ਮਨ ਤੇ ਤਨ ਦੀ ਇਕ ਸੁਰਤਾਹੀ ਜੀਵਨ ’ਚ ਬਖ਼ਸ਼ਦੀ ਹੈ ਬੁਲੰਦੀਆਂ

ਮਨ ਤੇ ਤਨ ਦੇ ਰਿਸ਼ਤੇ ਨੂੰ ਵਿਚਾਰਨ ਵਾਸਤੇ ਇਨ੍ਹਾਂ ਦੋਵਾਂ ਦੀਆਂ ਡੂੰਘੀਆਂ ਪਰਤਾਂ ਨੂੰ ਫਰੋਲਣਾ ਪੈਂਦਾ ਹੈ। ਅਸੀਂ ਕਈ ਵਾਰ ਆਖ ਦਿੰਦੇ ਹਾਂ ਕਿ ਯਾਰ ਮੇਰਾ ਮਨ ਨਹੀਂ ਮੰਨਦਾ। ਇਸ ਦਾ ਭਾਵ ਇਹ ਹੁੰਦਾ ਹੈ ਕਿ ਸਾਡਾ ਤਨ ਭਾਵੇਂ ਤਿਆਰ ਹੋਵੇ ਪਰ ਮਨ ਨਹੀਂ ਮੰਨਦਾ। ਜਦੋਂ ਤਕ ਤਨ ਤੇ ਮਨ ਦਾ ਆਪਸੀ ਸੁਮੇਲ ਨਹੀਂ ਹੁੰਦਾ, ਉਦੋਂ ਤਕ ਕਾਰਜ ਸਫਲ ਨਹੀਂ ਹੁੰਦੇ। ਬਾਲ ਅਵਸਥਾ ’ਚ ਬੱਚੇ ਦਾ ਧਿਆਨ ਖੇਡਣ-ਮੱਲ੍ਹਣ ’ਚ ਹੁੰਦਾ ਹੈ। ਉਸ ਦੇ ਮਾਪੇ ਤੇ ਅਧਿਆਪਕ ਉਸ ਨੂੰ ਆਖਦੇ ਹਨ ਕਿ ਉਹ ਪੜ੍ਹਾਈ ’ਚ ਧਿਆਨ ਲਾਵੇ ਪਰ ਉਸ ਦਾ ਮਨ ਆਖਦਾ ਹੈ ਕਿ ਛੱਡ ਪਰ੍ਹਾਂ ਕੀ ਕਰਨਾ ਪੜ੍ਹਾਈ ਨੂੰ, ਤੂੰ ਖੇਡ ਤੇ ਮੌਜਾਂ ਮਾਣ। ਬਚਪਨ ਦੀਆਂ ਮੌਜਾਂ ਬਹੁਤੀ ਦੇਰ ਨਹੀਂ ਲੱਭਦੀਆਂ। ਅੱਜ-ਕੱਲ੍ਹ ਤਾਂ ਮਾਪੇ ਢਾਈ-ਤਿੰਨ ਸਾਲ ਦੇ ਬੱਚੇ ਨੂੰ ਹੀ ਨਰਸਰੀ ਵਿਚ ਦਾਖ਼ਲ ਕਰਵਾ ਦਿੰਦੇ ਹਨ। ਨਰਸਰੀ ਵਿਚ ਭਾਵੇਂ ਖੇਡਣ-ਮੱਲ੍ਹਣ ਦੀਆਂ ਬਹੁਤ ਸਾਰੀਆਂ ਤਕਨੀਕਾਂ ਮੌਜੂਦ ਹੁੰਦੀਆਂ ਹਨ ਪਰ ਉਹ ਆਪਣੇ ਮਨ ਦੀ ਮੌਜ ਨਹੀਂ ਕਰ ਸਕਦਾ। ਉਸ ਦੀ ਅਗਵਾਈ ਨਰਸਰੀ ਟੀਚਰ ਕਰਦੇ ਹਨ। ਜਿਵੇਂ ਉਹ ਗਾਈਡ ਕਰਦੇ ਹਨ ਤਾਂ ਉਹ ਉਸੇ ਤਰ੍ਹਾਂ ਕਰਦਾ ਰਹਿੰਦਾ ਹੈ।

ਮਨ ਅੰਦਰ ਨਿਰਮਲਤਾ ਰਹਿਣੀ ਚਾਹੀਦੀ ਕਾਇਮ

ਸਿਆਣੇ ਆਖਦੇ ਹਨ ਕਿ ਸਾਨੂੰ ਆਪਣੇ ਮਨ ਵਿੱਚੋਂ ਬਚਪਨ ਨੂੰ ਨਹੀਂ ਗਵਾਉਣਾ ਚਾਹੀਦਾ ਯਾਨੀ ਮਨ ਅੰਦਰ ਨਿਰਮਲਤਾ ਸਦਾ ਕਾਇਮ ਰਹਿਣੀ ਚਾਹੀਦੀ ਹੈ। ਜੇ ਅੱਜ ਅਸੀਂ ਸਮੱਸਿਆਵਾਂ ਨਾਲ ਉਲਝੇ ਪਏ ਹਾਂ ਤਾਂ ਉਸ ਦਾ ਮੁੱਖ ਕਾਰਨ ਇਹੀ ਹੈ ਕਿ ਅਸੀਂ ਆਪਣੇ ਵਿੱਚੋਂ ਬਚਪਨੇ ਨੂੰ ਮਾਰ ਦਿੱਤਾ ਹੈ। ਬਚਪਨ ’ਚ ਨਾ ਕੋਈ ਵੈਰੀ ਹੁੰਦਾ ਹੈ ਤੇ ਨਾ ਕੋਈ ਬੇਗ਼ਾਨਾ। ਸਾਰਾ ਸੰਸਾਰ ਤੇ ਆਲਾ-ਦੁਆਲਾ ਆਪਣਾ-ਆਪਣਾ ਹੁੰਦਾ ਹੈ। ਹਰ ਕਿਸੇ ਨਾਲ ਮੁਹੱਬਤ ਕਰਨ ਨੂੰ ਜੀਅ ਕਰਦਾ ਹੈ। ਵੈਰ-ਵਿਰੋਧ ਦੀਆਂ ਗੱਲਾਂ ਤਾਂ ਕਿਤੇ ਨੇੜੇ-ਤੇੜੇ ਵੀ ਨਹੀਂ ਹੁੰਦੀਆਂ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਉਸ ਦਾ ਘਰੇਲੂ ਮਾਹੌਲ ਉਸ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਤਾ-ਪਿਤਾ ਤੇ ਭੈਣਾਂ-ਭਰਾਵਾਂ ਦਾ ਆਪਸੀ ਪਿਆਰ ਤੇ ਲੜਾਈ ਉਸ ਦੇ ਮਨ ’ਤੇ ਡੂੰਘਾ ਅਸਰ ਪਾਉਂਦੇ ਹਨ।

ਜੇ ਪਰਿਵਾਰ ’ਚ ਰਿਸ਼ਤਿਆਂ ਦੀ ਕਦਰ ਤੇ ਰਿਸ਼ਤਿਆਂ ਦਾ ਆਦਰ ਹੈ ਤਾਂ ਉਸ ਬੱਚੇ ਅੰਦਰ ਖ਼ੁਦ-ਬ-ਖ਼ੁਦ ਨੈਤਿਕ ਕਦਰਾਂ-ਕੀਮਤਾਂ ਪੈਦਾ ਹੋ ਜਾਂਦੀਆਂ ਹਨ। ਜੇ ਘਰੇਲੂ ਮਾਹੌਲ ਤਣਾਅ ਵਾਲਾ ਹੈ ਤਾਂ ਉਸ ਦਾ ਬਚਪਨ ਵੀ ਤਣਾਅ ਭਰਪੂਰ ਬਣ ਜਾਂਦਾ ਹੈ। ਅਜਿਹੇ ਹਾਲਾਤ ’ਚ ਬਚਪਨ ਨੂੰ ਸੰਭਾਲਣ ਦੀ ਜ਼ਰੂਰਤ ਹੁੰਦੀ ਹੈ। ਬੱਚੇ ਨੂੰ ਘਰ ਤੇ ਸਕੂਲ ’ਚ ਹਾਂ-ਪੱਖੀ ਮਾਹੌਲ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਉਸ ਅੰਦਰ ਉਚੇਰੀਆਂ ਕਦਰਾਂ-ਕੀਮਤਾਂ ਦਾ ਸੰਚਾਰ ਹੋਵੇ। ਹੁਣ ਗੱਲ ਕਰਨੀ ਬਣਦੀ ਹੈ ਤਨ ਤੇ ਮਨ ਦੀ ਏਕਤਾ ਦੀ। ਜੇ ਸਾਡੇ ਤਨ ਤੇ ਮਨ ਦੀ ਏਕਤਾ ਨਹੀਂ ਤਾਂ ਕੋਈ ਵੀ ਕਾਰਜ ਸਫਲ ਨਹੀਂ ਹੋ ਸਕਦਾ। ਇਸੇ ਕਰਕੇ ਕਿਹਾ ਗਿਆ ਹੈ, ‘ਸ਼ੁੱਧ ਮਨ ਹੋਵੇ ਤਨ ਮਾਰਦਾ ਉਡਾਰੀਆਂ।’ ਮਨ ਦੀ ਨਿਰਮਲਤਾ ਨਾਲ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਜਾ ਸਕਦੀਆਂ ਹਨ। ਜੇ ਸਾਡੇ ਮਨ ਅੰਦਰ ਦੂਈ ਦਵੈਤ ਭਰੀ ਪਈ ਹੈ ਤਾਂ ਸ਼ੁੱਭ ਵਿਚਾਰ ਮਨ ’ਚ ਦਾਖਲ ਨਹੀਂ ਹੋ ਸਕਦੇ।

