ਕਵਿਤਾ/ ਮੈਂ ਕਵਿਤਾ ਨਹੀਂ ਲਿਖਾਂਗਾ/ ਗੁਰਮੀਤ ਸਿੰਘ ਪਲਾਹੀ

ਮੈਂ ਕਵਿਤਾ ਨਹੀਂ ਲਿਖਾਂਗਾ!

ਕਵਿਤਾ ਬੁੱਸ ਗਈ ਹੈ,

ਕਵਿਤਾ ਰੁੱਸ ਗਈ ਹੈ,

ਮੈਂ ਕਵਿਤਾ ਨਹੀਂ ਲਿਖਾਂਗਾ!

*****

ਕਵਿਤਾ ‘ਚ ਦਮ ਨਹੀਂ ਰਿਹਾ

ਕਵਿਤਾ ਉਦਾਸ  ਹੈ।

ਨਹੀਂ ਲਿਖਾਂਗਾ ਮੈਂ ਕਵਿਤਾ।

*****

ਮੈਂ ਕਵਿਤਾ ਨਹੀਂ ਲਿਖਾਂਗਾ,

ਕਵਿਤਾ ਜੀਊਣ ਜੋਗੀ ਨਹੀਂ ਰਹੀ

ਕਵਿਤਾ ਥੀਣ ਜੋਗੀ ਨਹੀਂ ਰਹੀ।

ਮੈਂ ਕਵਿਤਾ ਨਹੀਂ ਲਿਖਾਂਗਾਂ।

*****

ਕਿਉਂ ਲਿਖਾਂ ਮੈਂ ਕਵਿਤਾ?

ਜੋ ਜੀਵਨ ਨਹੀਂ ਦਿੰਦੀ

ਜੋ ਅਰਥ ਹੀ ਭੁੱਲ ਗਈ ਹੈ,

ਜੋ ਮਿੱਟੀ ‘ਚ ਰੁਲ ਗਈ ਹੈ

ਮੈਂ ਕਿਉਂ ਲਿਖਾਂ ਕਵਿਤਾ?

ਆਖ਼ਰ ਮੈਂ ਕਿਉਂ ਲਿਖਾਂ ਕਵਿਤਾ?

*****

ਜੇ ਕਵਿਤਾ ਸਿਰਫ਼

ਕਣਕ, ਗੁੜ, ਮੱਕੀ, ਰਿਸ਼ਵਤ, ਝੂਠ ਅਤੇ

 ਸਰੋਂ ਦਾ ਤੇਲ ਤੇ ਸਬਜ਼ੀ ਹੀ ਰਹਿ ਗਈ ਹੈ।

ਤਾਂ ਆਖ਼ਰ  ਮੈਂ ਕਿਉਂ ਲਿਖਾਂ ਕਵਿਤਾ?

*****

ਕਵਿਤਾ ਜੇ ਜ਼ਿੰਦਗੀ ਦਾ ਅਰਥ ਨਹੀਂ ਦੱਸਦੀ

ਕਵਿਤਾ ਜੇ ਦਿਲ ‘ਚ ਨਹੀਂ ਵੱਸਦੀ!

ਕਵਿਤਾ ਜੇ ਉਦਾਸ ਹੀ  ਕਰਦੀ ਹੈ

ਤਾਂ ਆਖ਼ਰ ਮੈਂ ਕਿਉਂ ਲਿਖਾਂ ਕਵਿਤਾ?

*****

ਮੈਂ ਉਦੋਂ ਤੱਕ ਨਹੀਂ ਲਿਖਾਂਗਾ ਕਵਿਤਾ

ਜਦੋਂ ਤੱਕ ਸੱਚ, ਪਹਿਰੇਦਾਰ ਨਹੀਂ ਬਣਦਾ!

ਜਦੋਂ ਤੱਕ ਸੱਚ ਫਾਂਸੀ ਚੜ੍ਹਨ ਤੋਂ ਨਹੀਂ ਹੱਟਦਾ

ਜਦੋਂ ਤੱਕ ਕਾਲੀ ਸਿਆਹ ਰਾਤ

ਚਾਨਣ ਦੀ ਲੀਕ ਨਹੀਂ ਦਿੰਦੀ

ਮੈਂ ਕਵਿਤਾ ਨਹੀਂ ਲਿਖਾਂਗਾ!

ਨਹੀਂ ਲਿਖਾਂਗਾ ਮੈਂ ਕਵਿਤਾ।

*****

-ਗੁਰਮੀਤ ਸਿੰਘ ਪਲਾਹੀ

-9815802070

ਮਿਤੀ 20 ਨਵੰਬਰ 2024

ਸਾਂਝਾ ਕਰੋ

ਪੜ੍ਹੋ