ਸਾਡੇ ਦੇਸ਼ ਦੀ ਕੌਮੀ ਖੇਡ ਹਾਕੀ ਦੀ ਬਿਹਤਰੀ ਲਈ ਕਈ ਸੂਬਾਈ ਅਤੇ ਕੌਮੀ ਪੱਧਰ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਨ੍ਹਾਂ ਟੂਰਨਾਮੈਂਟਾਂ ’ਚੋਂ ਇਕ ਹੈ ਸਕੂਲੀ ਪੱਧਰ ਦੇ ਖਿਡਾਰੀਆਂ ਲਈ ਕਰਵਾਇਆ ਜਾਂਦਾ ਮਾਤਾ ਪ੍ਰਕਾਸ਼ ਕੌਰ ਕੱਪ ਲਈ ਸ. ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ। ਪਿਛਲੇ 20 ਸਾਲ ਤੋਂ ਕਰਵਾਏ ਜਾਂਦੇ ਇਸ ਟੂਰਨਾਮੈਂਟ ’ਚ ਅੰਡਰ-19 ਉਮਰ ਦੇ ਅਕੈਡਮੀਆਂ ਜਾਂ ਖੇਡ ਵਿੰਗਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ। ਇਸ ਦੀ ਖ਼ਾਸੀਅਤ ਇਹ ਹੈ ਕਿ ਟੂਰਨਾਮੈਂਟ ਦਾ ਕੋਈ ਵੀ ਸਪਾਂਸਰ ਨਹੀਂ ਹੈ ਅਤੇ ਨਾ ਹੀ ਇਸ ਲਈ ਸਰਕਾਰੀ ਇਮਦਾਦ ਲਈ ਜਾਂਦੀ ਹੈ। ਟੂਰਨਾਮੈਂਟ ਦਾ ਸਾਰਾ ਖ਼ਰਚ ਕਪੂਰ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ । ਟੂਰਨਾਮੈਂਟ ਦੀ ਸ਼ੁਰੂਆਤ 2004 ’ਚ ਕੀਤੀ ਗਈ ਜਿਸ ਦਾ ਮੁੱਢ ਪੰਜਾਬ ਐਂਡ ਸਿੰਧ ਬੈਂਕ ਦੇ ਸੀਐੱਮਡੀ ਚਰਨਜੀਤ ਸਿੰਘ ਰਹੇਜਾ ਅਤੇ ਕਪੂਰ ਪਰਿਵਾਰ ਦੇ ਹਰਭਜਨ ਸਿੰਘ ਕਪੂਰ ਜੋ ਆਪ ਵੀ ਪੰਜਾਬ ਐਂਡ ਸਿੰਧ ਬੈਂਕ ’ਚ ਜਨਰਲ ਮੈਨੇਜਰ ਸਨ, ਜਿਨ੍ਹਾਂ ਕੋਲ ਬੈਂਕ ਦੇ ਖੇਡ ਵਿੰਗ ਦਾ ਚਾਰਜ ਵੀ ਸੀ, ਵੱਲੋਂ ਬੰਨ੍ਹਿਆ ਗਿਆ ਸੀ। ਹਰਭਜਨ ਸਿੰਘ ਕਪੂਰ ਹੁਰੀਂ ਛੇ ਭਰਾ ਤੇ ਇਕ ਭੈਣ ਹਨ, ਜਿਨ੍ਹਾਂ ਨੇ ਇਹ ਟੂਰਨਾਮੈਂਟ ਸ਼ੁਰੂ ਕੀਤਾ ਸੀ ਅਤੇ ਇਸ ਵੇਲੇ ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਬੱਚੇ ਵੀ ਟੂਰਨਾਮੈਂਟ ਦਾ ਹਿੱਸਾ ਬਣ ਕੇ ਯੋਗਦਾਨ ਪਾ ਰਹੇ ਹਨ।
