
ਤਰਨ ਤਾਰਨ, 30 ਨਵੰਬਰ – ਸਬ ਡਿਵੀਜ਼ਨ ਭਿੱਖੀਵਿੰਡ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਭੈਣੀ ਗੁਰਮੁਖ ਸਿੰਘ ਤੋਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਗੱਦੀ ਲਗਾਉਂਦੇ ਬਾਬੇ ਵੱਲੋਂ ਭੱਠੇ ਤੇ ਮਜ਼ਦੂਰੀ ਕਰਦੇ ਗਰੀਬ ਪਰਿਵਾਰ ਨੂੰ ਝਾਂਸੇ ਵਿੱਚ ਲੈ ਕੇ ਢਾਈ ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਪਰਿਵਾਰ ਦੇ ਬਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪਾਲ ਸਿੰਘ ਉਰਫ ਜੱਸਾ ਬਾਬਾ ਨੇ ਸਾਡੇ ਨਾਲ ਢਾਈ ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਕਤ ਜਸਪਾਲ ਸਿੰਘ ਉਰਫ ਜੱਸਾ ਬਾਬਾ ਘਰ ਵਿੱਚ ਗੱਦੀ ਲਗਾਉਂਦਾ ਹੈ ਅਤੇ ਪੁੱਛਾਂ ਦੇਣ ਦਾ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਜਿਸ ਕੋਲ ਸਾਡਾ ਪਰਿਵਾਰ ਵੀ ਜਾਣ ਲੱਗ ਪਿਆ ਜਿਸ ਤੋਂ ਬਾਅਦ ਬਾਬੇ ਨੇ ਕਿਹਾ ਕਿ ਮੇਰੀ ਵੱਡੇ ਅਫਸਰਾਂ ਨਾਲ ਗੱਲਬਾਤ ਹੈ ਅਤੇ ਮੈਂ ਤੁਹਾਡੇ ਲੜਕੇ ਨੂੰ ਰੇਲਵੇ ਵਿੱਚ ਭਰਤੀ ਕਰਵਾ ਦੇਵਾਂਗਾ ਅਤੇ ਜਸਪਾਲ ਸਿੰਘ ਨੇ ਸਾਨੂੰ ਭਰੋਸੇ ਵਿੱਚ ਲੈ ਕੇ ਸਾਡੇ ਤੋਂ ਢਾਈ ਲੱਖ ਰੁਪਏ ਠੱਗ ਲਏ।
ਜਿਸ ਸਬੰਧੀ ਸਾਡੇ ਵੱਲੋਂ ਕੁਝ ਸਮਾਂ ਪਹਿਲਾਂ ਥਾਣੇ ਦਰਖਾਸਤ ਵੀ ਦਿੱਤੀ ਗਈ। ਜਿੱਥੇ ਪਿੰਡ ਦੇ ਮੋਹਤਬਰ ਵਿਅਕਤੀਆਂ ਵਿੱਚ ਇਸ ਨੇ ਸਾਡੇ ਨਾਲ ਪੈਸੇ ਵਾਪਸ ਕਰਨ ਦਾ ਇਕਰਾਰਨਾਮਾ ਵੀ ਕੀਤਾ। ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਇਹ ਪੈਸੇ ਵਿਆਜ ਤੇ ਲੈ ਕੇ ਇਸ ਨੂੰ ਦਿੱਤੇ ਸਨ ਤੇ ਵਿਆਜ ਵੱਧਦਾ ਜਾ ਰਿਹਾ ਸੀ ਜਿਸ ਦੀ ਚਿੰਤਾ ਕਾਰਨ ਸਾਡੇ ਪਿਤਾ ਦੀ ਵੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਉਹਨਾਂ ਦੇ ਪੈਸੇ ਵਾਪਸ ਕਰਵਾਉਣ ਅਤੇ ਜਸਪਾਲ ਸਿੰਘ ਉੱਪਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਪਿੰਡ ਭੈਣੀ ਗੁਰਮੁਖ ਸਿੰਘ ਦੇ ਜਸਪਾਲ ਸਿੰਘ ਉਰਫ ਬਾਬਾ ਜੱਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਠੱਗੀ ਕੀਤੀ ਉਹ ਹੋਰ ਲੋਕ ਹਨ ਜਿਨ੍ਹਾਂ ਨੇ ਸਾਡੇ ਵੀ ਪੈਸੇ ਦੱਬੇ ਹਨ ਜੇਕਰ ਸਾਨੂੰ ਅੱਗੋਂ ਮਿਲ ਜਾਣਗੇ ਤਾਂ ਇਹਨਾਂ ਨੂੰ ਵੀ ਮਿਲ ਜਾਣਗੇ।