26, ਨਵੰਬਰ – ਔਰਤਾਂ ਲਈ ਉਨ੍ਹਾਂ ਦੇ ਘਰ ਹੀ ਸਭ ਤੋਂ ਖ਼ਤਰਨਾਕ ਸਥਾਨ ਬਣ ਗਏ ਹਨ। ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਸਾਲ ਹਰ ਰੋਜ਼ ਔਸਤਨ 140 ਔਰਤਾਂ ਅਤੇ ਕੁੜੀਆਂ ਦਾ ਕਤਲ ਉਨ੍ਹਾਂ ਦੇ ਘਰਾਂ ’ਚ ਹੀ ਉਨ੍ਹਾਂ ਦੇ ਸਾਥੀਆਂ ਜਾਂ ਪਰਵਾਰ ਦੇ ਜੀਆਂ ਨੇ ਕਰ ਦਿਤਾ। ਸੰਯੁਕਤ ਰਾਸ਼ਟਰ ਮਹਿਲਾ ਅਤੇ ਸੰਯੁਕਤ ਰਾਸ਼ਟਰ ਦੇ ਡਰੱਗਜ਼ ਐਂਡ ਕ੍ਰਾਈਮ ਦਫਤਰ (ਯੂ.ਐਨ. ਆਫਿਸ ਆਨ ਡਰੱਗਜ਼ ਐਂਡ ਕ੍ਰਾਈਮ) ਨੇ ਕਿਹਾ ਕਿ ਵਿਸ਼ਵ ਪੱਧਰ ’ਤੇ 2023 ਦੌਰਾਨ ਲਗਭਗ 51,100 ਔਰਤਾਂ ਅਤੇ ਲੜਕੀਆਂ ਦੀ ਮੌਤ ਲਈ ਇਕ ਨਜ਼ਦੀਕੀ ਸਾਥੀ ਜਾਂ ਪਰਵਾਰਕ ਮੈਂਬਰ ਜ਼ਿੰਮੇਵਾਰ ਹੈ, ਜਦਕਿ 2022 ਵਿਚ ਇਹ ਗਿਣਤੀ 48,800 ਸੀ।
ਔਰਤਾਂ ਵਿਰੁਧ ਹਿੰਸਾ ਦੇ ਖਾਤਮੇ ਲਈ ਕੌਮਾਂਤਰੀ ਦਿਵਸ ਦੇ ਮੌਕੇ ’ਤੇ ਜਾਰੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਵਾਧਾ ਵਧੇਰੇ ਕਤਲਾਂ ਦਾ ਨਤੀਜਾ ਨਹੀਂ ਹੈ, ਬਲਕਿ ਮੁੱਖ ਤੌਰ ’ਤੇ ਦੇਸ਼ਾਂ ਤੋਂ ਉਪਲਬਧ ਵਧੇਰੇ ਅੰਕੜਿਆਂ ਕਾਰਨ ਹੋਇਆ ਹੈ। ਏਜੰਸੀ ਨੇ ਜ਼ੋਰ ਦੇ ਕੇ ਕਿਹਾ, ‘‘ਹਰ ਥਾਂ ਔਰਤਾਂ ਅਤੇ ਕੁੜੀਆਂ ਲਿੰਗ ਅਧਾਰਤ ਹਿੰਸਾ ਦੇ ਇਸ ਅਤਿਅੰਤ ਰੂਪ ਤੋਂ ਪ੍ਰਭਾਵਤ ਹੋ ਰਹੀਆਂ ਹਨ ਅਤੇ ਕੋਈ ਵੀ ਖੇਤਰ ਬਚਿਆ ਨਹੀਂ ਹੈ। ਘਰ ਔਰਤਾਂ ਅਤੇ ਕੁੜੀਆਂ ਲਈ ਸੱਭ ਤੋਂ ਖਤਰਨਾਕ ਜਗ੍ਹਾ ਹੈ।’’ ਰੀਪੋਰਟ ਅਨੁਸਾਰ, ਨਜ਼ਦੀਕੀ ਸਾਥੀਆਂ ਅਤੇ ਪਰਵਾਰਕ ਮੈਂਬਰਾਂ ਵਲੋਂ ਕੀਤੇ ਗਏ ਕਤਲਾਂ ਦੀ ਸੱਭ ਤੋਂ ਵੱਧ ਗਿਣਤੀ ਅਫਰੀਕਾ ’ਚ ਹੋਈ, ਜਿੱਥੇ 2023 ’ਚ ਔਰਤਾਂ ਦਾ ਅਨੁਮਾਨਤ 21,700 ਸ਼ਿਕਾਰ ਹੋਇਆ। ਅਫ਼ਰੀਕਾ ’ਚ ਅਪਣੀ ਆਬਾਦੀ ਦੇ ਮੁਕਾਬਲੇ ਸੱਭ ਤੋਂ ਵੱਧ ਪੀੜਤ ਸਨ, ਪ੍ਰਤੀ 100,000 ਲੋਕਾਂ ’ਤੇ 2.9 ਪੀੜਤ ਸਨ। (ਪੀਟੀਆਈ)
ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਮਰੀਕਾ ’ਚ ਇਹ ਦਰ ਹੋਰ ਵੀ ਜ਼ਿਆਦਾ ਸੀ, ਜਿੱਥੇ ਪ੍ਰਤੀ 1 ਲੱਖ ’ਤੇ 1.6 ਔਰਤਾਂ ਪੀੜਤ ਸਨ, ਜਦਕਿ ਓਸ਼ੇਨੀਆ ’ਚ ਇਹ ਗਿਣਤੀ 1.5 ਪ੍ਰਤੀ 1 ਲੱਖ ਸੀ। ਏਸ਼ੀਆ ’ਚ ਇਹ ਦਰ ਬਹੁਤ ਘੱਟ ਸੀ, ਪ੍ਰਤੀ 1 ਲੱਖ .8 ਪੀੜਤਾਂ ਦੇ ਨਾਲ, ਜਦਕਿ ਯੂਰਪ ’ਚ ਇਹ ਪ੍ਰਤੀ 1 ਲੱਖ 0.6 ਸੀ। ਰੀਪੋਰਟ ਮੁਤਾਬਕ ਯੂਰਪ ਅਤੇ ਅਮਰੀਕਾ ’ਚ ਔਰਤਾਂ ਦਾ ਕਤਲ ਜਾਣਬੁਝ ਕੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਵਲੋਂ ਕੀਤਾ ਜਾਂਦਾ ਹੈ। ਇਸ ਦੇ ਉਲਟ, ਮਰਦਾਂ ਦੇ ਜ਼ਿਆਦਾਤਰ ਕਤਲ ਘਰ ਤੋਂ ਬਾਹਰ ਹੁੰਦੇ ਹਨ। ਰੀਪੋਰਟ ’ਚ ਕਿਹਾ ਗਿਆ ਹੈ ਕਿ ਹਾਲਾਂਕਿ ਕਤਲ ਦੇ ਜ਼ਿਆਦਾਤਰ ਪੀੜਤ ਮਰਦ ਅਤੇ ਮੁੰਡੇ ਹਨ ਪਰ ਨਿੱਜੀ ਖੇਤਰ ’ਚ ਹਿੰਸਾ ਕਾਰਨ ਔਰਤਾਂ ਅਤੇ ਕੁੜੀਆਂ ਪ੍ਰਭਾਵਤ ਹੋ ਰਹੀਆਂ ਹਨ।