ਮੱਥੇ ਦੀਆਂ ਝੁਰੜੀਆਂ/ ਗੁਰਮੀਤ ਸਿੰਘ ਪਲਾਹੀ
ਹੱਥਾਂ ਦੀਆਂ ਲਕੀਰਾਂ ਵਾਂਗਰ,
ਮੱਥਾ ਤਿਊੜੀਆਂ ਨਾਲ਼ ਭਰ ਗਿਆ।
ਮਨ ਡਰ ਗਿਆ,
ਅਗਲੇ ਸਫਰ ‘ਤੇ ਜਾਣ ਲਈ।
ਭਿਅੰਕਰ ਹਨ ਲਕੀਰਾਂ!!
ਤਿਊੜੀਆਂ ਨਿੱਤ ਡੂੰਘੀਆਂ ਹੋ,
ਫ਼ਿਕਰਾਂ ਦੀ ਤਾਣੀ ਕੱਤਦੀਆਂ,
ਦਿਲ ਦੇ ਜ਼ਖ਼ਮ ਡੂੰਘੇ ਕਰਦੀਆਂ!
ਕਿੰਨੀਆਂ ਭਿਅੰਕਰ ਦਿਸਦੀਆਂ,
ਇਹ ਤਿਊੜੀਆਂ!!
ਅਣਜਾਨ ਹਨ ਲਕੀਰਾਂ,
ਬੇਪਛਾਣ ਹਨ ਲਕੀਰਾਂ।
ਜ਼ਿੰਦਗੀ ਦਾ ਘਮਸਾਣ ਹਨ ਲਕੀਰਾਂ,
ਹੱਥਾਂ ਦੀਆਂ ਬੇਜਾਨ ਲਕੀਰਾਂ,
ਜਿੱਧਰ ਵੀ ਤੁਰੀਆਂ,
ਪਰੇਸ਼ਾਨ ਹਨ ਲਕੀਰਾਂ!
ਇਹ ਬੇਈਮਾਨ ਲਕੀਰਾਂ!!
ਕਦੇ ਝੁਰਦੀਆਂ ਝੁਰੜੀਆਂ
ਕਦੇ ਕੁੜਦੀਆਂ ਝੁਰੜੀਆਂ
ਕਦੇ ਥੁੜਦੀਆਂ ਝੁਰੜੀਆਂ!
ਕਦੇ-ਕਦੇ ਤੁਰਦੀਆਂ ਝੁਰੜੀਆਂ!!
ਫਿਰ ਹੱਸਦੀਆਂ ਝੁਰੜੀਆਂ,
ਹਨ੍ਹੇਰਾ ਦੂਰ ਕਰ,
ਮੱਚਦੀਆਂ ਝੁਰੜੀਆਂ!
ਨੱਚਦੀਆਂ ਝੁਰੜੀਆਂ!!
ਨਾ ਕੁਝ ਦੱਸਦੀਆਂ ਝੁਰੜੀਆਂ।
ਜਦੋਂ ਲਕੀਰਾਂ ਸਾਥ ਨਾ ਦੇਵਣ,
ਝੁਰੜੀਆਂ ਨਾਲ਼ ਖੜਦੀਆਂ ਨੇ,
ਅਣਜਾਣ ਰਾਹਾਂ ਦੇ ਰਾਹੀਆਂ ਨੂੰ,
ਜੀਵਣ ਦਾ ਵਲ ਦੱਸਦੀਆਂ ਨੇ,
ਇਹ ਬੇਜਾਨ ਝੁਰੜੀਆਂ!
ਜਦੋਂ ਮੁਸਕਾਨ ਝੁਰੜੀਆਂ!!
ਖ਼ੁਸ਼ੀਆਂ ਖੇੜਿਆਂ ਦੇ ਨਾਲ਼,
ਝੋਲੀਆਂ ਭਰਦੀਆਂ ਝੁਰੜੀਆਂ।
ਇਹ ਗੁੰਝਲਦਾਰ ਲਕੀਰਾਂ,
ਇਹ ਪੱਥਰਾਂ ਦੇ ਸੀਨੇ ਉੱਕਰੀਆਂ ਝੁਰੜੀਆਂ ਮਨ-ਮਸਤਕ ‘ਤੇ,
ਜਦੋਂ ਤੱਕ ਨਾ ਝਪਟਣ,
ਸਮੁੰਦਰ ਦੀਆਂ ਛੱਲਾਂ,
ਦਰਿਆ ਦੀਆਂ ਲਹਿਰਾਂ,
ਝੀਲ ਦੇ ਨਿਰਛਲ ਨੀਰ ਵਾਂਗਰ,
ਸੀਨੇ ‘ਚ ਠੰਡਕ ਭਰਦੀਆਂ ਨੇ!
ਇਹ ਹੱਥ ਦੀਆਂ ਲਕੀਰਾਂ!
ਮੱਥੇ ਦੀਆਂ ਝੁਰੜੀਆਂ!!
ਇਹ ਮੱਥੇ ਦੀਆਂ ਤਿਊੜੀਆਂ!!