ਵੱਡੀ ਪੱਧਰ ‘ਤੇ ਪੰਜਾਬੀ ਪਿਆਰੇ ਪੰਜਾਬੀ ਬੋਲੀ ਦੇ ਵਰਤਮਾਨ,ਭਵਿੱਖ ਬਾਰੇ ਵਿਚਾਰ ਕਰ ਰਹੇ ਹਨ। ਇਹਨਾਂ ਚੁੰਝ ਚਰਚਾਵਾਂ ਵਿੱਚੋਂ ਕੀ ਸਿੱਟੇ ਨਿਕਲਦੇ ਹਨ?ਇਹ ਤਾਂ ਸਮਾਂ ਹੀ ਦੱਸੇਗਾ। ਪਰ ਪੰਜਾਬੀ ਦੇ ਸਿਰਮੌਰ ਲੇਖਕਾਂ,ਵੱਡੀਆਂ ਸਾਹਿਤਕ ਸੰਸਥਾਵਾਂ ਵਿੱਚ ਧੜੇਬੰਦੀ ਅਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਦੌਰ ਜਾਰੀ ਹੈ।
ਸਾਹਿਤ ਅਕਾਦਮੀਆਂ,ਯੂਨੀਵਰਸਿਟੀਆਂ,ਵੱਡੇ ਕਾਲਜਾਂ ‘ਚ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਦੇ ਨਾਂ ‘ਤੇ ਸੈਮੀਨਾਰ ਹੋ ਰਹੇ ਹਨ।ਵੱਡੀਆਂ ਰਕਮਾਂ ਖਰਚੀਆਂ ਜਾ ਰਹੀਆਂ ਹਨ।ਆਪੋ-ਆਪਣੇ ਧੜੇ ਦੇ ਬੁੱਧੀਜੀਵੀਆਂ ਨੂੰ ਸੱਦ ਕੇ ਧੜੇ ਪਾਲ਼ੇ ਜਾ ਰਹੇ ਹਨ।
ਪੰਜਾਬੀ ਦੇ ਪੰਜਾਬ ‘ਚ ਹਾਲਾਤ ਕੀ ਹਨ?ਜ਼ਮੀਨੀ ਪੱਧਰ ‘ਤੇ ਪੰਜਾਬੀ ਦੀ ਸਕੂਲਾਂ,ਕਾਲਜਾਂ, ਸਰਕਾਰੀ ਦਫਤਰਾਂ, ਕਚਹਿਰੀਆਂ,ਕਾਰੋਬਾਰੀ ਸੰਸਥਾਵਾਂ ‘ਚ ਜੋ ਦੁਰਦਸ਼ਾ ਹੋ ਰਹੀ ਹੈ, ਕੀ ਉਸ ਸੰਬੰਧੀ ਇਹ ਲੇਖਕ, ਪੰਜਾਬੀ-ਪਿਆਰੇ ਜਾਣੂ ਨਹੀਂ? ਪੰਜਾਬੀ ਦੀ ਜੋ ਜੱਖਣਾ ਇਸ ਸਮੇਂ ਪੁੱਟੀ ਜਾ ਰਹੀ ਹੈ,ਉਸ ਪ੍ਰਤੀ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੀ ਕਮੀ ਹੋ ਗਈ ਹੈ।ਪੰਜਾਬੀ ਲਈ ਸਜਾਵਟ ਹੈ,ਦਿਖਾਵਟ ਹੈ।ਪੰਜਾਬੀ ਲੇਖਕਾਂ ਦੀਆਂ ਛਪ ਰਹੀਆਂ ਪੁਸਤਕਾਂ ਦੇ ਹਾਲਾਤ ਕੀ ਹਨ?ਸਨਮਾਨ ਕਿਹਨਾਂ ਨੂੰ ਬਖਸ਼ੇ ਜਾ ਰਹੇ ਹਨ?ਪੰਜਾਬੀ ਦੇ ਅਖਬਾਰਾਂ,ਰਸਾਲਿਆਂ ਦੇ ਪਾਠਕ ਕਿੱਡੀ ਹੇਠਲੀ ਪੱਧਰ ‘ਤੇ ਪੁੱਜ ਗਏ ਹਨ?ਇਸ ਬਾਰੇ ਚਰਚਾ ਕਰਨੀ ਨਿਰਾਰਥਕ ਜਾਪਣ ਲੱਗ ਪਈ ਹੈ।
ਹਾਂ, ਇੱਕ ਹਾਂ ਪੱਖੀ ਰੁਝਾਨ ,ਪੰਜਾਬੀ ਵਿਹੜੇ ‘ਚ ਵੇਖਣ ਨੂੰ ਮਿਲਣ ਲੱਗਾ ਹੈ। ਥਾਂ-ਥਾਂ ਪੰਜਾਬੀ ਪੁਸਤਕ ਮੇਲੇ ਲੱਗਣ ਲੱਗੇ ਹਨ।ਕਿਤਾਬਾਂ ਵੀ ਵਿਕਣ ਲੱਗੀਆਂ ਹਨ।ਪਿਛਲੇ ਦਿਨੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਏ ਸਮਾਗਮ ਦੌਰਾਨ 25 ਲੱਖ ਦੀਆਂ ਪੁਸਤਕਾਂ ਵਿਕੀਆਂ ਅੰਮ੍ਰਿਤਸਰ, ਲੁਧਿਆਣਾ ਪੁਸਤਕ ਮੇਲਿਆਂ ਚ ਚੰਗੀ ਵੱਟਤ ਹੋਈ ਹੈ।ਇਹ ਸ਼ੁਭ ਸ਼ਗਨ ਹੈ!