ਪਾਣੀ ਦੀ ਕਿੱਲਤ ਸਬੰਧੀ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

*ਪ੍ਰਸਾਸ਼ਨਿਕ ਅਣਗਿਹਲੀ ਤੇ ਨਿਗਮ ਦੇ ਮਾੜੇ ਪ੍ਰਬੰਧ ਜਿੰਮੇਵਾਰ – ਜਮਹੂਰੀ ਅਧਿਕਾਰ ਸਭਾ ਤੇ ਜਥੇਬੰਦੀਆਂ
ਬਠਿੰਡਾ, 19 ਨਵੰਬਰ – ਸਰਹਿੰਦ ਕਨਾਲ ਦੀ ਬਠਿੰਡਾ ਬਰਾਂਚ ਦੇ ਬਿਨਾਂ ਅਗਾਉਂ ਸੂਚਨਾ ਦਿੱਤੇ 28 ਅਕਤੂਬਰ ਤੋਂ ਬੰਦ ਕਰ ਦਿੱਤੇ ਜਾਣ ਕਾਰਨ ਸ਼ਹਿਰ ਚ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ,ਜਿਸ ਲਈ ਸਰਕਾਰ ਤੇ ਨਗਰ ਨਿਗਮ ਦੋਨੋਂ ਜਿੰਮੇਵਾਰ ਹਨ l ਇਸ ਸਬੰਧੀ ਅੱਜ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੀ ਅਗਵਾਈ ਵਿੱਚ ਜਨਤਕ ਜਥੇਬੰਦੀਆਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਅਤੇ ਸਮੱਸਿਆ ਨੂੰ ਤੁਰੰਤ ਹੱਲ ਕੀਤੇ ਜਾਣ ਦੀ ਮੰਗ ਕੀਤੀ l ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਲਈ 10 ਮਿਲੀਅਨ ਲੀਟਰ ਪ੍ਰਤੀ ਦਿਨ ਪੀਣ ਵਾਲੇ ਪਾਣੀ ਦੀ ਮੰਗ ਹੈ,ਜਿਸ ਨੂੰ ਪੂਰਾ ਕਰਨ ਲਈ ਸੁਚੱਜੇ ਪ੍ਰਬੰਧ ਕੀਤੇ ਜਾਣੇ ਤਾਂ ਇੱਕ ਪਾਸੇ ਰਹੇ ਉਲਟਾ ਪਾਣੀ ਦੀ ਬੂੰਦ-ਬੂੰਦ ਨੂੰ ਲੋਕ ਤਰਸ ਗਏ ਹਨ। ਅੱਜ ਦੇ ਵਫਦ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸਦੀਪ ਸਿੰਘ,ਵਿੱਤ ਸਕੱਤਰ ਸੰਤੋਖ ਸਿੰਘ ਮੱਲਣ,ਮਹਿੰਦਰ ਸਿੰਘ,ਗੁਰਤੇਜ ਸਿੰਘ,ਕਰਤਾਰ ਸਿੰਘ,ਹਨੀਸ਼ ਬਾਂਸਲ ਤੇ ਅਮਨਪ੍ਰੀਤ ਕੌਰ ਤੋਂ ਇਲਾਵਾ ਮੈਡੀਕਲ ਪੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਐਚਐਸ ਰਾਣੂ,ਤਰਕਸ਼ੀਲ ਸੁਸਾਇਟੀ ਵੱਲੋਂ ਹਾਕਮ ਸਿੰਘ,ਕੇਵਲ ਕ੍ਰਿਸ਼ਨ,ਬਿਕਰਮਜੀਤ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਗੁਰਿੰਦਰ ਪੰਨੂ ਤੇ ਗਗਨਦੀਪ ਸ਼ਾਮਲ ਹੋਏ l