ਨਵੀਂ ਦਿੱਲੀ, 18 ਨਵੰਬਰ – ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚਾਹ ਭਾਰਤ ਦੀਆਂ ਰਗਾਂ ਵਿੱਚ ਦੌੜਦੀ ਹੈ। ਇੱਕ ਔਸਤ ਭਾਰਤੀ ਲਈ ਦਿਨ ਦੀ ਸ਼ੁਰੂਆਤ ਚਾਹ ਦੇ ਗਰਮ ਕੱਪ ਤੋਂ ਬਿਨਾਂ ਅਧੂਰੀ ਰਹਿੰਦੀ ਹੈ। ਘਰੋਂ ਨਿਕਲਦੇ ਸਮੇਂ ਚਾਹ ਦਾ ਕੱਪ, ਦਫ਼ਤਰ ਪਹੁੰਚਣ ਤੋਂ ਬਾਅਦ ਇਕ ਕੱਪ ਤੇ ਸ਼ਾਮ ਨੂੰ ਥਕਾਵਟ ਦੂਰ ਕਰਨ ਲਈ ‘ਚਾਹ’ ਦਾ ਕੱਪ। ਗੱਲ ਕੀ ਇਹ ਹਰ ਪਲ ਸਾਡੇ ਨਾਲ ਰਹਿੰਦਾ ਹੈ।ਭਾਰਤੀ ਚਾਹ ਦਾ ਸਵਾਦ ਇੰਨਾ ਵਿਲੱਖਣ ਹੈ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸਿਰਫ਼ ਇੱਕ ਡ੍ਰਿੰਕ ਨਹੀਂ, ਆਪਣੇ ਆਪ ਵਿੱਚ ਇੱਕ ਅਨੁਭਵ ਹੈ।
ਅੱਜ ਕੱਲ੍ਹ ਭਾਰਤੀ ਮਸਾਲਾ ਚਾਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਈ ਹੈ। ਬਹੁਤ ਸਾਰੇ ਦੇਸ਼ਾਂ ਵਿੱਚ “ਚਾਈ” ਸ਼ਬਦ ਦਾ ਅਰਥ ਭਾਰਤੀ ਸ਼ੈਲੀ ਦੀ ਚਾਹ ਲਈ ਆਇਆ ਹੈ। ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿੱਚ ਚਾਹ ਦੀ ਪ੍ਰਸਿੱਧੀ ਇੰਨੀ ਪੁਰਾਣੀ ਨਹੀਂ ਹੈ। ਕੁਝ ਦਹਾਕੇ ਪਹਿਲਾਂ ਤੱਕ ਬਹੁਤ ਸਾਰੇ ਭਾਰਤੀਆਂ ਨੇ ਚਾਹ ਦਾ ਸੁਆਦ ਵੀ ਨਹੀਂ ਚੱਖਿਆ ਸੀ। ਬ੍ਰਿਟਿਸ਼ ਸ਼ਾਸਨ ਦੌਰਾਨ ਚਾਹ ਭਾਰਤ ਵਿੱਚ ਆਈ ਤੇ ਉਦੋਂ ਤੋਂ ਇਸ ਵਿੱਚ ਕਈ ਬਦਲਾਅ ਹੋਏ ਹਨ। ਅੱਜ ਇਹ ਪੂਰੀ ਦੁਨੀਆ ਵਿੱਚ ‘ਭਾਰਤੀ ਚਾਹ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਆਓ ਇਸ ਲੇਖ ਵਿਚ ਇਸ ਸੁਆਦੀ ਚਾਹ ਦੇ ਦਿਲਚਸਪ ਇਤਿਹਾਸ ਨੂੰ ਜਾਣਦੇ ਹਾਂ।
ਗ਼ਲਤੀ ਨਾਲ ਹੋਈ ਸੀ ਚਾਹ ਦੀ ਖੋਜ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚਾਹ ਦਾ ਇਤਿਹਾਸ ਬ੍ਰਿਟੇਨ ਨਾਲ ਨਹੀਂ ਸਗੋਂ ਚੀਨ ਨਾਲ ਜੁੜਿਆ ਹੋਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਚਾਹ ਦੀ ਖੋਜ 2732 ਈਸਾ ਪੂਰਵ ਵਿੱਚ ਚੀਨੀ ਸ਼ਾਸਕ ਸ਼ੇਂਗ ਨੁੰਗ ਨੇ ਇੱਕ ਅਣਜਾਣ ਪ੍ਰਯੋਗ ਦੌਰਾਨ ਕੀਤੀ ਸੀ, ਕਿਹਾ ਜਾਂਦਾ ਹੈ ਕਿ ਉਸ ਨੇ ਗ਼ਲਤੀ ਨਾਲ ਇੱਕ ਜੰਗਲੀ ਪੌਦੇ ਦੇ ਪੱਤੇ ਉਬਲਦੇ ਪਾਣੀ ਵਿੱਚ ਸੁੱਟ ਦਿੱਤੇ ਤੇ ਅਚਾਨਕ ਉਸ ਨੂੰ ਇੱਕ ਸ਼ਾਨਦਾਰ ਖੁਸ਼ਬੂ ਮਹਿਸੂਸ ਹੋਈ। ਪਾਣੀ ਦਾ ਰੰਗ ਵੀ ਬਦਲ ਗਿਆ ਸੀ। ਉਤਸੁਕਤਾ ਦੇ ਕਾਰਨ ਉਸ ਨੇ ਇਸ ਡਰਿੰਕ ਨੂੰ ਅਜ਼ਮਾਇਆ ਤੇ ਇਸ ਨੂੰ ਇਨ੍ਹਾਂ ਪਸੰਦ ਕੀਤਾ ਕਿ ਉਸ ਨੇ ਇਸ ਨੂੰ ਨਿਯਮਤ ਤੌਰ ‘ਤੇ ਪੀਣਾ ਸ਼ੁਰੂ ਕਰ ਦਿੱਤਾ।
ਭਾਰਤ ‘ਚ ਚਾਹ ਦਾ ਇਤਿਹਾਸ
ਅਸੀਂ ਸਾਰੇ ਜਾਣਦੇ ਹਾਂ ਕਿ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਭਾਰਤ ਵਿੱਚ ਚਾਹ ਦੀ ਆਮਦ ਹੋਈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਚਾਹ 1200 ਤੋਂ 1600 ਤੱਕ ਪੀਤੀ ਜਾਂਦੀ ਸੀ। ਆਸਾਮ ਵਰਗੇ ਉੱਤਰ-ਪੂਰਬੀ ਰਾਜਾਂ ਵਿੱਚ, ਚਾਹ ਜੰਗਲਾਂ ਵਿੱਚ ਆਪ-ਮੁਹਾਰੇ ਉੱਗਦੀ ਸੀ। ਸਿੰਫੋ ਆਦਿਵਾਸੀ ਭਾਈਚਾਰੇ ਸਮੇਤ ਕਈ ਹੋਰ ਕਬਾਇਲੀ ਸਮੂਹਾਂ ਨੇ ਇਸ ਜੰਗਲੀ ਚਾਹ ਨੂੰ ਇਸ ਦੇ ਸਿਹਤ ਲਾਭਾਂ ਲਈ ਪੀਤਾ। ਯੂਰਪ, ਮੱਧ ਪੂਰਬ ਤੇ ਚੀਨ ਨਾਲ ਵਪਾਰਕ ਮਾਰਗਾਂ ਕਾਰਨ ਭਾਰਤੀ ਸ਼ਹਿਰਾਂ ਵਿੱਚ ਚਾਹ ਪੀਣ ਦੇ ਸਬੂਤ ਹਨ। ਉਦਾਹਰਨ ਲਈ 17ਵੀਂ ਸਦੀ ਦੇ ਅੰਤ ਵਿੱਚ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਲੋਕ ਪੇਟ ਦਰਦ ਤੇ ਸਿਰ ਦਰਦ ਵਰਗੀਆਂ ਬਿਮਾਰੀਆਂ ਲਈ ਚੀਨ ਤੋਂ ਦਰਾਮਦ ਕੀਤੀ ਚਾਹ ਦੀ ਵਰਤੋਂ ਕਰਦੇ ਸਨ।
ਬ੍ਰਿਟਿਸ਼ ਰਾਜ ਤੇ ਭਾਰਤੀ ਚਾਹ ਉਦਯੋਗ ਦਾ ਜਨਮ
