ਪਰਥ, 22 ਨਵੰਬਰ – ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਪਰਥ ਦੀ ਤੇਜ਼ ਵਿਕਟ ‘ਤੇ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ਾਂ ਦੇ ਅੱਗੇ ਦਮ ਤੋੜ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਆਪਣੀ ਪਹਿਲੀ ਪਾਰੀ ‘ਚ 150 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ ਅਤੇ ਪੈਟ ਕਮਿੰਸ ਨੇ ਵੀ ਦੋ-ਦੋ ਵਿਕਟਾਂ ਲਈਆਂ। ਮਿਸ਼ੇਲ ਮਾਰਸ਼ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਭਾਰਤ ਲਈ ਡੈਬਿਊ ਕਰਨ ਵਾਲੇ ਨਿਤੀਸ਼ ਕੁਮਾਰ ਰੈੱਡੀ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਲਈ ਯਸ਼ਸਵੀ ਜੈਸਵਾਲ ਖਾਤਾ ਵੀ ਨਹੀਂ ਖੋਲ੍ਹ ਸਕੇ। ਉਸ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਆਏ ਦੇਵਦੱਤ ਪਡਿਕਲ ਵੀ ਜ਼ੀਰੋ ‘ਤੇ ਪੈਵੇਲੀਅਨ ਪਰਤ ਗਏ। ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਵੀ ਜ਼ਿਆਦਾ ਦੇਰ ਕ੍ਰੀਜ਼ ‘ਤੇ ਟਿਕ ਨਹੀਂ ਸਕੇ। ਉਹ ਪੰਜ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਜੋਸ਼ ਹੇਜ਼ਲਵੁੱਡ ਨੇ ਵਿਰਾਟ ਨੂੰ ਉਸਮਾਨ ਖਵਾਜਾ ਹੱਥੋਂ ਕੈਚ ਆਊਟ ਕਰਵਾਇਆ।
ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਆਏ ਕੇਐਲ ਰਾਹੁਲ 74 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਆਊਟ ਹੋ ਗਏ ਫਿਰ ਧਰੁਵ ਜੁਰੇਲ 11 ਦੌੜਾਂ ਬਣਾ ਕੇ ਅਤੇ ਵਾਸ਼ਿੰਗਟਨ ਸੁੰਦਰ ਚਾਰ ਦੌੜਾਂ ਬਣਾ ਕੇ ਆਊਟ ਹੋਏ। 73 ਦੌੜਾਂ ‘ਤੇ 6 ਵਿਕਟਾਂ ਡਿੱਗਣ ਤੋਂ ਬਾਅਦ ਰਿਸ਼ਭ ਪੰਤ ਤੇ ਨਿਤੀਸ਼ ਕੁਮਾਰ ਰੈੱਡੀ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਸੱਤਵੀਂ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਪੰਤ 78 ਗੇਂਦਾਂ ‘ਚ 3 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 37 ਦੌੜਾਂ ਬਣਾ ਕੇ ਆਊਟ ਹੋ ਗਏ।ਨੌਜਵਾਨ ਨਿਤੀਸ਼ ਕੁਮਾਰ ਰੈੱਡੀ ਇੱਕ ਸਿਰੇ ‘ਤੇ ਡਟ ਕੇ ਖੜ੍ਹੇ ਸਨ, ਪਰ ਕਿਸੇ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਡੈਬਿਊ ਟੈਸਟ ਦੀ ਪਹਿਲੀ ਪਾਰੀ ‘ਚ ਨਿਤੀਸ਼ ਨੇ 59 ਗੇਂਦਾਂ ‘ਚ 41 ਦੌੜਾਂ ਬਣਾਈਆਂ। ਇਸ ਦੌਰਾਨ ਨਿਤੀਸ਼ ਨੇ 6 ਚੌਕੇ ਅਤੇ 1 ਛੱਕਾ ਲਗਾਇਆ। ਦੂਜੇ ਸਿਰੇ ‘ਤੇ ਹਰਸ਼ਿਤ ਰਾਣਾ 07 ਦੌੜਾਂ ਬਣਾ ਕੇ ਅਤੇ ਜਸਪ੍ਰੀਤ ਬੁਮਰਾਹ 08 ਦੌੜਾਂ ਬਣਾ ਕੇ ਆਊਟ ਹੋ ਗਏ।