ਹਾਕੀ ਪ੍ਰਤੀ ਮੋਹਮਾਤਾ ਪ੍ਰਕਾਸ਼ ਕੌਰ ਕੱਪ ਲਈ ਸ. ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਕਪੂਰ ਪਰਿਵਾਰ ਦੇ ਮਨਜੀਤ ਸਿੰਘ ਕਪੂਰ (ਪੰਜਾਬ ਖਾਦ ਸਟੋਰ ਵਾਲੇ) ਜੋ ਟੂਰਨਾਮੈਂਟ ਕਮੇਟੀ ਦੇ ਵਾਈਸ ਪ੍ਰਧਾਨ ਹਨ, ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਕਪੂਰ ਮਿਊਂਸੀਪਲ ਕਮੇਟੀ ਜਲੰਧਰ ’ਚੋਂ ਬਤੌਰ ਸੁਪਰਡੈਂਟ ਸੇਵਾ-ਮੁਕਤ ਹੋਏ ਸਨ। ਉਨ੍ਹਾਂ ਦਾ ਹਾਕੀ ਪ੍ਰਤੀ ਬਹੁਤ ਮੋਹ ਸੀ ਤੇ ਉਨ੍ਹਾਂ ਨੇ ਭਾਰਤੀ ਹਾਕੀ ਦਾ ਸੁਨਹਿਰੀ ਯੁੱਗ ਅੱਖੀਂ ਦੇਖਿਆ ਪਰ ਜਦੋਂ ਭਾਰਤੀ ਹਾਕੀ ਦਾ ਮਾੜਾ ਦੌਰ ਸ਼ੁਰੂ ਹੋਇਆ ਤਾਂ ਉਹ ਇਸ ਤੋਂ ਚਿੰਤਤ ਰਹਿੰਦੇ ਸਨ। ਉਨ੍ਹਾਂ ਦੇ ਪੁੱਤਰ ਹਰਭਜਨ ਸਿੰਘ ਕਪੂਰ ਜੋ ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਮੈਨੇਜਰ (ਜੋ ਬਾਅਦ ’ਚ ਇਲਾਹਾਬਾਦ ਬੈਂਕ ਦੇ ਐੱਮਡੀ ਵਜੋਂ ਸੇਵਾ-ਮੁਕਤ ਹੋਏ) ਤੇ ਸਪੋਰਟਸ ਇੰਚਾਰਜ ਵੀ ਸਨ, ਨਾਲ ਚਰਨਜੀਤ ਸਿੰਘ ਰਹੇਜਾ ਵੀ ਪੰਜਾਬ ਐਂਡ ਸਿੰਧ ਬੈਂਕ ’ਚ ਸੇਵਾਵਾਂ ਦੇ ਰਹੇ ਸਨ। ਮਨਜੀਤ ਸਿੰਘ ਕਪੂਰ ਦੱਸਦੇ ਹਨ ਕਿ ਸ. ਰਹੇਜਾ ਖ਼ੁਦ ਵੀ ਯੂਨੀਵਰਸਿਟੀ ਪੱਧਰ ਦੇ ਖਿਡਾਰੀ ਤੇ ਅੰਪਾਇਰ ਵੀ ਰਹੇ ਸਨ।
ਜਦੋਂ ਕਪੂਰ ਭਰਾਵਾਂ ਨੇ ਮਾਤਾ-ਪਿਤਾ ਦੀ ਸਦੀਵੀ ਯਾਦ ਕਾਇਮ ਕਰਨ ਦੀ ਗੱਲ ਛੇੜੀ ਤਾਂ ਚਰਨਜੀਤ ਸਿੰਘ ਰਹੇਜਾ ਨੇ ਸਲਾਹ ਦਿੱਤੀ ਕਿ ਮਾਤਾ-ਪਿਤਾ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਸ. ਬਲਵੰਤ ਸਿੰਘ ਕਪੂਰ ਦੇ ਹਾਕੀ ਪ੍ਰਤੀ ਮੋਹ ਤੇ ਹਾਕੀ ਦੀ ਮਾੜੀ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਟੂਰਨਾਮੈਂਟ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਸਕੂਲੀ ਪੱਧਰ ਦਾ ਟੂਰਨਾਮੈਂਟ ਕਰਵਾਇਆ ਜਾਣਾ ਚਾਹੀਦਾ ਹੈ। ਪਹਿਲਾ ਟੂਰਨਾਮੈਂਟ 2004 ’ਚ ਕਰਵਾਇਆ ਸੀ, ਜਿਸ ਵਿਚ ਦੇਸ਼ ਦੀਆਂ ਵੱਖ-ਵੱਖ ਸੂਬਿਆਂ ’ਚ ਚੱਲਦੀਆਂ ਖੇਡ ਅਕੈਡਮੀਆਂ ਦੇ ਅੰਡਰ-17 ਦੇ ਖਿਡਾਰੀਆਂ ਨੇ ਹਿੱਸਾ ਲਿਆ। ਹਾਲਾਂਕਿ ਦੋ ਸਾਲਾਂ ਬਾਅਦ ਇਹ ਟੂਰਨਾਮੈਂਟ ਅੰਡਰ-19 ਦਾ ਕਰ ਦਿੱਤਾ। ਹਰ ਸਾਲ 15-16 ਟੀਮਾਂ ਆਉਂਦੀਆਂ ਹਨ। ਇਸ ਸਾਲ 18ਵਾਂ ਟੂਰਨਾਮੈਂਟ 17 ਤੋਂ 24 ਨਵੰਬਰ ਤੱਕ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਚਰਨਜੀਤ ਸਿੰਘ ਰਹੇਜਾ ਅਤੇ ਹਰਭਜਨ ਸਿੰਘ ਕਪੂਰ ਵੱਲੋਂ ਪਰਿਵਾਰ ਨੂੰ ਦਿੱਤੇ ਸੁਝਾਅ ’ਤੇ ਸਾਰਿਆਂ ਨੇ ਸਹਿਮਤੀ ਦੇ ਦਿੱਤੀ ਤਾਂ ਟੂਰਨਾਮੈਂਟ ਕਰਵਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ’ਚ ਬਲਵੰਤ ਸਿੰਘ ਕਪੂਰ ਤੇ ਪ੍ਰਕਾਸ਼ ਕੌਰ ਦੇ 6 ਪੁੱਤਰਾਂ ਤੇ ਇਕ ਧੀ ਨੂੰ ਸ਼ਾਮਿਲ ਕੀਤਾ ਗਿਆ। ਇਨ੍ਹਾਂ ’ਚ ਗੁਰਸ਼ਰਨ ਸਿੰਘ ਕਪੂਰ ਪੈਟਰਨ, ਹਰਭਜਨ ਸਿੰਘ ਕਪੂਰ ਪ੍ਰਧਾਨ, ਮਨਜੀਤ ਸਿੰਘ ਕਪੂਰ ਵਾਈਸ ਪ੍ਰਧਾਨ, ਮਨਮੋਹਨ ਸਿੰਘ ਕਪੂਰ ਜਨਰਲ ਸੈਕਟਰੀ, ਤੀਰਥ ਸਿੰਘ ਕਪੂਰ ਖ਼ਜ਼ਾਨਚੀ ਤੇ ਹਰਦੀਪ ਸਿੰਘ ਕਪੂਰ ਪੈਟਰਨ ਨਿਯੁਕਤ ਕੀਤੇ ਗਏ ਜਦੋਂਕਿ ਚਰਨਜੀਤ ਸਿੰਘ ਰਹੇਜਾ ਨੂੰ ਟੂਰਨਾਮੈਂਟ ਕਮੇਟੀ ਦਾ ਆਰਗੇਨਾਈਜ਼ਿੰਗ ਸੈਕਟਰੀ ਬਣਾਇਆ ਗਿਆ।