ਵਫਦ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਾਇਆ ਕਿ ਮਿਉਂਸਿਪਲ ਕਾਰਪੋਰੇਸ਼ਨ ਨੇ ਸ਼ਹਿਰ ਲਈ ਪਾਣੀ ਦੇ ਸਟੋਰ ਖਾਤਰ ਜੋ ਡਿੱਗੀਆਂ ਤਾਮੀਰ ਕੀਤੀਆਂ ਹਨ ਉਹ ਲੋਕਾਂ ਦੀ ਲੋੜ ਪੂਰੀ ਕਰਨ ਤੋਂ ਅਸਮਰਥ ਹਨ ਅਤੇ ਉਹਨਾਂ ਵਿੱਚ ਜਮਾਂ ਹੋਈ ਗਾਰ ਵੀ ਨਹੀਂ ਕੱਢੀ ਜਾ ਰਹੀ l ਪੀਣ ਵਾਲਾ ਪਾਣੀ ਲੋਕਾਂ ਦੀ ਮੁੱਢਲੀ ਤੇ ਅਣਸਰਦੀ ਦੀ ਲੋੜ ਹੈ,ਜਿਸ ਪ੍ਰਤੀ ਪ੍ਰਸ਼ਾਸਨ ਦਾ ਵਤੀਰਾ ਜਿੰਮੇਵਾਰਾਨਾ ਨਹੀਂ ਹੈ l ਸ਼ਹਿਰ ਦੇ ਲਾਇਨੋ ਪਾਰ ਇਲਾਕਿਆਂ ਜਿਵੇਂ ਲਾਲ ਸਿੰਘ ਬਸਤੀ,ਸੰਗੂਆਣਾ ਬਸਤੀ,ਅਮਰਪੁਰਾ,ਸੰਜੇ ਨਗਰ,ਵਰਧਮਾਨ ਕਲੌਨੀ,ਜਨਤਾ ਨਗਰ,ਪਰਸਰਾਮ ਨਗਰ ਸੁਰਖ਼ਪੀਰ ਰੋਡ,ਮੁਲਤਾਨੀਆ ਰੋਡ ਆਦਿ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚਲਦੀ ਰਹਿੰਦੀ ਹੈ,ਜੋ ਨਹਿਰੀ ਬੰਦੀ ਦੌਰਾਨ ਹੋਰ ਵੱਧ ਗੰਭੀਰ ਹੋ ਜਾਂਦੀ ਹੈ l ਨਹਿਰੀ ਬੰਦੀ ਦੌਰਾਨ ਪਾਣੀ ਸਪਲਾਈ ਦੀ ਕੋਈ ਸਮਾਂਸਾਰਨੀ ਵੀ ਨਿਰਧਾਰਿਤ ਨਹੀਂ ਕੀਤੀ ਜਾਂਦੀ l ਨਹਿਰ ਬੰਦ ਕਰਨ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਜਾਂ ਕਿਸਾਨਾਂ ਤੋਂ ਕੋਈ ਰਾਇ ਨਹੀਂ ਲਈ ਜਾਂਦੀ l ਹੋਰ ਤਾਂ ਹੋਰ ਇਸ ਨਹਿਰਬੰਦੀ ਨੂੰ ਸੰਬੰਧਿਤ ਅਧਿਕਾਰੀ ਹੋਰ ਵਧਾ ਸਕਦੇ ਹਨ l ਥਰਮਲ ਦੀਆਂ ਝੀਲਾਂ ਤੇ ਪਾਣੀ ਨੂੰ ਰੋਜ਼ ਗਾਰਡਨ ਦੀਆਂ ਡਿੱਗੀਆਂ ਨਾਲ ਜੋੜੇ ਜਾਣ ਦਾ ਪ੍ਰੋਜੈਕਟ ਵੀ ਅਜੇ ਅੱਧ ਵਿਚਾਲੇ ਲੜਕਿਆ ਪਿਆ ਹੈ। ਵਫਦ ਨੇ ਮੰਗ ਕੀਤੀ ਕਿ ਸ਼ਹਿਰ ਅੰਦਰ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪਾਣੀ ਦੇ ਟੈਂਕਾਂ ਦੀ ਸਮਰਥਾ ਵਧਾਈ ਜਾਵੇ l ਬੇਤਰਤੀਬੇ ਤੇ ਬੇਢੰਗੇ ਤਰੀਕੇ ਨਾਲ ਕੀਤੀ ਨਹਿਰੀਬੰਦੀ ਜਲਦੀ ਖੁਲ੍ਹਵਾ ਕੇ ਲੋਕਾਂ ਦੇ ਘਰਾਂ ਚ ਪਾਣੀ ਪਹੁੰਚਦਾ ਕੀਤਾ ਜਾਵੇ l

ਸਾਂਝਾ ਕਰੋ

ਪੜ੍ਹੋ