ਭਾਰਤ ਵਿੱਚ ਉਦਯੋਗਿਕ ਚਾਹ ਦੇ ਉਤਪਾਦਨ ਦਾ ਇਤਿਹਾਸ ਬ੍ਰਿਟਿਸ਼ ਸਾਮਰਾਜ ਤੇ ਚੀਨ ਵਿਚਕਾਰ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਚੀਨ ਨਾਲ ਚਾਹ ਦੇ ਵਪਾਰ ਵਿੱਚ ਵਿਘਨ ਦਾ ਸਾਹਮਣਾ ਕਰਦੇ ਹੋਏ, ਅੰਗਰੇਜ਼ਾਂ ਨੇ ਆਸਾਮ ਦੇ ਜੰਗਲਾਂ ਵਿੱਚ ਚਾਹ ਬੀਜਣੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿੱਚ ਜ਼ਿਆਦਾਤਰ ਭਾਰਤੀ ਚਾਹ ਨਿਰਯਾਤ ਲਈ ਪੈਦਾ ਕੀਤੀ ਜਾਂਦੀ ਸੀ ਤੇ ਘਰੇਲੂ ਬਾਜ਼ਾਰ ਵਿੱਚ ਬਹੁਤ ਘੱਟ ਖਪਤ ਹੁੰਦੀ ਸੀ। ਹਾਲਾਂਕਿ 20ਵੀਂ ਸਦੀ ਦੇ ਸ਼ੁਰੂ ਵਿੱਚ ਵਿਸ਼ਵ ਆਰਥਿਕ ਮੰਦੀ ਕਾਰਨ, ਚਾਹ ਉਤਪਾਦਕਾਂ ਨੂੰ ਘਰੇਲੂ ਬਾਜ਼ਾਰ ‘ਤੇ ਧਿਆਨ ਕੇਂਦਰਿਤ ਕਰਨਾ ਪਿਆ। ਇਸ਼ਤਿਹਾਰਾਂ ਰਾਹੀਂ ਚਾਹ ਦੀ ਪ੍ਰਸਿੱਧੀ ਵਧਾਉਣ ਦੇ ਯਤਨ ਕੀਤੇ ਗਏ ਤੇ ਹੌਲੀ-ਹੌਲੀ ਭਾਰਤੀਆਂ ਵਿੱਚ ਚਾਹ ਪੀਣ ਦੀ ਆਦਤ ਪੈਦਾ ਹੋ ਗਈ।
ਭਾਰਤੀਆਂ ਨੇ ਚਾਹ ਨੂੰ ਦਿੱਤਾ ਨਵਾਂ ਸਵਾਦ
ਭਾਰਤੀ ਚਾਹ ਬਣਾਉਣ ਦਾ ਆਪਣਾ ਅਨੋਖਾ ਤਰੀਕਾ ਲੈ ਕੇ ਆਏ ਹਨ। ਉਹ ਚਾਹ ਦੀਆਂ ਪੱਤੀਆਂ ਨੂੰ ਦੁੱਧ ਵਿੱਚ ਉਬਾਲਣ ਦੀ ਬਜਾਏ ਸਿੱਧੇ ਪਾਣੀ ਵਿੱਚ ਉਬਾਲਣ ਨੂੰ ਤਰਜੀਹ ਦਿੰਦੇ ਸਨ। ਉਨ੍ਹਾਂ ਨੇ ਬੇਸ਼ੱਕ ਅੰਗਰੇਜ਼ਾਂ ਤੋਂ ਦੁੱਧ ਤੇ ਚੀਨੀ ਨੂੰ ਮਿਲਾਉਣ ਦੀ ਵਿਧੀ ਸਿੱਖੀ ਸੀ ਪਰ ਭਾਰਤੀਆਂ ਨੇ ਇਸ ਵਿੱਚ ਆਪਣੇ ਤੌਰ ‘ਤੇ ਬਦਲਾਅ ਕੀਤੇ। ਉਸ ਨੇ ਚਾਹ ਦੀ ਤਾਕਤ ਵਧਾਉਣ ਲਈ ਚਾਹ ਪੱਤੀਆਂ ਦੀ ਮਾਤਰਾ ਵਧਾ ਦਿੱਤੀ। ਭਾਰਤੀ ਚਾਹ ਵਿਕਰੇਤਾਵਾਂ ਨੇ ਇਸ ਵਿੱਚ ਸਥਾਨਕ ਮਸਾਲੇ ਪਾ ਕੇ ਚਾਹ ਦਾ ਸੁਆਦ ਵਧਾਇਆ। ਉਨ੍ਹਾਂ ਨੇ ਚਾਹ ਨੂੰ ਅਦਰਕ, ਇਲਾਇਚੀ, ਦਾਲਚੀਨੀ, ਲੌਂਗ ਤੇਜ਼ ਪੱਤੇ ਵਰਗੀਆਂ ਚੀਜ਼ਾਂ ਨਾਲ ਉਬਾਲਿਆ। ਇਹੀ ਕਾਰਨ ਹੈ ਕਿ ਸਾਡੀ ਮਸਾਲਾ ਚਾਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮਸਾਲਾ ਚਾਹ ਪਹਿਲੀ ਵਾਰ ਕਿੱਥੇ ਤੇ ਕਿਵੇਂ ਬਣਾਈ ਗਈ ਸੀ।