੜ੍ਹ, 30 ਨਵੰਬਰ – ਚੰਡੀਗੜ੍ਹ ਕ੍ਰਾਈਮ ਬ੍ਰਾਂਚ, ਜਿਲ੍ਹਾ ਕ੍ਰਾਈਮ ਸੈੱਲ, ਆਪਰੇਸ਼ਨ ਸੈੱਲ ਵੱਲੋ ਸਾਂਝੇ ਤੌਰ ਤੇ ਕੀਤੇ ਗਏ ਆਪਰੇਸ਼ਨ ਤਹਿਤ ਬੰਬ ਧਮਾਕੇ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮਾਂ ਦੀ ਪਛਾਣ ਅਮਿਤ ਅਤੇ ਵਿਨੇ ਵਜੋਂ ਹੋਈ ਹੈ। ਮੁਲਜ਼ਮ ਵਿਨੇ ਹਿਸਾਰ ਜ਼ਿਲ੍ਹੇ ਦੇ ਪਿੰਡ ਟੇਵਾ ਦਾ ਰਹਿਣ ਵਾਲਾ ਹੈ। ਚੰਡੀਗੜ੍ਹ ਕਰਾਈਮ ਬਰਾਂਚ ਜਿਲ੍ਹਾ ਕਰਾਈਮ ਸੈਲ ਅਤੇ ਆਪਰੇਸ਼ਨ ਸੈੱਲ ਦੀਆਂ ਸਾਂਝੀਆਂ ਟੀਮਾਂ ਵੱਲੋਂ ਅਮਿਤ ਅਤੇ ਵਿਨੇ ਨੂੰ ਹਿਸਾਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮਾਂ ਤੋਂ ਕੀਤੀ ਗਈ ਮੁੱਢਲੀ ਪੁੱਛ ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਉਹਨਾ ਨੇ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ ਉਤੇ ਹੀ ਦੋਵੇਂ ਕਲੱਬਾਂ ਦੇ ਬਾਹਰ ਬੰਬ ਧਮਾਕੇ ਕੀਤੇ ਸਨ। ਜਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤਿੰਨ ਦਸੰਬਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਸ਼ਹਿਰ ਵਿਚ ਵੀ.ਵੀ.ਆਈ. ਪੀ ਫੇਰੀ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਨੀਅਰ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਟੀਮਾਂ ਵੱਲੋਂ ਬੰਬ ਧਮਾਕੇ ਕਰਨ ਵਾਲੇ ਦਿਨ ਤੋਂ ਹੀ ਮੁਲਜ਼ਮਾਂ ਦੀ ਪੈੜ ਨੱਪੀ ਜਾ ਰਹੀ ਸੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਕ੍ਰਾਈਮ ਬਰਾਂਚ, ਜਿਲ੍ਹਾ ਕ੍ਰਾਈਮ ਸੈੱਲ ਆਪਰੇਸ਼ਨ ਸੈੱਲ ਦੀਆਂ ਟੀਮਾਂ ਵੱਲੋਂ ਤਕਨੀਕੀ ਜਾਣਕਾਰੀ ਅਤੇ ਗੁਪਤ ਸੂਚਨਾਵਾਂ ਦੇ ਆਧਾਰ ਉੱਤੇ ਕੀਤੀ ਗਈ ਕਾਰਵਾਈ ਵਿੱਚ ਉਹਨਾਂ ਨੂੰ ਇਹ ਸਫਲਤਾ ਮਿਲੀ ਹੈ। ਹਿਸਾਰ ਤੋਂ ਟੀਮਾਂ ਦੋਵੇਂ ਮੁਲਜ਼ਮਾਂ ਨੂੰ ਚੰਡੀਗੜ੍ਹ ਲੈ ਆਈਆਂ ਹਨ। ਜਿਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।