ਚੰਡੀਗੜ੍ਹ, 19 ਨਵੰਬਰ – ਹਰਿਆਣਾ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ SYL ਤੇ ਚੰਡੀਗੜ੍ਹ ਦਾ ਮੁੱਦਾ ਗੂੰਜਿਆ। ਇਸ ਮੌਕੇ ਹਰਿਆਣਾ ਦੇ CM ਨਾਇਬ ਸੈਣੀ ਨੇ ਕਿਹਾ ਹਰਿਆਣਾ ਦੇ ਕਿਸਾਨਾਂ ਨੂੰ ਵੀ SYL ਦਾ ਪਾਣੀ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਵੀ ਇਹੀ ਕਹਿੰਦੀ ਹੈ ਤੇ ਅਸੀਂ SYL ਦਾ ਪਾਣੀ ਲਵਾਂਗੇ। ਚੰਡੀਗੜ੍ਹ ’ਚ ਸਾਨੂੰ ਨਵੀਂ ਵਿਧਾਨ ਸਭਾ ਦੀ ਲੋੜ ਹੈ ਪਰ ਪੰਜਾਬ ਦੇ ਲੀਡਰਾਂ ਨੇ ਸਾਡੀ ਵਿਧਾਨ ਸਭਾ ’ਤੇ ਸਵਾਲ ਚੁੱਕੇ ਹਨ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਬਾਰੇ ਥਾਨੇਸਰ ਤੋਂ ਕਾਂਗਰਸ ਦੇ ਅਸ਼ੋਕ ਅਰੋੜਾ ਨੇ ਕਿਹਾ ਕਿ ਚੰਡੀਗੜ੍ਹ ‘ਤੇ ਸਾਡਾ ਵੀ ਹੱਕ ਹੈ। ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੱਲੋਂ ਕਈ ਬਿਆਨ ਆਏ ਹਨ ਜੋ ਗ਼ਲਤ ਹਨ। ਚੰਡੀਗੜ੍ਹ ‘ਤੇ ਸਾਡਾ ਵੀ ਹੱਕ ਹੈ, ਚੰਡੀਗੜ੍ਹ ਵਿਚ ਜ਼ਮੀਨ ਦੇ ਬਦਲੇ ਪੈਸੇ ਜਾਂ ਜ਼ਮੀਨ ਨਹੀਂ ਦੇਣੀ ਚਾਹੀਦੀ, ਚੰਡੀਗੜ੍ਹ ਵੀ ਸਾਡਾ ਹੈ।
ਵਿਧਾਨ ਸਭਾ ਸਪੀਕਰ ਨੇ ਕਿਹਾ, ਮੇਰਾ ਮੰਨਣਾ ਹੈ ਕਿ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਸ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ, ਇਹ ਕੋਈ ਸਿਆਸੀ ਮੁੱਦਾ ਨਹੀਂ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਅਤੇ ਗੰਭੀਰ ਹੈ। ਸਾਨੂੰ ਅਗਲੀ ਹੱਦਬੰਦੀ ਤੋਂ ਪਹਿਲਾਂ ਹੋਰ ਥਾਂ ਦੀ ਲੋੜ ਹੈ, ਇਸ ਲਈ ਸਾਨੂੰ ਨਵੀਂ ਵਿਧਾਨ ਸਭਾ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਵੀ ਐਸਵਾਈਐਲ ਦਾ ਪਾਣੀ ਮਿਲਣਾ ਚਾਹੀਦਾ ਹੈ, ਸੁਪਰੀਮ ਕੋਰਟ ਵੀ ਇਹੀ ਕਹਿੰਦੀ ਹੈ, ਅਸੀਂ ਐਸਵਾਈਐਲ ਦਾ ਪਾਣੀ ਲਵਾਂਗੇ।