ਬੀਜਿੰਗ, 19 ਨਵੰਬਰ – ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਬ੍ਰਿਕਸ ਸਿਖਰ ਸੰਮੇਲਨ ਤੋਂ ਇਲਾਵਾ ਰੂਸ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਮੁੱਦਿਆਂ ’ਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਤਿਆਰ ਹੈ। ਬ੍ਰਾਜ਼ੀਲ ’ਚ ਜੀ-20 ਸਿਖਰ ਸੰਮੇਲਨ ਦੌਰਾਨ ਮੋਦੀ ਅਤੇ ਸ਼ੀ ਵਿਚਾਲੇ ਮੁਲਾਕਾਤ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਜ਼ਾਨ ’ਚ ਹਾਲ ਹੀ ’ਚ ਹੋਏ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਕਿਹਾ, ‘‘ਚੀਨ ਪ੍ਰਮੁੱਖ ਮੁੱਦਿਆਂ ’ਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਬਣੀ ਸਹਿਮਤੀ ਨੂੰ ਲਾਗੂ ਕਰਨ, ਸੰਚਾਰ ਅਤੇ ਸਹਿਯੋਗ ਵਧਾਉਣ ਅਤੇ ਰਣਨੀਤਕ ਆਪਸੀ ਵਿਸ਼ਵਾਸ ਵਧਾਉਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ।’’ ਜਿਆਨ ਨੇ ਕਿਹਾ ਕਿ ਉਨ੍ਹਾਂ ਨੂੰ ਨੇਤਾਵਾਂ ਅਤੇ ਅਧਿਕਾਰੀਆਂ ਵਿਚਾਲੇ ਬੈਠਕ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿਛਲੇ ਮਹੀਨੇ ਰੂਸ ਦੇ ਕਜ਼ਾਨ ਸ਼ਹਿਰ ’ਚ ਬ੍ਰਿਕਸ ਸਿਖਰ ਸੰਮੇਲਨ ਤੋਂ ਇਲਾਵਾ ਕਰੀਬ 50 ਮਿੰਟ ਦੀ ਬੈਠਕ ’ਚ ਮੋਦੀ ਅਤੇ ਸ਼ੀ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਟਕਰਾਅ ਵਾਲੀਆਂ ਬਾਕੀ ਥਾਵਾਂ ਤੋਂ ਫੌਜੀਆਂ ਦੀ ਵਾਪਸੀ ਅਤੇ ਗਸ਼ਤ ਮੁੜ ਸ਼ੁਰੂ ਕਰਨ ’ਤੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ਦਾ ਸਮਰਥਨ ਕੀਤਾ ਸੀ।
ਦੋਹਾਂ ਲੀਡਰਾਂ ਨੇ ਵੱਖ-ਵੱਖ ਦੁਵਲੀ ਗੱਲਬਾਤ ਪ੍ਰਣਾਲੀਆਂ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ। ਬੈਠਕ ’ਚ ਮੋਦੀ ਨੇ ਮਤਭੇਦਾਂ ਅਤੇ ਵਿਵਾਦਾਂ ਨਾਲ ਸਹੀ ਢੰਗ ਨਾਲ ਨਜਿੱਠਣ ਅਤੇ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਸਥਿਰਤਾ ਭੰਗ ਨਾ ਹੋਣ ਦੇਣ ਦੀ ਮਹੱਤਤਾ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਆਪਸੀ ਵਿਸ਼ਵਾਸ, ਆਪਸੀ ਸਤਿਕਾਰ ਅਤੇ ਆਪਸੀ ਸੰਵੇਦਨਸ਼ੀਲਤਾ ਸਬੰਧਾਂ ਦਾ ਅਧਾਰ ਬਣੇ ਰਹਿਣਾ ਚਾਹੀਦਾ ਹੈ। ਸ਼ੀ ਨੇ ਕਿਹਾ ਕਿ ਚੀਨ-ਭਾਰਤ ਸਬੰਧ ਬੁਨਿਆਦੀ ਤੌਰ ’ਤੇ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਦੋ ਵੱਡੇ ਵਿਕਾਸਸ਼ੀਲ ਦੇਸ਼, ਜਿਨ੍ਹਾਂ ਦੀ ਆਬਾਦੀ ਲਗਭਗ 1.4 ਅਰਬ ਹੈ, ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਨੂੰ ਇਕ-ਦੂਜੇ ਬਾਰੇ ਚੰਗੀ ਰਣਨੀਤਕ ਧਾਰਨਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਦੋਹਾਂ ਦੇਸ਼ਾਂ ਲਈ ਸਦਭਾਵਨਾ ਨਾਲ ਰਹਿਣ ਅਤੇ ਮਿਲ ਕੇ ਵਿਕਾਸ ਕਰਨ ਲਈ ਸਹੀ ਅਤੇ ਚਮਕਦਾਰ ਰਸਤਾ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜੂਨ 2020 ਵਿਚ ਗਲਵਾਨ ਵਾਦੀ ਵਿਚ ਭਿਆਨਕ ਫੌਜੀ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਬੰਧ ਇਕ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ। ਇਹ ਝੜਪ ਪਿਛਲੇ ਕੁੱਝ ਦਹਾਕਿਆਂ ਵਿਚ ਦੋਹਾਂ ਧਿਰਾਂ ਵਿਚਾਲੇ ਸੱਭ ਤੋਂ ਭਿਆਨਕ ਫੌਜੀ ਝੜਪ ਸੀ।
ਭਾਰਤ ਅਤੇ ਚੀਨ ਨੇ 21 ਅਕਤੂਬਰ ਨੂੰ ਪੂਰਬੀ ਲੱਦਾਖ ’ਚ ਟਕਰਾਅ ਵਾਲੀਆਂ ਬਾਕੀ ਥਾਵਾਂ ’ਤੇ ਫ਼ੌਜੀਆਂ ਦੀ ਵਾਪਸੀ ਅਤੇ ਗਸ਼ਤ ਮੁੜ ਸ਼ੁਰੂ ਕਰਨ ਬਾਰੇ ਇਕ ਸਮਝੌਤੇ ’ਤੇ ਸਹਿਮਤੀ ਜਤਾਈ ਸੀ। ਇਸ ਸਮਝੌਤੇ ਨੂੰ ਪੂਰਬੀ ਲੱਦਾਖ ’ਚ ਲਗਭਗ ਚਾਰ ਸਾਲ ਪੁਰਾਣੇ ਫੌਜੀ ਰੁਕਾਵਟ ਦੇ ਹੱਲ ਦੀ ਦਿਸ਼ਾ ’ਚ ਇਕ ਵੱਡੀ ਸਫਲਤਾ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਮੋਦੀ ਅਤੇ ਸ਼ੀ ਨੇ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਵਿਸ਼ੇਸ਼ ਪ੍ਰਤੀਨਿਧੀਆਂ ਨੂੰ ਗੱਲਬਾਤ ਲਈ ਜਲਦੀ ਤੋਂ ਜਲਦੀ ਮਿਲਣ ਅਤੇ ਐਲਏਸੀ ’ਤੇ ਮੁੱਦਿਆਂ ਨੂੰ ਸੁਲਝਾਉਣ ਲਈ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੇ ਹੁਕਮ ਦਿਤੇ।
ਗੱਲਬਾਤ ਲਈ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀ ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਭਾਲ ਹਨ, ਜਦਕਿ ਚੀਨੀ ਪੱਖ ਦੀ ਅਗਵਾਈ ਵਿਦੇਸ਼ ਮੰਤਰੀ ਵਾਂਗ ਯੀ ਕਰ ਰਹੇ ਹਨ। ਵਿਸ਼ੇਸ਼ ਪ੍ਰਤੀਨਿਧੀ ਤੰਤਰ ਦੀ ਸਥਾਪਨਾ 2003 ’ਚ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਦੋਵੇਂ ਧਿਰਾਂ 20 ਦੌਰ ਦੀ ਗੱਲਬਾਤ ਕਰ ਚੁਕੀਆਂ ਹਨ। ਪਿਛਲੀ ਗੱਲਬਾਤ 2019 ’ਚ ਹੋਈ ਸੀ।