ਸ਼ੁੱਭ ਤੇ ਉਚੇਰੇ ਵਿਚਾਰ ਹੀ ਸਾਨੂੰ ਉਚੇਰੀਆਂ ਮੰਜ਼ਿਲਾਂ ਦੇ ਪਾਂਧੀ ਬਣਾਉਂਦੇ ਹਨ। ਇਹ ਵਿਚਾਰ ਸਾਨੂੰ ਸੱਚੀ-ਸੁੱਚੀ ਸੰਗਤ, ਮਾਪਿਆਂ ਤੇ ਅਧਿਆਪਕਾਂ ਤੋਂ ਮਿਲਦੇ ਹਨ। ਇਸ ਲਈ ਬਚਪਨ ਵਿਚ ਬਾਲ ਮਨ ਨੂੰ ਸ਼ਿੰਗਾਰਨ ਤੇ ਸੰਵਾਰਨ ਵਾਸਤੇ ਮਾਪਿਆਂ ਤੇ ਅਧਿਆਪਕਾਂ ਨੂੰ ਸੁਚੇਤ ਹੋਣਾ ਪੈਂਦਾ ਹੈ। ਜਿਹੜੇ ਮਾਪੇ ਬੱਚਿਆਂ ਦੇ ਮਨ ’ਚ ਸ਼ੁੱਧ ਵਿਚਾਰ ਭਰ ਦਿੰਦੇ ਹਨ, ਉਹ ਬੱਚੇ ਹਮੇਸ਼ਾ ਸ਼ੁੱਭ ਕਾਰਜ ਕਰਦੇ ਹਨ। ਸ਼ੁੱਭ ਕਾਰਜਾਂ ਕਰਕੇ ਹੀ ਸਾਡੀ ਸ਼ਖ਼ਸੀਅਤ ਦਾ ਨਿਰਮਾਣ ਹੁੰਦਾ ਹੈ। ਮਨੁੱਖ ਦੀ ਪਛਾਣ ਕਾਰਜਾਂ ਕਰਕੇ ਹੁੰਦੀ ਹੈ ਨਾ ਕਿ ਨਾਂ ਕਰਕੇ। ਚੰਗੇ ਕੰਮਾਂ ਵਾਲੇ ਇਨਸਾਨ ਨੂੰ ਹਰ ਕੋਈ ਜਾਣਦਾ ਤੇ ਪਛਾਣਦਾ ਹੁੰਦਾ। ਕੁਝ ਲੋਕ ਨਾਂ ਦੀ ਖ਼ਾਤਰ ਪੁੱਠੇ-ਸਿੱਧੇ ਕੰਮ ਕਰਨ ਲੱਗ ਪੈਂਦੇ ਹਨ। ਉਹ ਨਾਂ ਤਾਂ ਕਮਾ ਲੈਂਦੇ ਹਨ ਪਰ ਨਾਂ ਨਹੀਂ ਕਮਾਇਆ ਜਾਂਦਾ। ਨਾਂ ਕਮਾਉਣ ਵਾਸਤੇ ਨਿਰਸਵਾਰਥੀ ਕਾਰਜਾਂ ਦੀ ਜ਼ਰੂਰਤ ਹੁੰਦੀ ਹੈ। ਨਿਰਸਵਾਰਥੀ ਭਾਵਨਾ ਨਾਲ ਕੀਤਾ ਕਾਰਜ ਕਦੇ ਵਿਅਰਥ ਨਹੀਂ ਜਾਂਦਾ। ਇਸ ਲਈ ਸਾਨੂੰ ਲੋੜ ਹੈ ਕਿ ਅਸੀਂ ਹਮੇਸ਼ਾ ਆਪਣੇ ਮਨ ਦੀ ਸ਼ੋਭਾ ਨੂੰ ਕਾਇਮ ਰੱਖੀਏ।