ਮੌਜੂਦਾ ਸਮੇਂ ਟੂਰਨਾਮੈਂਟ ਕਮੇਟੀ ਦੇ ਜਨਰਲ ਸੈਕਟਰੀ ਗੁਣਦੀਪ ਸਿੰਘ ਕਪੂਰ (ਅੰਗਦ) ਹਨ, ਜੋ ਮਨਮੋਹਨ ਸਿੰਘ ਕਪੂਰ ਦੇ 2021 ’ਚ ਅਕਾਲ ਚਲਾਣੇ ਤੋਂ ਬਾਅਦ ਇਸ ਅਹੁਦੇ ’ਤੇ ਨਿਯੁਕਤ ਕੀਤੇ ਸਨ। ਜਦਕਿ ਸੀਨੀਅਰ ਵਾਈਸ ਪ੍ਰਧਾਨ ਓਲੰਪੀਅਨ ਅਜੀਤਪਾਲ ਸਿੰਘ, ਵਾਈਸ ਪ੍ਰਧਾਨ ਓਲੰਪੀਅਨ ਸੰਜੀਵ ਕੁਮਾਰ ਡਾਂਗ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਅਰਜੁਨਾ ਐਵਾਰਡੀ ਓਲੰਪੀਅਨ ਬਲਜੀਤ ਸਿੰਘ ਢਿੱਲੋਂ ਹਨ। ਆਰਗੇਨਾਈਜ਼ਿੰਗ ਸੈਕਟਰੀ ਕੌਮਾਂਤਰੀ ਹਾਕੀ ਖਿਡਾਰੀ ਰਿਪੂਦਮਨ ਕੁਮਾਰ ਸਿੰਘ ਹਨ।
ਨਕਦ ਇਨਾਮ
ਟੂਰਨਾਮੈਂਟ ਕਮੇਟੀ ਦੇ ਜਨਰਲ ਸੈਕਟਰੀ ਗੁਣਦੀਪ ਸਿੰਘ ਕਪੂਰ (ਅੰਗਦ) ਅਨੁਸਾਰ ਇਹ ਸਕੂਲੀ ਖਿਡਾਰੀਆਂ ਦਾ ਇਕੋ-ਇਕ ਕੌਮੀ ਪੱਧਰ ਦਾ ਟੂਰਨਾਮੈਂਟ ਹੈ। ਜੇਤੂ ਟੀਮ ਨੂੰ 1.50 ਲੱਖ ਨਕਦ ਇਨਾਮ ਤੇ ਮਾਤਾ ਪ੍ਰਕਾਸ਼ ਕੌਰ ਕੱਪ ਦਿੱਤਾ ਜਾਂਦਾ ਹੈ। ਉਪ-ਜੇਤੂ ਟੀਮ ਨੂੰ 1 ਲੱਖ ਰੁਪਏ, ਤੀਜੇ ਸਥਾਨ ਲਈ 80 ਹਜ਼ਾਰ ਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 60 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਂਦਾ ਹੈ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚਾਰ ਬੈਸਟ ਖਿਡਾਰੀਆਂ ਤੋਂ ਇਲਾਵਾ ਟੂਰਨਾਮੈਂਟ ’ਚ ਸਭ ਤੋਂ ਵੱਧ ਗੋਲ ਕਰਨ ਵਾਲੇ ਤੇ ਪ੍ਰੋਮਿਸਿੰਗ ਖਿਡਾਰੀ ਦੀ ਚੋਣ ਓਲੰਪੀਅਨ ਖਿਡਾਰੀਆਂ ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ 10-10 ਹਜ਼ਾਰ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਪ੍ਰਕਾਰ ਆਿਖਆ ਜਾ ਸਕਦਾ ਹੈ ਕਿ ਅਜਿਹੇ ਟੂਰਨਾਮੈਂਟ ਕਰਵਾਉਣ ਨਾਲ ਸਾਡੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ ਤੇ ਉਹ ਮਾੜੀ ਸੰਗਤ ਤੋਂ ਦੂਰ ਰਹਿੰਦੇ ਹਨ।