ਨਵੀਂ ਦਿੱਲੀ, 19 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਵੱਡਾ ਫ਼ੈਸਲਾ ਲਿਆ ਹੈ। ਟਰੰਪ ਨੇ ਕਿਹਾ ਕਿ ਉਸ ਦੇ ਪ੍ਰਸ਼ਾਸਨ ‘ਚ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ‘ਚ ਰਹਿ ਰਹੇ ਪ੍ਰਵਾਸੀਆਂ ਖ਼ਿਲਾਫ਼ ਫ਼ੌਜੀ ਬਲਾਂ ਦੀ ਵਰਤੋਂ ਕਰ ਸਕਦਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਅਮਰੀਕਾ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਜਾਵੇਗਾ। ਡੋਨਾਲਡ ਟਰੰਪ ਨੇ ਐਕਸ ‘ਤੇ ਟੌਮ ਫਿਟਨ ਨਾਂ ਦੇ ਵਿਅਕਤੀ ਦੀ ਪੋਸਟ ਨੂੰ ਦੁਬਾਰਾ ਪੋਸਟ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਟੌਮ ਫਿਟਨ ਨੇ ਐਕਸ ‘ਤੇ ਲਿਖਿਆ, ਅਜਿਹੀਆਂ ਖ਼ਬਰਾਂ ਹਨ ਕਿ ਟਰੰਪ ਪ੍ਰਸ਼ਾਸਨ ਅਮਰੀਕਾ ਵਿਚ ਰਾਸ਼ਟਰੀ ਐਮਰਜੈਂਸੀ ਲਗਾ ਕੇ ਵੱਡੀ ਗਿਣਤੀ ਵਿੱਚ ਘੁਸਪੈਠੀਆਂ ਨੂੰ ਫ਼ੌਜ ਜ਼਼ਰੀਏ ਬਾਹਰ ਕੱਢਣ ਦੀ ਤਿਆਰੀ ਕਰ ਰਿਹਾ ਹੈ।
ਟਰੰਪ ਦੇ ਸੀਮਾ ਸੁਰੱਖਿਆ ਮੁਖੀ
ਟਰੰਪ ਦੇ ਸੀਮਾ ਸੁਰੱਖਿਆ ਮੁਖੀ ਟੌਮ ਹੋਮਨ ਨੇ ਚਿਤਾਵਨੀ ਦਿੱਤੀ ਕਿ ਡੈਮੋਕਰੇਟਿਕ ਦੁਆਰਾ ਚਲਾਏ ਗਏ ਰਾਜਾਂ ਨੇ ਦੇਸ਼ ਨਿਕਾਲੇ ਦੀ ਮੁਹਿੰਮ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟੌਮ ਹੋਮਨ ਨੇ ਕਿਹਾ ਕਿ ਉਸ ਦਾ ਪ੍ਰਸ਼ਾਸਨ ਪਹਿਲਾਂ ਉਨ੍ਹਾਂ 4 ਲੱਖ 25 ਹਜ਼ਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ। ਇਹ ਉਹ ਅੰਕੜੇ ਹਨ ਜਿਨ੍ਹਾਂ ਦੇ ਖ਼ਿਲਾਫ਼ ਅਪਰਾਧਿਕ ਰਿਕਾਰਡ ਹੈ।
ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਰਹੱਦੀ ਸੁਰੱਖਿਆ ਏਜੰਟ ਲਿਆ ਰਹੇ ਹਨ ਅਮਰੀਕਾ
ਹੋਮਨ ਨੇ ਆਪਣੇ ਨਿੱਜੀ ਸਰਹੱਦੀ ਸੁਰੱਖਿਆ ਤਜ਼ਰਬਿਆਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਬਾਰਡਰ ਪੈਟਰੋਲ ਏਜੰਟਾਂ ਨੂੰ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦੀ ਬਜਾਏ ਸਿਰਫ਼ “ਟ੍ਰੈਵਲ ਏਜੰਟ” ਵਜੋਂ ਕੰਮ ਕਰਨ ਵਜੋਂ ਦੇਖਿਆ ਜਾਂਦਾ ਹੈ। ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਮਰੀਕਾ ਭੇਜਦੇ ਹਨ, ਉਨ੍ਹਾਂ ਨੂੰ ਮੁਫ਼ਤ ਹਵਾਈ ਟਿਕਟਾਂ, ਹੋਟਲ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹਨ ਤੇ ਲੱਖਾਂ ਅਮਰੀਕੀ ਨਾਗਰਿਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਅਮਰੀਕਾ ਵਿਚ ਹਰ ਚੌਥਾ ਪ੍ਰਵਾਸੀ ਗੈਰ-ਕਾਨੂੰਨੀ
ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ‘ਚ ਦਾਖ਼ਲ ਹੋਣ ਤੋਂ ਰੋਕਣਾ ਟਰੰਪ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਨ ਵਾਲੀ ਹੈ। ਅੰਕੜਿਆਂ ਮੁਤਾਬਕ ਅਮਰੀਕਾ ਵਿਚ ਹਰ ਚੌਥਾ ਪ੍ਰਵਾਸੀ ਗੈਰ-ਕਾਨੂੰਨੀ ਹੈ। ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਵਿੱਚ 2020 ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।