ਨਰੋਆ ਸਾਹਿਤ ਸਿੱਧ ਹੋ ਸਕਦਾ ਸੰਜੀਵਨੀ

ਜਿਹੜੇ ਬੱਚੇ ਆਪਣੇ ਮਨ ਦੀ ਨਿਰਮਲਤਾ ਨੂੰ ਕਾਇਮ ਰੱਖਦੇ ਹਨ, ਉਨ੍ਹਾਂ ਦਾ ਸਮਾਜ ਵਿਚ ਮਾਣ-ਸਨਮਾਨ ਵੱਧਦਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਉਹ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਦੇ ਹੋਰ ਅੱਗੇ ਤੋਂ ਅਗੇਰੇ ਵਧਦੇ ਜਾਂਦੇ ਹਨ। ਉਹ ਹਰ ਖੇਤਰ ਵਿਚ ਸਨਮਾਨਯੋਗ ਥਾਂ ਹਾਸਿਲ ਕਰ ਲੈਂਦੇ ਹਨ। ਕਾਰਨ ਇਹੋ ਹੁੰਦਾ ਹੈ ਕਿ ਉਹ ਸ਼ੁੱਧ ਮਨ ਦੇ ਨਾਲ ਤਨ ਦੇ ਕਾਰਜ ਕਰਦੇ ਹਨ। ਜੇ ਸਾਡੇ ਮਨ ਵਿਚ ਦੂਈ-ਦਵੈਤ, ਵੈਰ-ਵਿਰੋਧ ਤੇ ਈਰਖਾ ਭਾਵਨਾ ਨਹੀਂ ਤਾਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹਾਂ। ਖੋਜੀ ਦੱਸਦੇ ਹਨ ਕਿ ਅਸੀਂ ਉਲਟੀਆਂ-ਸਿੱਧੀਆਂ ਵਿਚਾਰਾਂ ਨਾਲ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਮਨ ਦੀ ਸ਼ੁੱਧਤਾ ਵਾਸਤੇ ਸਾਨੂੰ ਚੰਗੀ ਸੰਗਤ ਕਰਨੀ ਚਾਹੀਦੀ ਹੈ। ਨਰੋਆ ਸਾਹਿਤ ਸਾਡੇ ਲਈ ਸੰਜੀਵਨੀ ਸਿੱਧ ਹੋ ਸਕਦਾ ਹੈ। ਉੱਚ ਦਰਜੇ ਦੇ ਸਾਹਿਤ ਦੇ ਪਾਠਕ ਬਣ ਕੇ ਅਸੀਂ ਤਨ ਤੇ ਮਨ ਨੂੰ ਨਰੋਆ ਕਰ ਸਕਦੇ ਹਾਂ। ਫਿਰ ਸਾਡੇ ਅੱਗੇ ਕੋਈ ਵੀ ਔਕੜ ਖੜ੍ਹ ਨਹੀਂ ਸਕਦੀ।

ਚੰਗੇ ਤੇ ਮਾੜੇ ਵਿਚਾਰਾਂ ਦੀ ਹਮੇਸ਼ਾ ਚੱਲਦੀ ਜੰਗ

ਮਨ ਵਿਚ ਚੰਗੇ ਅਤੇ ਮਾੜੇ ਵਿਚਾਰਾਂ ਦੀ ਹਮੇਸ਼ਾ ਜੰਗ ਚੱਲਦੀ ਰਹਿੰਦੀ ਹੈ। ਸੂਝਵਾਨ ਲੋਕ ਚੰਗੇ ਵਿਚਾਰਾਂ ਨੂੰ ਅਪਣਾ ਲੈਂਦੇ ਹਨ ਤੇ ਬੁਰੇ ਵਿਚਾਰਾਂ ਨੂੰ ਪਿੱਛੇ ਪਾ ਦਿੰਦੇ ਹਨ। ਕਈ ਵਾਰੀ ਅਸੀਂ ਮਨ ਦੇ ਪ੍ਰਭਾਵ ਹੇਠਾਂ ਆ ਕੇ ਬੁਰੇ ਕੰਮਾਂ ’ਚ ਪੈ ਜਾਂਦੇ ਹਾਂ। ਅਜਿਹੀ ਅਵਸਥਾ ਤੋਂ ਬਚਣ ਦਾ ਇੱਕੋ ਇਕ ਤਰੀਕਾ ਹੈ ਕਿ ਮਨ ਨੂੰ ਗਿਆਨ ਦਾ ਕੁੰਡਾ ਮਾਰ ਕੇ ਰੱਖਿਆ ਜਾਵੇ। ਮਾਪੇ ਤੇ ਅਧਿਆਪਕਾਂ ਦੇ ਕਹਿਣੇਕਾਰ ਬਣ ਕੇ ਅਸੀਂ ਜੀਵਨ ਵਿਚ ਸੁੱਖ ਪ੍ਰਾਪਤ ਕਰ ਸਕਦੇ ਹਾਂ। ਅਸਲੀ ਸੁੱਖ ਸਾਡੇ ਮਨ ਦੀ ਅਵਸਥਾ ਹੈ। ਇਹ ਅਵਸਥਾ ਤਦ ਉਪਜਦੀ ਹੈ, ਜਦੋਂ ਅਸੀਂ ਮਨ ਨੂੰ ਨਿਰਮਲ ਰੱਖਦੇ ਹੋਏ ਸਰਬੱਤ ਦੇ ਭਲੇ ਲਈ ਕਾਰਜ ਕਰਦੇ ਹਾਂ। ਹਰ ਪਾਸੇ ਮੁਹੱਬਤਾਂ ਦੇ ਛੱਟੇ ਦਿੰਦੇ ਹਾਂ।

ਜਿਨ੍ਹਾਂ ਦਾ ਮਨ ਸਾਫ਼ ਹੁੰਦਾ ਹੈ, ਉਨ੍ਹਾਂ ਨੂੰ ਆਲਾ-ਦੁਆਲਾ ਵੀ ਚੰਗਾ-ਚੰਗਾ ਲੱਗਦਾ ਹੈ। ਉਹ ਅੱਗੇ ਵਧਦੇ ਹੋਏ ਕਿਸੇ ਦਾ ਨੁਕਸਾਨ ਨਹੀਂ ਕਰਦੇ ਸਗੋਂ ਆਲੇ-ਦੁਆਲੇ ਨੂੰ ਵੀ ਅਗੇਰੇ ਤੋਰਦੇ ਹਨ। ਜੇ ਅਸੀਂ ਇਸ ਸੰਸਾਰ ਵਿਚ ਆਪਣੀ ਗਿਣਤੀ ਚੰਗੇ ਇਨਸਾਨਾਂ ’ਚ ਕਰਵਾਉਣੀ ਚਾਹੁੰਦੇ ਹਾਂ ਤਾਂ ਸਾਨੂੰ ਸ਼ੁੱਧ ਮਨ ਨਾਲ ਨਿਰਮਲ ਕਾਰਜ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਕੁਦਰਤ ਦੁਆਰਾ ਬਖ਼ਸ਼ੀਆਂ ਨਿਅਮਤਾਂ ਦੀ ਕਦਰ ਕਰਦੇ ਹੋਏ ਇਸ ਸੰਸਾਰ ਦੀ ਭਲਾਈ ਵਿਚ ਹੀ ਸਾਡੀ ਭਲਾਈ ਹੈ। ਨਾ ਕੋ ਵੈਰੀ, ਨਾ ਹੀ ਬੇਗ਼ਾਨਾ ਦੇ ਵਿਚਾਰ ਨੂੰ ਹਮੇਸ਼ਾ ਮਨ ਵਿਚ ਸੰਭਾਲ ਕੇ ਰੱਖਣਾ ਚਾਹੀਦਾ ਹੈ। ਮਨ ਤੇ ਤਨ ਦੀ ਇਕ ਸੁਰਤਾਹੀ ਸਾਨੂੰ ਜੀਵਨ ਵਿਚ ਬੁਲੰਦੀਆਂ ਬਖ਼ਸ਼ਦੀ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...